ਗਰਮੀ ਅਤੇ ਪ੍ਰਸ਼ਾਸਨਿਕ ਲਾਪਰਵਾਹੀ ਨੇ ਲਈ ਡਰਾਈਵਰ ਦੀ ਜਾਨ
ਗੁਰਦਾਸਪੁਰ ਦੀ ਦਾਣਾ ਮੰਡੀ ਵਿੱਚ ਟਰੱਕ ਡਰਾਈਵਰ ਦੀ ਮੌਤ
ਰੋਹਿਤ ਗੁਪਤਾ
ਗੁਰਦਾਸਪੁਰ , 26 ਅਪ੍ਰੈਲ 2026 :
ਗੁਰਦਾਸਪੁਰ ਦੀ ਦਾਣਾ ਮੰਡੀ ਵਿੱਚ ਪਿਛਲੇ ਕਈ ਦਿਨਾਂ ਤੋਂ ਆਪਣੀ ਵਾਰੀ ਦੀ ਉਡੀਕ ਕਰ ਰਹੇ ਇੱਕ ਟਰੱਕ ਡਰਾਈਵਰ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਨ ਗੁਰਦੀਪ ਸਿੰਘ (50)ਵਜੋਂ ਹੋਈ ਹੈ ਜੋ ਕਿ ਪਿੰਡ ਪੱਚੋ ਚੱਕ ਦਾ ਰਹਿਣ ਵਾਲਾ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦੀਪ ਸਿੰਘ ਪਿਛਲੇ 4-5 ਦਿਨਾਂ ਤੋਂ ਦਾਣਾ ਮੰਡੀ ਗੁਰਦਾਸਪੁਰ ਵਿੱਚ ਸਥਿਤ ਵੇਅਰ ਹਾਊਸ ਦੇ ਗੋਦਾਮਾ ਵਿੱਚ ਆਪਣੀ ਗੱਡੀ ਖਾਲੀ ਹੋਣ ਦੀ ਉਡੀਕ ਕਰ ਰਿਹਾ ਸੀ। ਮ੍ਰਿਤਕ ਦੇ ਪੁੱਤਰ ਸਰਬਜੀਤ ਸਿੰਘ ਨੇ ਦੱਸਿਆ ਕਿ ਉਸਦੇ ਪਿਤਾ ਰਾਤ ਨੂੰ ਟਰੱਕ ਵਿੱਚ ਹੀ ਸੁੱਤੇ ਸਨ, ਪਰ ਸਵੇਰੇ ਜਦੋਂ ਉਹਨਾਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਦੇ ਮੂੰਹ ਵਿੱਚੋਂ ਖੂਨ ਨਿਕਲ ਰਿਹਾ ਸੀ ਜਿਸ ਤੋਂ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਉਹਨਾਂ ਨੂੰ ਦਿਲ ਦਾ ਦੌਰਾ ਪਿਆ ਹੈ।ਮੌਕੇ 'ਤੇ ਮੌਜੂਦ ਹੋਰ ਟਰੱਕ ਡਰਾਈਵਰ ਸਾਥੀਆਂ ਨੇ ਪ੍ਰਸ਼ਾਸਨ ਅਤੇ ਖਰੀਦ ਏਜੰਸੀਆਂ ਵਿਰੁੱਧ ਭਾਰੀ ਰੋਸ ਪ੍ਰਗਟਾਇਆ ਹੈ। ਉਹਨਾਂ ਦਾ ਕਹਿਣਾ ਹੈ ਕਿ ਡਰਾਈਵਰ 20-21 ਤਰੀਕ ਤੋਂ ਮੰਡੀਆਂ ਵਿੱਚ ਬੈਠੇ ਹਨ।ਪਰ 5-6 ਦਿਨ ਬੀਤ ਜਾਣ ਦੇ ਬਾਵਜੂਦ ਗੱਡੀਆਂ ਖਾਲੀ ਨਹੀਂ ਕੀਤੀਆਂ ਜਾ ਰਹੀਆਂ।ਅੱਤ ਦੀ ਗਰਮੀ ਅਤੇ ਧੂੜ-ਮਿੱਟੀ ਕਾਰਨ ਡਰਾਈਵਰਾਂ ਦਾ ਹਾਲ ਬੇਹਾਲ ਹੈ।ਚੋਰੀ ਦੇ ਡਰ ਕਾਰਨ ਡਰਾਈਵਰਾਂ ਨੂੰ ਮਜਬੂਰਨ ਗੱਡੀਆਂ ਦੇ ਅੰਦਰ ਜਾਂ ਨੇੜੇ ਹੀ ਸੌਣਾ ਪੈਂਦਾ ਹੈ। ਵੇਅਰਹਾਊਸ ਅਤੇ ਆੜ੍ਹਤੀਆਂ ਵਿਚਾਲੇ ਜਗ੍ਹਾ ਦੀ ਕਮੀ ਦੇ ਵਿਵਾਦ ਕਾਰਨ ਡਰਾਈਵਰਾਂ ਨੂੰ ਬਿਨਾਂ ਕਿਸੇ ਕਸੂਰ ਦੇ ਖਾਮਿਆਜ਼ਾ ਭੁਗਤਣਾ ਪੈ ਰਿਹਾ ਹੈ।ਮੌਜੂਦ ਡਰਾਈਵਰਾਂ ਨੇ ਮੰਗ ਕੀਤੀ ਹੈ ਕਿ ਮੰਡੀਆਂ ਵਿੱਚ ਫਸਲ ਦੀ ਲਿਫਟਿੰਗ ਅਤੇ ਗੱਡੀਆਂ ਖਾਲੀ ਕਰਨ ਦੇ ਕੰਮ ਵਿੱਚ ਤੇਜ਼ੀ ਲਿਆਂਦੀ ਜਾਵੇ ਤਾਂ ਜੋ ਅੱਤ ਦੀ ਗਰਮੀ ਵਿੱਚ ਕਿਸੇ ਹੋਰ ਕੀਮਤੀ ਜਾਨ ਦਾ ਨੁਕਸਾਨ ਨਾ ਹੋਵੇ।
Click to Follow Babushahi Facebook page →