Big Breaking ਸਿੱਧੂ ਮੂਸੇਵਾਲਾ ਕਤਲ ਕੇਸ ਨੂੰ ਝਟਕਾ ਲੱਗਣ ਦੇ ਅਸਾਰ : ਤੱਤਕਾਲੀ ਐਸ ਐਚ ਓ ਦੀ ਬਿਮਾਰੀ ਕਾਰਨ ਮੌਤ
ਅਸ਼ੋਕ ਵਰਮਾ
ਮਾਨਸਾ, 24 ਮਈ 2025 :ਕਰੀਬ ਤਿੰਨ ਸਾਲ ਪਹਿਲਾਂ ਗੈਂਗਸਟਰਾਂ ਵੱਲੋਂ ਅੰਨ੍ਹੇ ਵਾਹ ਗੋਲੀਆਂ ਚਲਾ ਕੇ ਕਤਲ ਕਰ ਦਿੱਤੇ ਗਏ ਵਿਸ਼ਵ ਪ੍ਰਸਿੱਧ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੇ ਅਦਾਲਤ ਵਿੱਚ ਚੱਲ ਰਹੇ ਮਾਮਲੇ ਵਿੱਚ ਵਿਘਨ ਪੈਣ ਦੇ ਅਸਾਰ ਹਨ। ਕੌਮੀ ਅਤੇ ਕੌਮਾਂਤਰੀ ਪੱਧਰ ਤੇ ਚਰਚਾ ਦਾ ਵਿਸ਼ਾ ਬਣੇ ਇਸ ਕਤਲ ਕਾਂਡ ਦੇ ਮੁੱਖ ਗਵਾਹ ਮੰਨੇ ਜਾਂਦੇ ਤਤਕਾਲੀ ਮੁੱਖ ਥਾਣਾ ਅਫਸਰ ਸਬ ਇੰਸਪੈਕਟਰ ਅੰਗਰੇਜ਼ ਸਿੰਘ ਦੀ ਬੀਤੀ ਰਾਤ ਮੌਤ ਹੋ ਗਈ ਹੈ। ਸਬ ਇੰਸਪੈਕਟਰ ਅੰਗਰੇਜ਼ ਸਿੰਘ ਪਿਛਲੇ ਲੰਮੇ ਸਮੇਂ ਤੋਂ ਬਿਮਾਰ ਚਲੇ ਆ ਰਹੇ ਸਨ। ਪਿਛਲੇ ਦਿਨੀਂ ਉਹ ਅਦਾਲਤ ਵਿਚ ਗਵਾਹੀ ਵਾਸਤੇ ਪੇਸ਼ ਨਹੀਂ ਹੋ ਸਕੇ ਸਨ ਤਾਂ ਅਦਾਲਤ ਨੇ ਉਹਨਾਂ ਨੂੰ 4 ਜੁਲਾਈ ਨੂੰ ਪੇਸ਼ ਹੋਣ ਵਾਸਤੇ ਆਖਿਆ ਸੀ।
ਸੂਤਰਾਂ ਮੁਤਾਬਕ ਅੰਗਰੇਜ਼ ਸਿੰਘ ਨੂੰ ਕੈਂਸਰ ਵਰਗੀ ਨਾ ਮੁਰਾਦ ਬਿਮਾਰੀ ਸੀ ਜੋ ਬੀਤੀ ਰਾਤ ਉਹਨਾਂ ਦੀ ਮੌਤ ਦਾ ਕਾਰਨ ਬਣੀ ਹੈ। ਜਾਣਕਾਰੀ ਮੁਤਾਬਕ ਸਬ ਇੰਸਪੈਕਟਰ ਅੰਗਰੇਜ਼ ਸਿੰਘ ਦੀ ਅਦਾਲਤ ਵਿੱਚ ਅਜੇ ਗਵਾਹੀ ਬਾਕੀ ਸੀ। ਹੁਣ ਆਉਣ ਵਾਲੇ ਸਮੇਂ ਦੌਰਾਨ ਇਹ ਕਤਲ ਮਾਮਲਾ ਕੀ ਰੁੱਖ ਅਖਤਿਆਰ ਕਰਦਾ ਹੈ ਇਸ ਤੇ ਸਭ ਦੀਆਂ ਨਜ਼ਰਾਂ ਟਿਕ ਗਈਆਂ ਹਨ। ਗੌਰਤਲਬ ਹੈ ਕਿ ਇਸ ਕਤਲ ਦੀ ਜਿੰਮੇਵਾਰੀ ਖਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਲਈ ਸੀ। ਪੁਲਿਸ ਸੂਤਰਾਂ ਦਾ ਦੱਸਣਾ ਹੈ ਕਿ ਇਸ ਕਤਲ ਮਾਮਲੇ ਵਿੱਚ ਜਿੰਨੇਂ ਵੀ ਮੁਲਜ਼ਮ ਗ੍ਰਿਫਤਾਰ ਕੀਤੇ ਗਏ ਹਨ ਉਹਨਾਂ ਵਿੱਚ ਸਬ ਇੰਸਪੈਕਟਰ ਅੰਗਰੇਜ਼ ਸਿੰਘ ਦੀ ਭੂਮਿਕਾ ਕਾਫੀ ਅਹਿਮ ਰਹੀ ਹੈ। ਇਹੋ ਕਾਰਨ ਹੈ ਕਿ ਸਬ ਇੰਸਪੈਕਟਰ ਦੀ ਮੌਤ ਕਾਰਨ ਸਿੱਧੂ ਮੂਸੇਵਾਲਾ ਕਤਲ ਮਾਮਲੇ ਨੂੰ ਝਟਕਾ ਲੱਗਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ
ਉਧਰ ਇਸ ਮਾਮਲੇ ਸਬੰਧੀ ਮਾਨਸਾ ਦੇ ਜ਼ਿਲ੍ਹਾ ਅਟਾਰਨੀ ਹਰਵਿੰਦਰ ਸਿੰਘ ਦਾ ਕਹਿਣਾ ਸੀ ਕਿ ਇਸ ਮੌਤ ਨਾਲ ਸਿੱਧੂ ਮੂਸੇਵਾਲਾ ਕਤਲ ਕੇਸ ਤੇ ਕੋਈ ਅਸਰ ਨਹੀਂ ਪਵੇਗਾ। ਉਹਨਾਂ ਕਿਹਾ ਕਿ ਬੇਸ਼ੱਕ ਅੰਗਰੇਜ ਸਿੰਘ ਦੀ ਗਵਾਹੀ ਹੋਈ ਨਹੀਂ ਪਰ ਇਸ ਸਬੰਧ ਵਿੱਚ ਸਮੁੱਚੇ ਕਾਗਜ਼ ਪੱਤਰ ਤਿਆਰ ਹਨ ਜਿਨ੍ਹਾਂ ਤੇ ਤਤਕਾਲੀ ਜਾਂਚ ਅਧਿਕਾਰੀ ਸਬ ਇੰਸਪੈਕਟਰ ਅੰਗਰੇਜ਼ ਸਿੰਘ ਦੇ ਦਸਤਖਤ ਮੌਜੂਦ ਹਨ। ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਹੋਰ ਵੀ ਗਵਾਹ ਮੌਜੂਦ ਹਨ।