Election Special ਕੈਪਟਨ ਦੀ ਗੁੱਡੀ ਅੰਬਰੀ ਚਾੜ੍ਹਨ ਵਾਲੇ ਪ੍ਰਸ਼ਾਂਤ ਕਿਸ਼ੋਰ ਦੀ ਆਪਣੀ ਸਿਆਸੀ ਪਤੰਗ ਕੱਟੀ
ਅਸ਼ੋਕ ਵਰਮਾ
ਬਠਿੰਡਾ, 15 ਨਵੰਬਰ 2025: ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਕੈਪਟਨ ਅਮਰਿੰਦਰ ਸਿੰਘ ਦੀ ਸਿਆਸੀ ਗੱਡੀ ਅੰਬਰੀਂ ਚੜਾ੍ਹਉਣ ਵਾਲੇ ਪ੍ਰਸ਼ਾਂਤ ਕਿਸ਼ੋਰ ਦੀ ਜਨ ਸੁਰਾਜ ਪਾਰਟੀ ਦੇ ਜਿਆਦਾਤਰ ਉਮੀਦਵਾਰਾਂ ਦੀਆਂ ਜਮਾਨਤਾਂ ਜਬਤ ਹੋਣ ਕਾਰਨ ਇਸ ਚੋਣ ਰਣਨੀਤਕਾਰ ਦੀ ਚਾਣਕੀਆ ਨੀਤੀ ਤੇ ਪ੍ਰਸ਼ਨ ਚਿੰਨ੍ਹ ਲੱਗ ਗਿਆ ਹੈ। ਪੰਜਾਬ ’ਚ ਟੀਮ ਪ੍ਰਸ਼ਾਂਤ ਕਿਸ਼ੋਰ ਦੀ ਰਣਨੀਤੀ ਐਨੀ ਜਬਰਦਸਤ ਸੀ ਕਿ ਲਗਾਤਾਰ 10 ਸਾਲ ਸੱਤਾ ਤੋਂ ਦੂਰ ਰਹੀ ਕਾਂਗਰਸ 77 ਸੀਟਾਂ ਜਿੱਤਣ ’ਚ ਸਫਲ ਰਹੀ ਸੀ। ਉਦੋਂ ਖੁਦ ਨੂੰ ਸੱਤਾ ਦੀ ਵੱਡੀ ਦਾਅਵੇਦਾਰ ਮੰਨਣ ਵਾਲੀ ਆਮ ਆਦਮੀ ਪਾਰਟੀ ਸਿਰਫ 20 ਸੀਟਾਂ ਜਿੱਤ ਸਕੀ ਜਦੋਂਕਿ ਅਕਾਲੀ ਭਾਜਪਾ ਗਠਜੋੜ 18 ਸੀਟਾਂ ਤੇ ਸਿਮਟ ਗਿਆ ਸੀ। ਇਸ ਬੰਪਰ ਜਿੱਤ ਦਾ ਅਸਰ ਸੀ ਕਿ ਸੰਸਦੀ ਚੋਣਾਂ 2019 ਦੌਰਾਨ ਕਾਂਗਰਸ 13 ਚੋਂ 8ਸੀਟਾਂ ਜਿੱਤ ਗਈ ਸੀ। ਸਿਆਸੀ ਹਲਕੇ ਵੀ ਕਾਂਗਰਸ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਚੜ੍ਹਤ ਪਿੱਛੇ ਪ੍ਰਸ਼ਾਂਤ ਕਿਸ਼ੋਰ ਦਾ ਹੱਥ ਹੀ ਮੰਨਦੇ ਹਨ।
ਆਪਣੇ ਹੁਣ ਤੱਕ ਦੇ ਸਫਰ ਦੌਰਾਨ ਇੱਕ ਚੋਣ ਰਣਨੀਤੀਕਾਰ ਵਜੋਂ ਪ੍ਰਸ਼ਾਂਤ ਕਿਸ਼ੋਰ ਨੇ ਕਈ ਪਾਰਟੀਆਂ ਨੂੰ ਸਫਲਤਾ ਦਿਵਾਉਣ ’ਚ ਭੂਮਿਕਾ ਨਿਭਾਈ ਹੈ। ਸਾਲ 2014 ਵਿੱਚ ਭਾਜਪਾ ਦੀ ਚੋਣ ਮੁਹਿੰਮ ਦੀ ਜ਼ਿੰਮੇਵਾਰੀ ਸੰਭਾਲਣ ਅਤੇ ‘ਚਾਹ ਪੇ ਚਰਚਾ’ ਦੇ ਸਫਲ ਸਿਆਸੀ ਤਜ਼ਰਬੇ ਨੇ ਪ੍ਰਸ਼ਾਂਤ ਨੂੰ ਸੁਰਖੀਆਂ ਵਿੱਚ ਲਿਆਂਦਾ। ਪ੍ਰਸ਼ਾਂਤ ਕਿਸ਼ੋਰ ਨੇ ਆਂਧਰਾ ਪ੍ਰਦੇਸ਼ ਵਿੱਚ ਵਾਈਐਸਆਰਸੀਪੀ ਦੇ ਜਗਨ ਮੋਹਨ ਰੈਡੀ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਸਫਲਤਾ ਦਿਵਾਈ। ਸਾਲ 2015 ਦੌਰਾਨ ਬਿਹਾਰ ਵਿੱਚ ਨਿਤੀਸ਼ ਅਤੇ ਲਾਲੂ ਨੂੰ ਇਕੱਠੇ ਲਿਆਕੇ ‘ਬਿਹਾਰ ਹੈ ਨਿਤੀਸ਼ ਕੁਮਾਰ ਹੈ’ ਦਾ ਨਾਅਰਾ ਦੇਕੇ,ਪ੍ਰਸ਼ਾਂਤ ਕਿਸ਼ੋਰ ਵੱਲੋਂ ਭਾਜਪਾ ਨੂੰ ਜਬਰਦਸਤ ਸਿਆਸੀ ਧੋਬੀ ਪਟਕਾ ਮਾਰਨ ’ਚ ਸਫਲ ਰਹਿਣ ਦੀ ਸੱਟ ਅੱਜ ਵੀ ਭਗਵਾ ਪਾਰਟੀ ਦੇ ਆਗੂਆਂ ਨੂੰ ਚੁਭ ਰਹੀ ਹੈ। ਹਾਲਾਂਕਿ ਇਸ ਦੌਰਾਨ ਉੱਤਰ ਪ੍ਰਦੇਸ਼ ਵਿੱਚ ਯੂਪੀ ਦੇ ਪੁੱਤਰ ਦਾ ਸਿਆਸੀ ਤਜ਼ਰਬਾ ਬੁਰੀ ਤਰਾਂ ਫੇਲ੍ਹ ਵੀ ਰਿਹਾ ਹੈ।
ਹੁਣ ਗੱਲ ਬਿਹਾਰ ਚੋਣ ਨਤੀਜਿਆਂ ਦੀ ਕਰੀਏ ਜਿੰਨ੍ਹਾਂ ਪੁਣਛਾਣ ਕਰਨ ਤੇ ਸਾਹਮਣੇ ਆਏ ਤੱਥ ਦੱਸਦੇ ਹਨ ਕਿ ਸੂਬਿਆਂ ’ਚ ਆਪਣਾ ਜਲਵਾ ਦਿਖਾਉਣ ਪਿੱਛੋਂ ਚੋਣ ਰਣਨੀਤੀਕਾਰ ਦਾ ਕੰਮ ਛੱਡਕੇ ਪ੍ਰਸ਼ਾਂਤ ਕਿਸ਼ੋਰ ਨੇ ਜਨ ਸੁਰਾਜ ਪਾਰਟੀ ਦੇ ਬਿਹਾਰ ਚੋਣਾਂ ਦੌਰਾਨ ਅਰਸ਼ ਜਾਂ ਫਰਸ਼ ਤੇ ਰਹਿਣ ਦੀ ਭਵਿੱਖਬਾਣੀ ਕੀਤੀ ਸੀ । ਉਦੋਂ ਜਾਪਿਆ ਸੀ ਕਿ ਰਾਜਨੀਤੀ ਵਿੱਚ ਬਿਹਾਰ ਦੇ ਮੂਲ ਮੁੱਦਿਆਂ ਨੂੰ ਵਾਪਿਸ ਲਿਆਉਣ ਵਾਲੇ ਪ੍ਰਸ਼ਾਂਤ ਕਿਸ਼ੋਰ ਇੱਕ ਨਿਵੇਕਲੀ ਸਿਆਸਤ ਦੀ ਨੀਂਹ ਰੱਖਣ ’ਚ ਸਫਲ ਰਹਿਣਗੇ। ਹੈਰਾਨੀ ਵਾਲੀ ਗੱਲ ਹੈ ਕਿ ਇਸ ਦੌਰਾਨ ਉਨ੍ਹਾਂ ਦੇ ਮੁੱਦੇ ਤਾਂ ਖੂਬ ਚੱਲੇ ਪਰ ਪਾਰਟੀ ਨਾਂ ਚੱਲ ਸਕੀ ਅਤੇ ਖਾਤਾ ਖੁੱਲ੍ਹਣਾ ਤਾਂ ਦੂਰ 238 ਉਮੀਦਵਾਰਾਂ ਵਿੱਚੋਂ ਸਿਰਫ਼ ਪੰਜ ਹੀ ਆਪਣੀਆਂ ਜ਼ਮਾਨਤਾਂ ਬਚਾ ਸਕੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਤਿੰਨ ਸਾਲ ਪਹਿਲਾਂ ਜਨਤਾ ਦਲ ਯੂਨਾਈਟਡ ਤੋਂ ਮੋਹ ਭੰਗ ਹੋਣ ਮਗਰੋਂ ਪ੍ਰਸ਼ਾਂਤ ਨੇ ਆਪਣੇ ਜੱਦੀ ਸੂਬੇ ਬਿਹਾਰ ਦੀ ਰਾਜਨੀਤੀ ’ਚ ਆਉਣ ਦਾ ਫੈਸਲਾ ਲਿਆ ਸੀ।
ਆਪਣੇ ਪੈਦਲ ਮਾਰਚਾਂ ਅਤੇ ਮੁੱਦੇ ਉਠਾਉਣ ਨਾਲ ਉਨ੍ਹਾਂ ਬਿਹਾਰ ਦੀ ਰਾਜਨੀਤੀ ਵਿੱਚ ਸਨਸਨੀ ਪੈਦਾ ਕਰ ਦਿੱਤੀ। ਬਿਹਾਰ ਵਿੱਚ ਪਹਿਲੀ ਵਾਰ ਵਿਰੋਧੀ ਮਹਾਂਗਠਜੋੜ ਨੂੰ ਪ੍ਰਵਾਸ ਅਤੇ ਬੇਰੁਜ਼ਗਾਰੀ ਵਰਗੇ ਮੁੱਦਿਆਂ ਦੇ ਅਧਾਰ ’ਤੇ ਆਪਣੀ ਰਣਨੀਤੀ ਬਦਲਣ ਲਈ ਮਜਬੂਰ ਹੋਣਾ ਪਿਆ। ਦੋਵਾਂ ਗਠਜੋੜਾਂ ਨੇ ਬੇਰੁਜ਼ਗਾਰੀ ਅਤੇ ਪ੍ਰਵਾਸ ਰੋਕਣ ਲਈ ਵੱਡੇ-ਵੱਡੇ ਵਾਅਦੇ ਕੀਤੇ। ਪ੍ਰਸ਼ਾਂਤ ਦੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੇ ਵੀ ਨਿਤੀਸ਼ ਕੁਮਾਰ ਸਰਕਾਰ ਨੂੰ ਵਖਤ ਪਾਈ ਰੱਖਿਆ। ਆਪਣੇ ਸਿਆਸੀ ਸਫਰ ਦੌਰਾਨ ਪ੍ਰਸ਼ਾਂਤ ਨੇ ਪੂਰੇ ਬਿਹਾਰ ਦਾ ਦੌਰਾ ਕੀਤਾ ਅਤੇ 1 ਕਰੋੜ ਮੈਂਬਰ ਭਰਤੀ ਕਰਨ ਦੇ ਦਾਅਵੇ ਕੀਤੇ ਸਨ ਪਰ ਉਨ੍ਹਾਂ ਦੀ ਪਾਰਟੀ ਔਵੈਸੀ ਅਤੇ ਬਹੁਜਨ ਸਮਾਜ ਪਾਰਟੀ ਤੋਂ ਵੀ ਪਤੜ ਗਈ। ਬਿਹਾਰ ਚੋਣਾਂ ਦੌਰਾਨ ਪ੍ਰਸ਼ਾਂਤ ਕਿਸ਼ੋਰ ਵੱਲੋਂ ਦਿੱਤੇ ਬਿਆਨ ਵੀ ਚਰਚਿਆਂ ਵਿੱਚ ਰਹੇ। ਮਹਾਂਗਠਬੰਧਨ ਤਰਫੋਂ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਤੇਜਸਵੀ ਯਾਦਵ ਅਤੇ ਡਿਪਟੀ ਮੁੱਖ ਮੰਤਰੀ ਸਮਰਾਟ ਚੌਧਰੀ ਦੀ ਵਿੱਦਿਅਕ ਯੋਗਤਾ ਸਬੰਧੀ ਚੁੱਕੇੇ ਸਵਾਲ ਵੀ ਖੂਬ ਚਰਚਾ ਹੁੰਦੀ ਰਹੀ।
ਜਨ ਸੁਰਾਜ ਪਾਰਟੀ ਦੇ ਦਾਅਵੇ
ਪਾਰਟੀ ਦਾ ਦਾਅਵਾ ਹੈ ਕਿ ਪ੍ਰਸ਼ਾਂਤ ਕਿਸ਼ੋਰ ਨੇ 5 ਮਈ 2022 ਤੋਂ 2 ਅਕਤੂਬਰ 2024 ਤੱਕ 6 ਹਜ਼ਾਰ ਕਿਲੋਮੀਟਰ ਪੈਦਲ ਯਾਤਰਾ ਰਾਹੀਂ 5 ਹਜ਼ਾਰ ਪਿੰਡਾਂ ਵਿੱਚ ਮੀਟਿੰਗਾਂ ਕੀਤੀਆਂ । ਆਪਣੀ ਪੂਰੀ ਚੋਣ ਮੁਹਿੰਮ ਸੜਕ ਰਾਹੀਂ ਚਲਾਉਣ ਅਤੇ ਬਿਹਾਰ ਦੀ ਖਾਕ ਛਾਨਣ ਦੇ ਬਾਵਜੂਦ ਨਤੀਜਾ ਸਿਫਰ ਰਿਹਾ। ਦੱਸਦੇ ਹਨ ਕਿ ਲੋਕਾਂ ਨੇ ਉਨ੍ਹਾਂ ਨੂੰ ਗੰਭੀਰਤਾ ਨਾਲ ਸੁਣਿਆ ਪਰ ਵੋਟਾਂ ਨਾਂ ਪਾਈਆਂ।
ਪੁੱਠੀ ਪਈ ਆਪਣੀ ਰਣਨੀਤੀ
ਹੋਰਨਾਂ ਨੂੰ ਸੱਤਾ ਤੱਕ ਪਹੁੰਚਾਉਣ ਵਾਲੇ ਪ੍ਰਸ਼ਾਂਤ ਕਿਸ਼ੋਰ ਨੂੰ ਆਪਣੀ ਹੀ ਰਣਨੀਤੀ ਪੁੱਠੀ ਪਈ ਜਾਪਦੀ ਹੈ। ਉਨ੍ਹਾਂ ਦਾਅਵਾ ਕੀਤਾ ਸੀ ਕਿ ਜਨਤਾ ਦਲ ਦੇ 25 ਸੀਟਾਂ ਜਿੱਤਣ ਤੇ ਉਹ ਰਾਜਨੀਤੀ ਤੋਂ ਸਨਿਆਸ ਲੈਣਗੇ ਜੋ ਉਲਟਾ ਪੈ ਗਿਆ। ਚੋਣਾਂ ਤੋਂ ਪਹਿਲਾਂ ਸਾਫ ਅਕਸ ਵਾਲਿਆਂ ਨੂੰ ਟਿਕਟਾਂ ਦੇਣ ਦੀ ਗੱਲ ਕਹੀ ਪਰ ਪਾਰਟੀ ਦੇ 108 ਉਮੀਦਵਾਰਾਂ ਦਾ ਅਪਰਾਧਿਕ ਰਿਕਾਰਡ ਹੈ। ਸੋਸ਼ਲ ਮੀਡੀਆ ਹਸਤੀਆਂ ਰਾਹੀਂ ਪ੍ਰਚਾਰ ਅਤੇ ਖੁਦ ਚੋਣ ਨਾਂ ਲੜਨਾ ਵੀ ਪੁੱਠਾ ਪਿਆ।
ਭਵਿੱਖ ਦੀ ਕੀ ਰਣਨੀਤੀ
ਬਿਹਾਰ ਚੋਣਾਂ ਦੇ ਨਤੀਜੇ ਆਉਣ ਤੋਂ ਪਹਿਲਾਂ ਸਭ ਸਿਆਸੀ ਧਿਰਾਂ ਲਈ ਸਨਸਨੀ ਬਣਕੇ ਉੱਭਰੇ ਪ੍ਰਸ਼ਾਂਤ ਕਿਸ਼ੋਰ ਦੀ ਹੁਣ ਅਗਲੀ ਰਣਨੀਤੀ ਕੀ ਹੈ ਇਸ ਤੇ ਨਜ਼ਰਾਂ ਟਿਕ ਗਈਆਂ ਹਨ। ਦੇਖਣਾ ਹੋਵੇਗਾ ਕਿ ਕੀ ਉਹ ਇਸ ਸਿਆਸੀ ਝਟਕੇ ਪਿੱਛੋਂ ਚੋਣ ਰਣਨੀਤੀਕਾਰ ਵਜੋਂ ਵਾਪਿਸ ਪਰਤਣਗੇ ਜਾਂ ਫਿਰ ਸਿਆਸੀ ਸੰਘਰਸ਼ ਜਾਰੀ ਰੱਖਿਆ ਜਾਏਗਾ।