Babushahi Special ਲੇਖਾ ਜੋਖਾ : ਪ੍ਰਾਪਤੀਆਂ ਦੇ ਬਾਵਜੂਦ ਚਿੱਟਾ ਕੁਈਨ ਤੇ ਹਿਰਾਸਤੀ ਮੌਤਾਂ ਕਾਰਨ ਨਮੋਸ਼ੀਆਂ ਦਾ ਸਾਲ
ਅਸ਼ੋਕ ਵਰਮਾ
ਬਠਿੰਡਾ, 30 ਦਸੰਬਰ 2025: ਇਸ ਸਾਲ ਦੌਰਾਨ ਕਈ ਵੱਡੀਆਂ ਪ੍ਰਾਪਤੀਆਂ ਦੇ ਬਾਵਜੂਦ ਕਈ ਮਾਮਲਿਆਂ ਨੇ ਬਠਿੰਡਾ ਪੁਲਿਸ ਦੇ ਮੱਥੇ ਤੇ ਬਦਨਾਮੀ ਦੇ ਕਈ ਦਾਗ ਲਾਏ ਜਿੰਨ੍ਹਾਂ ਨੂੰ ਧੋਤਾ ਨਹੀਂ ਜਾ ਸਕਿਆ। ਰੌਚਕ ਤੱਥ ਇਹ ਹੈ ਕਿ ਇਹ ਸਭ ਉਦੋਂ ਹੋਇਆ ਜਦੋਂ ਮਹਿਲਾ ਐਸਐਸਪੀ ਅਮਨੀਤ ਕੌਂਡਲ ਕਮਿਊਨਿਟੀ ਪੁਲਸਿੰਗ ਲਾਗੂ ਕਰਨ ਅਤੇ ਨਸ਼ਾ ਤਸਕਰੀ ਦੀਆਂ ਜੜਾਂ ਪੁੱਟਣ ਲਈ ਅੱਡੀ ਚੋਟੀ ਦਾ ਜੋਰ ਲਾ ਰਹੇ ਸਨ। ਪੁਲਿਸ ਦੇ ਅਕਸ ਨੂੰ ਖੋਰਾ ਲਾਉਣ ਵਾਲੇ ਮਾਮਲਿਆਂ ’ਚ ਵੱਡਾ ਮਾਮਲਾ ਚਿੱਟੇ ਸਮੇਤ ਗ੍ਰਿਫਤਾਰ ਕੀਤੀ ਗਈ ਪੁਲਿਸ ਦੀ ਇੱਕ ਮਹਿਲਾ ਮੁਲਾਜਮ ਦਾ ਹੈ ਜਦੋਂਕਿ ਸੀਆਈਏ ਸਟਾਫ ਵਨ ਅਤੇ ਟੂ ਦੀ ਕਥਿਤ ਹਿਰਾਸਤ ’ਚ ਹੋਈਆਂ ਦੋ ਮੌਤਾਂ ਨੇ ਪੁਲਿਸ ਦੀ ਵਰਦੀ ਦਾਗਦਾਰ ਕੀਤੀ ਹੈ। ਏਦਾਂ ਹੀ ਪੁਲਿਸ ਅਫਸਰਾਂ ਅਤੇ ਹੋਰ ਮੁਲਾਜਮਾਂ ਵੱਲੋਂ ਰਿਸ਼ਵਤ ਲੈਣ ਦੇ ਮਾਮਲਿਆਂ ਨੇ ਵੀ ਜਿਲ੍ਹਾ ਪੁਲਿਸ ਸ਼ਰਮਸਾਰ ਕੀਤੀ ਹੈ। ਇਸ ਸਾਲ ਅਪਰੈਲ ਦੌਰਾਨ 17.71 ਗ੍ਰਾਮ ਚਿੱਟੇ ਸਮੇਤ ਲੇਡੀ ਹੈਡ ਕਾਂਸਟੇਬਲ ਅਮਨਦੀਪ ਕੌਰ ਨੂੰ ਗ੍ਰਿਫਤਾਰ ਕਰਨ ਕੀਤਾ ਗਿਆ ਸੀ। ਹਾਲਾਂਕਿ ਨਸ਼ਾ ਫੜਨਾ ਸਧਾਰਨ ਵਰਤਾਰਾ ਹੈ ਪਰ ਪੁਲਿਸ ਮੁਲਾਜਮ ਕੋਲੋਂ ਚਿੱਟਾ ਮਿਲਣ ਕਾਰਨ ਪੁਲਿਸ ਨੂੰ ਨਮੋਸ਼ੀ ਝੱਲਣੀ ਪਈ। ਚਿੱਟੇ ਦੀ ਵਿੱਕਰੀ ਨਾਲ ਜੁੜਿਆ ਦੂਸਰਾ ਮਾਮਲਾ ਭਾਈ ਬਖਤੌਰ ਦਾ ਹੈ ਜਿੱਥੇ ਨਸ਼ਾ ਤਸਕਰਾਂ ਵੱਲੋਂ ਸਾਬਕਾ ਫੌਜੀ ਦੀਆਂ ਲੱਤਾਂ ਤੋੜਨ ਅਤੇ ਚਿੱਟੇ ਦੀ ਵਿਕਰੀ ਤੋਂ ਦੁਖੀ ਨੌਜਵਾਨਾਂ ਨੇ ‘ਪਿੰਡ ਵਿਕਾਊ ਹੈ’ ਲਿਖ ਦਿੱਤਾ ਜਿਸ ਤੋਂ ਖਫਾ ਥਾਣਾ ਕੋਟਫੱਤਾ ਦੇ ਤੱਤਕਾਲੀ ਐਸਐਚਓ ਮੁਨੀਸ਼ ਕੁਮਾਰ ਵੱਲੋਂ ਲਿਖਣ ਵਾਲਿਆਂ ਨੂੰ ਕਥਿਤ ਧਮਕੀਆਂ ਦੇਣ ਕਾਰਨ ਇਹ ਪ੍ਰਭਾਵ ਬਣਿਆ ਕਿ ਪੁਲਿਸ ਡਾਢਿਆਂ ਅੱਗੇ ਗੋਡੇ ਟੇਕ ਦਿੰਦੀ ਹੈ। ਪਿੰਡ ਦੇ ਲਖਵੀਰ ਸਿੰਘ ਉਰਫ ਲੱਖੀ ਸਿੱਧੂ ਦੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਣ ਕਾਰਨ ਐਸਐਚਓ ਨੂੰ ਲਾਈਨ ਹਾਜ਼ਰ ਕਰਨ ਦੇ ਬਾਵਜੂਦ ਪੁਲਿਸ ਦੀ ਕਿਰਕਰੀ ਹੋਈ।
ਬਠਿੰਡਾ ਜਿਲ੍ਹੇ ਦੇ ਪਿੰਡ ਮੌੜ ਕਲਾਂ ’ਚ ਚਿੱਟੇ ਦੀ ਵਿੱਕਰੀ ਤੋਂ ਅੱਕੇ ਪਿੰਡ ਵਾਸੀਆਂ ਵੱਲੋਂ ਨਵੰਬਰ ਮਹੀਨੇ ’ਚ ਕੰਧਾਂ ਤੇ ‘ ਇੱਥੇ ਚਿੱਟਾ ਵਿਕਦਾ ਹੈ’ ਸਬੰਧੀ ਲਿਖਣਾ ਅਤੇ ਮਾਮਲੇ ਦਾ ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਪੁੱਜਣਾ ਵੀ ਪੁਲਿਸ ਲਈ ਨਮੋਸ਼ੀਜਨਕ ਬਣਿਆ । ਇਸੇ ਸਾਲ ਵਿਜੀਲੈਂਸ ਬਿਊਰੋ ਵੱਲੋਂ ਐਂਟੀ-ਨਾਰਕੋਟਿਕਸ ਟਾਸਕ ਫੋਰਸ ਬਠਿੰਡਾ ਰੇਂਜ ਵਿਖੇ ਤਾਇਨਾਤ ਏਐਸਆਈ ਮੇਜਰ ਸਿੰਘ ਗਿਆਨਾ ਅਤੇ ਉਸ ਦੇ ਨਿੱਜੀ ਡਰਾਈਵਰ ਰਾਮ ਸਿੰਘ ਨੂੰ 1 ਲੱਖ 5 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰਨਾ ਵੀ ਸਾਲ ਦੀ ਵੱਡੀ ਘਟਨਾ ਰਹੀ। ਵੱਡੀ ਗੱਲ ਇਹ ਹੈ ਕਿ ਪੰਜਾਬ ਸਰਕਾਰ ਨੇ ਜਿਸ ਥਾਣੇਦਾਰ ਨੂੰ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਦੀ ਜਿੰਮੇਵਾਰੀ ਦਿੱਤੀ ਸੀ ਉਹੀ ਨਸ਼ਿਆਂ ਖਿਲਾਫ ਕਾਰਵਾਈ ਕਰਨ ਦੀ ਥਾਂ ਇਸ ਮਾਮਲੇ ਵਿੱਚ ਰਿਸ਼ਵਤ ਲੈਣ ਲੱਗਾ ਜਿਸ ਨਾਲ ਪੁਲਿਸ ਦੇ ਵਕਾਰ ਨੂੰ ਖੋਰਾ ਲੱਗਿਆ ।
ਨਰਿੰਦਰਦੀਪ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਗੋਨਿਆਣਾ ਦੀ ਸੀਆਈਏ ਸਟਾਫ 2 ਦੀ ਕਥਿਤ ਹਿਰਾਸਤ ਦੌਰਾਨ ਹੋਈ ਮੌਤ ਦਾ ਮਾਮਲਾ ਵੀ ਇਸ ਸਾਲ ਗਰਮਾਇਆ । ਜਨਤਕ ਧਿਰਾਂ ਦੇ ਦਬਾਅ ਹੇਠ ਸੀਆਈਏ ਸਟਾਫ ’ਚ ਤਾਇਨਾਤ ਏਐਸਆਈ ਅਵਤਾਰ ਸਿੰਘ ਤਾਰੀ ਅਤੇ ਕੁੱਝ ਪ੍ਰਾਈਵੇਟ ਵਿਅਕਤੀਆਂ ਨੂੰ ਗੈਰ-ਇਰਾਦਤਨ ਹੱਤਿਆ ਦੇ ਦੋਸ਼ਾਂ ਤਹਿਤ ਨਾਮਜਦ ਕਰਨਾ ਪਿਆ । ਸਾਲ 2024 ਦੌਰਾਨ ਗੋਨਿਆਣਾ ਇਲਾਕੇ ਦੇ ਪਿੰਡ ਲੱਖੀ ਜੰਗਲ ਵਾਸੀ ਭਿੰਦਰ ਸਿੰਘ ਦੀ ਪੁਲਿਸ ਹਿਰਾਸਤ ਵਿੱਚ ਹੋਈ ਮੌਤ ਮਾਮਲੇ ’ਚ ਅਦਾਲਤ ਵੱਲੋਂ ਅਗਸਤ 2025 ’ਚ ਸੀਆਈਏ ਵਨ ਦੇ ਤੱਤਕਾਲੀ ਇੰਸਪੈਕਟਰ ਅਤੇ ਹੋਰ ਪੁਲਿਸ ਕਰਮਚਾਰੀਆਂ ’ਤੇ ਇਸ ਕਥਿਤ ਕਤਲ ਅਤੇ ਸੂਬਤ ਖੁਰਦ ਬੁਰਦ ਕਰਨ ਸਬੰਧੀ ਮੁਕੱਦਮਾ ਦਰਜ ਕਰਨ ਦੇ ਦਿੱਤੇ ਨਿਰਦੇਸ਼ਾਂ ਨੇ ਪੁਲਿਸ ਦੀ ਖੁਨਾਮੀ ਕਰਵਾਈ। ਹਾਲਾਂਕਿ ਇਹ ਮਾਮਲੇ ਸੱਚੇ ਹਨ ਜਾਂ ਝੂਠੇ ਇਹ ਨਿਬੇੜਾ ਅਦਾਲਤ ਕਰੇਗੀ ਪਰ ਇਨ੍ਹਾਂ ਕਾਰਨ ਪੁਲਿਸ ਦਾ ਅਕਸ ਪ੍ਰਭਾਵਿਤ ਹੋਇਆ।
ਵਿਜੀਲੈਂਸ ਵੱਲੋਂ ਡੀਐਸਪੀ ਭੁੱਚੋ ਦੇ ਰੀਡਰ ਰਾਜ ਕੁਮਾਰ ਨੂੰ ਮਹਿਲਾ ਥਾਣੇ ਦੇ ਅੰਦਰ ਲੱਖ ਵੱਢੀ ਲੈਂਦਿਆਂ ਫੜਨ ਦਾ ਮਾਮਲਾ ਵੀ ਪੁਲਿਸ ਲਈ ਮਾੜਾ ਸੰਦੇਸ਼ ਲਿਆਇਆ । ਜੁਲਾਈ ਦੌਰਾਨ ਵਿਜੀਲੈਂਸ ਨੇ ਥਾਣਾ ਤਲਵੰਡੀ ਸਾਬੋ ਵਿੱਚ ਤਾਇਨਾਤ ਏਐਸਆਈ ਕੌਰ ਸਿੰਘ ਸਮੇਤ ਤਿੰਨ ਪੁਲਿਸ ਮੁਲਾਜਮਾਂ ਨੂੰ 20 ਹਜ਼ਾਰ ਰੁਪੲਂੇ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕੀਤਾ ਸੀ। ਦਸੰਬਰ ’ਚ ਵਿਜੀਲੈਂਸ ਨੇ ਥਾਣਾ ਥਰਮਲ ’ਚ ਤਾਇਨਾਤ ਅਰੁਣ ਕੁਮਾਰ ਨੂੰ 10 ਹਜ਼ਾਰ ਰੁਪਏ ਵੱਢੀ ਦੇ ਦੋਸ਼ਾਂ ਤਹਿਤ ਫੜਿਆ ਸੀ। ਸਾਲ 2025 ਚੜ੍ਹਨ ਸਾਰ ਦੋ ਜਨਵਰੀ ਨੂੰ ਵਿਜੀਲੈਂਸ ਨੇ ਐਸਐਚਓੇ ਥਾਣਾ ਸੰਗਤ ਦੇ ਰੀਡਰ ਕੁਲਦੀਪ ਸਿੰਘ ਨੂੰ 70 ਹਜ਼ਾਰ ਰਿਸ਼ਵਤ ਲੈਂਦਿਆਂ ਕਾਬੂ ਕਰਕੇ ਬੋਹਣੀ ਕੀਤੀ ਸੀ। ਦਿਲਚਸਪ ਗੱਲ ਹੈ ਕਿ ਇਸ ਕਾਰਵਾਈ ਦੌਰਾਨ ਵਿਜੀਲੈਂਸ ਨੂੰ ਝਕਾਨੀ ਦੇਕੇ ਰੀਡਰ ਸਕਾਰਪੀਓ ਵਿੱਚ ਭੱਜ ਗਿਆ ਜਿਸ ਨੂੰ ਦਬੋਚਣ ਲਈ ਫਿਲਮੀ ਸਟਾਈਲ ’ਚ ਭੱਜ ਦੌੜ ਕਰਨੀ ਪਈ ਸੀ।
ਪੁਲਿਸ ਲਈ ਠੰਢੀ ਹਵਾ ਦੇ ਬੁੱਲੇ
ਇਸ ਸਾਲ ਜਿੱਥੇ ਪੁਲਿਸ ਦੀ ਆਲੋਚਨਾ ਹੋਈ ਉੱਥੇ ਹੀ ਕਈ ਵੱਡੇ ਕੇਸਾਂ ਨੂੰ ਸੁਲਝਾਉਣ ਕਾਰਨ ਪੁਲਿਸ ਦੀ ਸ਼ਲਾਘਾ ਵੀ ਕੀਤੀ ਗਈ। ਤਾਜਾ ਮਾਮਲਾ ਰਿਤਿਕਾ ਗੋਇਲ ਦਾ ਹੈ ਜੋ 24 ਘੰਟਿਆਂ ’ਚ ਹੱਲ ਕੀਤਾ ਗਿਆ। ਪੁਲਿਸ ਨੇ ਕਈ ਵਾਰਦਾਤਾਂ ਵੀ ਹੱਲ ਕੀਤੀਆਂ ਅਤੇ ਨਸ਼ਾ ਤਸਕਰਾਂ ਨੂੰ ਵੀ ਮੂਹਰੇ ਲਾਈ ਰੱਖਿਆ। ਨਸ਼ਿਆਂ ਖਿਲਾਫ ਕਾਰਵਾਈ ਤਹਿਤ 60 ਕਿੱਲੋਂ ਤੋਂ ਵੱਧ ਚਿੱਟਾ, 18 ਕਿੱਲੋ ਤੋਂ ਜਿਆਦਾ ਅਫੀਮ , ਕਰੀਬ 34 ਕੁਇੰਟਲ ਭੁੱਕੀ, ਡੇਢ ਲੱਖ ਤੋਂ ਵੱਧ ਨਸ਼ੀਲੀਆਂ ਵਸਤਾਂ, 22 ਕਿੱਲੋ ਗਾਂਜਾ ਅਤੇ 32 ਲੱਖ ਰਪਏ ਤੋਂ ਵੱਧ ਡਰੱਗ ਮਨੀ ਬਰਾਮਦ ਕਰਨ ਪੁਲਿਸ ਵੱਲੋਂ ਚਲਾਏ 131 ਕਾਸੋ ਆਪਰੇਸ਼ਨਾਂ ਦੌਰਾਨ ਫੜਿਆ ਮਾਲ ਅਸਬਾਬ ਅਤੇ ਨਸ਼ਾ ਤਸਕਰਾਂ ਦੀਆਂ ਸੰਪਤੀਆਂ ਖਿਲਾਫ ਕਾਰਵਾਈ ਕਾਰਨ ਪੁਲਿਸ ਪ੍ਰਸੰਸਾ ਦਾ ਪਾਤਰ ਬਣੀ।