ਡੀਐਸਜੀਐਮਸੀ ਵੱਲੋਂ ਅੱਧੀ ਸਦੀ ਤੋਂ ਸੇਵਾ ਨਿਭਾ ਰਹੇ ਕੀਰਤਨੀਏ ਜੱਥੇ ਦਾ ਸਨਮਾਨ
ਨਵੀਂ ਦਿੱਲੀ 12 ਜੁਲਾਈ,2026
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 23ਵੇਂ ਰਾਗ ਦਰਬਾਰ ਦੇ ਪਵਿੱਤਰ ਮੌਕੇ 'ਤੇ ਸਿੱਖ ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ ਹਰਜੀਤ ਸਿੰਘ, ਭਾਈ ਗੁਰਦੀਪ ਸਿੰਘ ਅਤੇ ਭਾਈ ਗੁਰਮੀਤ ਸਿੰਘ (ਭਾਈ ਸੰਤਾ ਸਿੰਘ ਸੰਗੀਤਕ ਘਰਾਣੇ ਨਾਲ ਸਬੰਧਿਤ) ਦੇ ਜੱਥੇ ਨੂੰ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਜੀ ਵਿਖੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ
ਭਾਈ ਹਰਜੀਤ ਸਿੰਘ, ਭਾਈ ਗੁਰਦੀਪ ਸਿੰਘ ਅਤੇ ਭਾਈ ਗੁਰਮੀਤ ਸਿੰਘ
ਨੇ ਲਗਭਗ ਪੰਜ ਦਹਾਕਿਆਂ ਤੋਂ ਲਗਾਤਾਰ ਗੁਰਬਾਣੀ ਕੀਰਤਨ ਦੀ ਸੇਵਾ ਨਿਭਾ ਕੇ ਸਿੱਖ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨ ਅਤੇ ਗੁਰੂ ਸਾਹਿਬ ਦੀ ਇਲਾਹੀ ਬਾਣੀ ਦਾ ਸੰਦੇਸ਼ ਘਰ-ਘਰ ਤੱਕ ਪਹੁੰਚਾਉਣ ਵਿੱਚ ਵਿਸ਼ੇਸ਼ ਵਡਮੁੱਲਾ ਯੋਗਦਾਨ ਪਾਇਆ ਹੈ, ਉਨ੍ਹਾਂ ਦੀ ਇਹ ਸਮਰਪਿਤ ਸੇਵਾ ਸਿੱਖ ਪੰਥ ਲਈ ਮਾਣ ਅਤੇ ਪ੍ਰੇਰਣਾ ਦਾ ਸਰੋਤ ਹੈ।
ਉਨ੍ਹਾਂ ਕਿਹਾ ਕਿ ਅਜਿਹੀਆਂ ਮਹਾਨ ਰੂਹਾਂ ਦਾ ਸਨਮਾਨ ਕਰਨਾ ਕੇਵਲ ਵਿਅਕਤੀਆਂ ਦਾ ਸਨਮਾਨ ਨਹੀਂ, ਸਗੋਂ ਗੁਰਬਾਣੀ ਕੀਰਤਨ ਦੀ ਉਸ ਮਹਾਨ ਪ੍ਰੰਪਰਾ ਨੂੰ ਨਮਨ ਕਰਨਾ ਹੈ ਜਿਸ ਨੇ ਸਦੀਆਂ ਤੋਂ ਸਿੱਖ ਕੌਮ ਦੀ ਆਤਮਿਕ ਵਿਰਾਸਤ ਨੂੰ ਜੀਵੰਤ ਰੱਖਿਆ ਹੋਇਆ ਹੈ।
ਇਸ ਮੌਕੇ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਭਾਈ ਸਾਹਿਬਾਨ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਵੀ ਪੂਰੀ ਨਿਸ਼ਠਾ, ਸਮਰਪਣ ਅਤੇ ਸੇਵਾ-ਭਾਵਨਾ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਆਂ ਹਨ। ਗੁਰੂ ਘਰ ਪ੍ਰਤੀ ਉਨ੍ਹਾਂ ਦਾ ਅਟੁੱਟ ਪ੍ਰੇਮ, ਡੂੰਘੀ ਸ਼ਰਧਾ ਅਤੇ ਬੇਦਾਗ਼ ਸ਼ਖਸੀਅਤ ਹਰ ਸਿੱਖ ਲਈ ਪ੍ਰੇਰਣਾਦਾਇਕ ਹੈ।
ਇਸ ਮੌਕੇ ਤੇ ਭਾਈ ਹਰਜੀਤ ਸਿੰਘ , ਭਾਈ ਗੁਰਦੀਪ ਸਿੰਘ ਜੀ, ਭਾਈ ਗੁਰਮੀਤ ਸਿੰਘ ਜੀ ਅਤੇ ਸਮੁੱਚੇ ਜੱਥੇ ਦੀ ਚੜ੍ਹਦੀ ਕਲਾ ਲਈ ਅਤੇ ਗੁਰਬਾਣੀ ਕੀਰਤਨ ਦੀ ਇਹ ਅਨਮੋਲ ਸੇਵਾ ਇਸੇ ਤਰ੍ਹਾਂ ਲਗਾਤਾਰ ਜਾਰੀ ਰੱਖਣ ਦੀ ਤਾਕਤ ਬਖ਼ਸ਼ਣ ਦੀ ਅਰਦਾਸ ਕੀਤੀ ਗਈ।
- Download Babushahi App
-
-