Crime Special - ਰਿਸ਼ਵਤ ਦੀ ਨਦੀ ’ਚ ਤਾਰੀਆਂ ਲਾਉਣ ਦੇ ਚੱਕਰ ’ਚ ‘ਆਪ’ ਸਰਪੰਚ ਸਤਵੀਰ ਕੌਰ ਨੂੰ ਝਟਕਾ
ਹਾਈਕੋਰਟ ਵੱਲੋਂ ਅਗਾਊਂ ਜਮਾਨਤ ਦੀ ਅਰਜੀ ਰੱਦ
ਅਸ਼ੋਕ ਵਰਮਾ
ਬਠਿੰਡਾ , 4 ਜੂਨ 2026 : ਪੰਜਾਬ ਹਰਿਆਣਾ ਹਾਈਕੋਰਟ ਨੇ ਹਾਕਮ ਧਿਰ ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਦੀ ਤੱਤਕਾਲੀ ਜਿਲ੍ਹਾ ਪ੍ਰਧਾਨ ਅਤੇ ਕਾਲਝਰਾਣੀ ਦੀ ਸਰਪੰਚ ਸਤਵੀਰ ਕੌਰ ਦੀ ਅਗਾਊਂ ਜਮਾਨਤ ਅਰਜੀ ਰੱਦ ਕਰ ਦਿੱਤੀ ਹੈ। ਵਿਜੀਲੈਂਸ ਨੇ 25 ਜਨਵਰੀ 2026 ਨੂੰ ਜੰਗਲਾਤ ਵਿਭਾਗ ’ਚ ਨੌਕਰੀ ਦਿਵਾਉਣ ਬਦਲੇ ‘ਆਪ’ ਵਲੰਟੀਅਰ ਜਤਿੰਦਰ ਸਿੰਘ ਵਾਸੀ ਭਗਵਾਨਗੜ੍ਹ ਤੋਂ ਉਸ ਦੀ ਤਨਖਾਹ ਚੋਂ ਰਿਸ਼ਵਤ ਵਜੋਂ ਸਾਢੇ 8 ਹਜ਼ਾਰ ਰੁਪਏ ਮਹੀਨਾ ਦੇਣ ਦੀ ਮੰਗ ਕਰਨ ਸਬੰਧੀ ਸਤਵੀਰ ਕੌਰ ਖਿਲਾਫ ਐਫਆਈਆਰ ਨੰਬਰ 2 ਦਰਜ ਕੀਤੀ ਸੀ। ਸਤਵੀਰ ਕੌਰ ਇਸ ਮਾਮਲੇ ’ਚ ਅਗਾਊਂ ਜਮਾਨਤ ਲਈ ਬਠਿੰਡਾ ਅਦਾਲਤ ਪੁੱਜ ਗਈ ਜਿੱਥੋਂ ਉਸ ਨੂੰ ਕੋਈ ਰਾਹਤ ਨਹੀਂ ਮਿਲ ਸਕੀ ਸੀ। ਇਸ ਤੋਂ ਬਾਅਦ ਸਰਪੰਚ ਸਤਵੀਰ ਕੌਰ ਨੇ ਹਾਈਕੋਰਟ ਦਾ ਰੁੱਖ ਕੀਤਾ ਪਰ ਕੋਈ ਫਾਇਦਾ ਨਹੀਂ ਹੋਇਆ। ਹੈਰਾਨੀ ਵਾਲੀ ਗੱਲ ਹੈ ਕਿ ਅਦਾਲਤੀ ਕਾਰਵਾਈ ਦੌਰਾਨ ਵਿਜੀਲੈਂਸ ਸਤਵੀਰ ਕੌਰ ਨੂੰ ਗ੍ਰਿਫਤਾਰ ਕਰਨ ’ਚ ਅਸਫਲ ਰਹੀ ਸੀ।
ਜਤਿੰਦਰ ਸਿੰਘ ਦੇ ਵਕੀਲ ਅੰਗਰੇਜ਼ ਸਿੰਘ ਸੋਹਲ ਨੇ ਇਸ ਸਬੰਧੀ ਪੁਸ਼ਟੀ ਕਰਦਿਆਂ ਦੱਸਿਆ ਕਿ ਸਤਵੀਰ ਕੌਰ ਦੇ ਵਕੀਲਾਂ ਨੇ ਅਦਾਲਤ ’ਚ ਦਲੀਲ ਦਿੱਤੀ ਕਿ ਜਤਿੰਦਰ ਸਿੰਘ ਤੋਂ ਤਨਖਾਹ ਚੋਂ ਰਿਸ਼ਵਤ ਵਜੋਂ ਹਿੱਸਾ ਨਹੀਂ ਮੰਗਿਆ ਬਲਕਿ ਸਤਵੀਰ ਕੌਰ ਨੇ ਕਰਜੇ ਦੀ ਕਿਸ਼ਤ ਮੰਗ ਕਰ ਰਹੀ ਸੀ । ਵਕੀਲਾਂ ਨੇ ਪੀੜਤ ਵੱਲੋਂ ਦਿੱਤੀ ਅਰਜੀ ਅਤੇ ਕੇਸ ਦਰਜ ਹੋਣ ਵਿਚਲੇ ਸਮੇਂ ਦੇ ਵੱਡੇ ਫਰਕ ਨੂੰ ਵੀ ਮੁੱਦਾ ਬਣਾਇਆ ਜੋ ਟਿਕ ਨਾ ਸਕਿਆ। ਉਨ੍ਹਾਂ ਦੱਸਿਆ ਕਿ ਸਤਵੀਰ ਕੌਰ ਕਰਜੇ ਸਬੰਧੀ ਵੀ ਸਬੂਤ ਨਹੀਂ ਪੇਸ਼ ਕਰ ਸਕੀ । ਐਡਵੋਕੇਟ ਅੰਗਰੇਜ ਸਿੰਘ ਨੇ ਅਦਾਲਤ ਨੂੰ ਜਾਣੂੰ ਕਰਵਾਇਆ ਕਿ ਸਤਵੀਰ ਕੌਰ ਦੀ ਸਿਆਸੀ ਪਹੁੰਚ ਕਾਰਨ ਵਿਜੀਲੈਂਸ ’ਤੇ ਕਥਿਤ ਦਬਾਅ ਕਰਕੇ ਕਿਸ ਤਰਾਂ ਪੀੜਤ ਨੂੰ ਹਾਈਕੋਰਟ ਤੱਕ ਪਹੁੰਚ ਕਰਨੀ ਪਈ ਸੀ। ਐਡਵੋਕੇਟ ਸੋਹਲ ਨੇ ਦੱਸਿਆ ਕਿ ਉਨ੍ਹਾਂ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਹਾਈਕੋਰਟ ਨੇ ਸਤਵੀਰ ਕੌਰ ਦੀ ਜਮਾਨਤ ਅਰਜੀ ਰੱਦ ਕਰ ਦਿੱਤੀ ਹੈ।
ਹਾਈਕੋਰਟ ’ਚ ਪਟੀਸ਼ਨ ਰੱਦ ਹੋਣ ਤੋਂ ਬਾਅਦ ਸਤਵੀਰ ਕੌਰ ’ਤੇ ਗ੍ਰਿਫ਼ਤਾਰੀ ਦੀ ਤਲਵਾਰ ਲਟਕ ਗਈ ਹੈ। ਹੁਣ ਸਤਵੀਰ ਕੌਰ ਕੋਲ ਸਿਰਫ ਸੁਪਰੀਮ ਕੋਰਟ ’ਚ ਜਾਣ ਬਦਲ ਬਚਿਆ ਹੈ ਨਹੀਂ ਤਾਂ ਉਸ ਨੂੰ ਪੁੱਛਗਿਛ ’ਚ ਸ਼ਾਮਲ ਹੋਣ ਲਈ ਵਿਜੀਲੈਂਸ ਕੋਲ ਪੇਸ਼ ਹੋਣਾ ਪਵੇਗਾ। ਮਾਮਲਾ ਸੱਤਾ ਪੱਖ ਦੀ ਰਸੂਖਵਾਨ ਆਗੂ ਨਾਲ ਜੁੜਿਆ ਹੋਣ ਕਰਕੇ ਗ੍ਰਿਫਤਾਰੀ ਨਾਂ ਹੋਣ ਪਿੱਛੇ ਕਥਿਤ ਸਿਆਸੀ ਦਬਾਅ ਦੀ ਗੱਲ ਸਾਹਮਣੇ ਆ ਰਹੀ ਹੈ ਪਰ ਅਧਿਕਾਰੀ ਇਸ ਤਰਾਂ ਦੀ ਕਿਸੇ ਵੀ ਗੱਲ ਤੋਂ ਇਨਕਾਰ ਕਰ ਰਹੇ ਹਨ। ਮੁਦਈ ਜਤਿੰਦਰ ਸਿੰਘ ਨੇ 19 ਦਸੰਬਰ 2023 ਨੂੰ ਬਠਿੰਡਾ ਵਿਜੀਲੈਂਸ ਨੂੰ ਸਬੂਤਾਂ ਸਮੇਤ ਆਪਣੀ ਸ਼ਿਕਾਇਤ ਦਿੱਤੀ ਸੀ । ਜਦੋਂ 2 ਸਾਲ ਤੋਂ ਵੱਧ ਸਮਾਂ ਲੰਘਣ ’ਤੇ ਵਿਜੀਲੈਂਸ ਨੇ ਕਾਰਵਾਈ ਤੋਂ ਪਾਸਾ ਵੱਟੀ ਰੱਖਿਆ ਤਾਂ ਪੀੜਤ ਨੇ ਹਾਈਕੋਰਟ ’ਚ ਪਟੀਸ਼ਨ ਦਾਇਰ ਕਰ ਦਿੱਤੀ। ਅਦਾਲਤ ਦੀ ਘੁਰਕੀ ਤੋਂ ਬਾਅਦ ਵਿਜੀਲੈਂਸ ਨੂੰ ਸਤਵੀਰ ਕੌਰ ਖਿਲਾਫ ਕੇਸ ਦਰਜ ਕਰਨਾ ਪਿਆ ਸੀ।
ਤੁਹਾਨੂੰ ਦੱਸ ਦੇਈਏ ਕਿ ਜਤਿੰਦਰ ਸਿੰਘ ਵਾਸੀ ਭਗਵਾਨਗੜ੍ਹ ( ਭੁੱਖਿਆਂ ਵਾਲੀ) ਤਹਿਸੀਲ ਤਲਵੰਡੀ ਸਾਬੋ ਜਿਲ੍ਹਾ ਬਠਿੰਡਾ ਦੀ 24 ਜੁਲਾਈ 2023 ਨੂੰ ਪੰਜਾਬ ਰਾਜ ਵਣ ਵਿਕਾਸ ਨਿਗਮ ’ਚ ਆਊਟਸੋਰਸਿੰਗ ਸਕੀਮ ਤਹਿਤ ਡਰਾਈਵਰ ਵਜੋਂ ਨਿਯੁਕਤੀ ਕੀਤੀ ਗਈ ਸੀ। ਜਤਿੰਦਰ ਨੇ ਸਾਲ 2023 ’ਚ ਸਰਪੰਚ ਸਤਵੀਰ ਕੌਰ ਖਿਲਾਫ ਸ਼ਕਾਇਤ ਦਰਜ ਕਰਵਾਈ ਸੀ ਜਿਸ ’ਚ ਦੋਸ਼ ਲਾਇਆ ਸੀ ਕਿ ਸਤਵੀਰ ਕੌਰ ਅਤੇ ਰਕੇਸ਼ ਪੁਰੀ ਨੇ ਮਿਲਕੇ ਉਸ ਤੋਂ ਹਰ ਮਹੀਨੇ 10 ਹਜ਼ਾਰ ਰੁਪਏ ਦੀ ਮੰਗ ਕੀਤੀ ਸੀ। ਸ਼ਕਾਇਤ ਅਨੁਸਾਰ ਬਾਅਦ ’ਚ ਇਹ ਰਾਸ਼ੀ 85 ਸੌ ਰੁਪਏ ਤੈਅ ਹੋ ਗਈ ਸੀ। ਸ਼ਕਾਇਤ ’ਚ ਦੱਸਿਆ ਸੀ ਕਿ ਉਸ ਨੇ ਦੋ ਮਹੀਨਿਆਂ ਦੀ ਤਨਖਾਹ ਚੋਂ 10 ਹਜ਼ਾਰ ਰੁਪਏ ਕਿਸ਼ਤ ਦੇ ਰੂਪ ਵਿੱਚ ਅਦਾ ਵੀ ਕੀਤੇ ਸਨ। ਜਦੋਂ ਜਤਿੰਦਰ ਸਿੰਘ ਅਤੇ ਉਸ ਦੇ ਮਾਪਿਆਂ ਨੇ ਇਸ ਤਰਾਂ ਪੈਸੇ ਦੇਣ ਤੋਂ ਜਵਾਬ ਦਿੱਤਾ ਤਾਂ ਅਕਤੂਬਰ 2023 ਉਪਰੰਤ ਉਸ ਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ।
ਜਤਿੰਦਰ ਸਿੰਘ ਨੇ ਵਿਜੀਲੈਂਸ ਨੂੰ 11 ਆਡੀਓ ਅਤੇ ਵੀਡੀਓ ਰਿਕਾਰਡਿੰਗਾਂ ਦਿੱਤੀਆਂ ਸਨ ਜਿੰਨ੍ਹਾਂ ਦੀ ਟਰਾਂਸਕ੍ਰਿਪਟ ਸ਼ਕਾਇਤਕਰਤਾ ਦੀ ਹਾਜ਼ਰੀ ’ਚ ਤਿਆਰ ਕੀਤੀ ਗਈ ਸੀ। ਸੂਤਰ ਦੱਸਦੇ ਹਨ ਕਿ ਮੁਢਲੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਗੱਲਬਾਤ ਦੌਰਾਨ ਸਰਪੰਚ ਸਤਵੀਰ ਕੌਰ ਨੇ 85 ਸੌ ਰੁਪਏ ਪ੍ਰਤੀ ਮਹੀਨਾ ਲੈਣ ਦੀ ਗੱਲ ਮੰਨੀ ਹੈ ਅਤੇ ਇਹ ਵੀ ਮੰਨਿਆ ਕਿ 10 ਹਜ਼ਾਰ ਰੁਪਏ ਪਹਿਲਾਂ ਲਏ ਜਾ ਚੁੱਕੇ ਹਨ। ਰਿਕਾਰਡਿੰਗ ’ਚ ਰਕੇਸ਼ ਪੁਰੀ ਨਾਲ ਹੋਈ ਗੱਲਬਾਤ ਵੀ ਸ਼ਾਮਲ ਹੈ ਜਿਸ ਵਿੱਚ ਉਹ ਨੌਕਰੀ ਅਤੇ ਪੈਸਿਆਂ ਨੂੰ ਲੈਕੇ ਚਰਚਾ ਕਰਦੇ ਸੁਣੇ ਗਏ । ਇੱਕ ਰਿਕਾਰਡਿੰਗ ’ਚ ਰਾਕੇਸ਼ ਪੁਰੀ ਨੂੰ ਇਹ ਕਹਿੰਦਿਆਂ ਸੁਣਿਆ ਗਿਆ ਕਿ ਹੁਣ ਇਹ ਸਭ ਕੁੱੱਝ ਅੱਗੇ ਨਹੀਂ ਚੱਲ ਸਕਦਾ । ਜਾਂਚ ਦੌਰਾਨ ਪਹਿਲੀ ਨਜ਼ਰੇ ਇਹ ਸਾਬਤ ਹੋਇਆ ਕਿ ਸਰਪੰਚ ਨੇ ਆਪਣੇ ਕਥਿਤ ਸਿਆਸੀ ਪ੍ਰਭਾਵ ਅਤੇ ਰਕੇਸ਼ ਪੁਰੀ ਨਾਲ ਸਬੰਧਾਂ ਦੀ ਵਰਤੋਂ ਕਰਕੇ ਨੌਕਰੀ ਲਈ ਪੈਸਿਆਂ ਦੀ ਕਥਿਤ ਮੰਗ ਕੀਤੀ ਹੈ।
ਗ੍ਰਿਫਤਾਰੀ ਦੇ ਯਤਨ ਜਾਰੀ
ਮਾਮਲੇ ਦੀ ਜਾਂਚ ਅਧਿਕਾਰੀ ਇੰਸਪੈਕਟਰ ਰਾਜਨਦੀਪ ਕੌਰ ਦਾ ਕਹਿਣਾ ਸੀ ਕਿ ਸਿਆਸੀ ਦਬਾਅ ਵਾਲੀ ਗੱਲ ਸਹੀ ਨਹੀਂ ਬਲਕਿ ਵਿਜੀਲੈਂਸ ਸਰਪੰਚ ਸਤਵੀਰ ਕੌਰ ਨੂੰ ਗ੍ਰਿਫਤਾਰ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ। ਉਨ੍ਹਾਂ ਦੱਸਿਆ ਕਿ ਸਰਪੰਚ ਸਤਵੀਰ ਕੌਰ ਨੂੰਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਏਗਾ।
- Download Babushahi App
-
-