Babushahi Special ਉੱਡਦੀ ਖਬਰ: ਸੱਪ ਤੋਂ ਨਾਂ ਡਰਦੇ ਸ਼ੀਂਹ ਤੋਂ ਨਾਂ ਡਰਦੇ,ਮਾਸਟਰ ਜੀ ਨੂੰ ਡਰ ਪੁਲਿਸ ਦੇ ਤੁਪਕੇ ਦਾ
ਅਸ਼ੋਕ ਵਰਮਾ
ਬਠਿੰਡਾ, 17 ਜਨਵਰੀ 2026: ਅਪਰਾਧੀਆਂ ਨੂੰ ਤਾਂ ਪੁਲਿਸ ਤੋਂ ਡਰਦੇ ਦੇਖਿਆ ਜਾ ਸਕਦਾ ਹੈ ਪਰ ਬਠਿੰਡਾ ਜਿਲ੍ਹੇ ’ਚ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਐਸਐਸਪੀ ਦੀ ਨਿਯੁਕਤੀ ਡਰਾਉਣ ਲੱਗੀ ਹੈ। ਇੰਨ੍ਹੀਂ ਦਿਨੀ ਚੁੰਝ ਚਰਚਾ ਚੱਲ ਰਹੀ ਹੈ ਕਿ ਮਾਸਟਰ ਜੀ ਸਕੂਲ ਦੇ ਨਾਲ ਨਾਲ ਜਿਲ੍ਹਾ ਪੁਲਿਸ ਦੀ ਸਰਗਰਮੀ ਤੇ ਨਜ਼ਰ ਰੱਖਣ ਲੱਗੇ ਹਨ। ਦਰਅਸਲ ਮਾਮਲਾ ਕੁੱਝ ਦਿਨ ਪਹਿਲਾਂ ਐਸਐਸਪੀ ਬਠਿੰਡਾ ਵਜੋਂ ਨਿਯੁਕਤ ਡਾ. ਜਯੋਤੀ ਯਾਦਵ ਨਾਲ ਜੁੜਿਆ ਹੈ ਜੋ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਧਰਮਪਤਨੀ ਹਨ। ਪ੍ਰਸ਼ਾਸ਼ਕੀ ਹਲਕਿਆਂ ’ਚ ਲਾਈਆਂ ਜਾ ਰਹੀਆਂ ਕਿਆਸ ਅਰਾਈਆਂ ਦੇ ਉਲਟ ਡਾ. ਜਯੋਤੀ ਯਾਦਵ ਨੂੰ ਐਸਐਸਪੀ ਤਾਇਨਾਤ ਕਰ ਦਿੱਤਾ ਗਿਆ ਹੈ। ਦਿਲਚਸਪੀ ਵਾਲੀ ਗੱਲ ਇਹ ਹੈ ਕਿ ਜਦੋਂ ਧਰਮਪਤਨੀ ਬਠਿੰਡਾ ਜਿਲ੍ਹੇ ’ਚ ਤਾਇਨਾਤ ਹੈ ਤਾਂ ਸਿੱਖਿਆ ਮੰਤਰੀ ਦੇ ਇਸ ਤਰਫ ਗੇੜੇ ਵਧਣ ਦੀ ਸੰਭਾਵਨਾ ਰੱਦ ਨਹੀਂ ਕੀਤੀ ਜਾ ਸਕਦੀ ਜੋ ਅਧਿਆਪਕਾਂ ’ਚ ਅਣਕਿਆਸੇ ਡਰ ਦਾ ਕਾਰਨ ਬਣਿਆ ਹੈ ।
ਅਧਿਆਪਕ ਹਲਕਿਆਂ ’ਚ ਇਹੋ ਮੰਨਿਆ ਜਾ ਰਿਹਾ ਹੈ ਕਿ ਜਦੋਂ ਸਿੱਖਿਆ ਮੰਤਰੀ ਅਕਸਰ ਇੱਧਰ ਆਉਂਦੇ ਰਹਿਣਗੇ ਤਾਂ ਉਨ੍ਹਾਂ ਵੱਲੋਂ ਸਰਕਾਰੀ ਸਕੂਲਾਂ ਦਾ ਦੌਰਾ ਵੀ ਕੀਤਾ ਜਾ ਸਕਦਾ ਹੈ ਜਿਸ ਨੂੰ ਸਿੱਖਿਆ ਵਿਭਾਗ ਦੀ ਭਾਸ਼ਾ ’ਚ ਇੱਕ ਤਰਾਂ ਨਾਲ ਛਾਪਾ ਵੱਜਣਾ ਹੀ ਮੰਨਿਆ ਜਾਂਦਾ ਹੈ। ਖਾਸ ਤੌਰ ਤੇ ਬਠਿੰਡਾ ਸ਼ਹਿਰ ਦੇ ਸਰਕਾਰੀ ਸਕੂਲਾਂ ’ਚ ਤਾਇਨਾਤ ਅਧਿਆਪਕਾਂ ਲਈ ਤਾਂ ਇੱਕ ਨਵਾਂ ਸੰਕਟ ਬਣ ਗਿਆ ਹੈ ਜੋ ਸ਼ਹਿਰੀ ਸਕੂਲਾਂ ’ਚ ਨੌਕਰੀ ਕਰਨ ਨੂੰ ਪਿਛਲੇ ਕਈ ਦਹਾਕਿਆਂ ਤੋਂ ਹਿੰਗ ਨਾਂ ਫਟਕੜੀ ਰੰਗ ਚੋਖਾ ਹੀ ਚੋਖਾ ਮੰਨਦੇ ਆ ਰਹੇ ਹਨ। ਸ਼ਹਿਰ ਦੇ ਇੱਕ ਅਹਿਮ ਸਰਕਾਰੀ ਸਕੂਲ ’ਚ ਤਾਇਨਾਤ ਕੁੱਝ ਅਧਿਆਪਕਾਂ ਨੇ ਇਹ ਗੱਲ ਕਬੂਲ ਕੀਤੀ ਹੈ ਕਿ ਸਿੱਖਿਆ ਮੰਤਰੀ ਕਿਸੇ ਪਿੰਡ ਦੇ ਸਕੂਲ ’ਚ ਤਾਂ ਚੱਲਕੇ ਜਾਣਗੇ ਜਦੋਂਕਿ ਕਿਸੇ ਵੀ ਸ਼ਹਿਰੀ ਸਕੂਲ ਵਿੱਚ ਤਾਂ ਬਿਨਾਂ ਕਿਸੇ ਨੂੰ ਜਾਣਕਾਰੀ ਦਿੱਤਿਆਂ ਚੁੱਪ ਚੁਪੀਤੇ ਇੱਕ ਆਟੋ ਰਿਕਸ਼ਾ ਰਾਹੀਂ ਵੀ ਪੁੱਜਿਆ ਜਾ ਸਕਦਾ ਹੈ।
ਹੈਰਾਨੀਜਨਕ ਹੈ ਕਿ ਇਕੱਲੇ ਬਠਿੰਡਾ ਜਿਲ੍ਹੇ ’ਚ ਹੀ ਨਹੀਂ ਬਲਕਿ ਗੁਆਂਢੀ ਮਾਨਸਾ ’ਚ ਵੀ ਅਜਿਹੀਆਂ ਹੀ ਚਰਚਾਵਾਂ ਦਾ ਬਜ਼ਾਰ ਗਰਮ ਹੈ। ਮਾਨਸਾ ਜਿਲ੍ਹੇ ਦੇ ਇੱਕ ਪੇਂਡੂ ਪਰ ਸੜਕ ਤੇ ਸਥਿਤ ਸਕੂਲ ਦੇ ਅਧਿਆਪਕਾਂ ਦਾ ਕਹਿਣਾ ਸੀ ਕਿ ਜਦੋਂ ਸ਼ਾਦੀ ਤੈਅ ਹੋਈ ਸੀ ਤਾਂ ਉਦੋਂ ਡਾ. ਜਯੋਤੀ ਯਾਦਵ ਦੀ ਤਾਇਨਾਤੀ ਮਾਨਸਾ ਵਿਖੇ ਸੀ। ਜਦੋਂ ਸਿੱਖਿਆ ਮੰਤਰੀ ਨਾਲ ਵਿਆਹ ਹੋਇਆ ਤਾਂ ਉਨ੍ਹਾਂ ਦਿਨਾਂ ਦੌਰਾਨ ਵੀ ਇਸ ਤਰਾਂ ਦੀ ਚਰਚਾ ਚੱਲੀ ਸੀ ਪਰ ਬਾਅਦ ’ਚ ਉਨ੍ਹਾਂ ਨੇ ਬਦਲੀ ਕਰਵਾ ਲਈ ਤਾਂ ਖਤਰਾ ਟਲ ਗਿਆ ਸੀ। ਉਨ੍ਹਾਂ ਦੱਸਿਆ ਕਿ ਸਿੱਖਿਆ ਮੰਤਰੀ ਲਈ ਬਠਿੰਡਾ ਪੁੱਜਣ ਦੇ ਦੋ ਰਸਤੇ ਹਨ ਜਿਨ੍ਹਾਂ ’ਚ ਪਹਿਲਾ ਵਾਇਆ ਸੰਗਰੂਰ ਬਰਨਾਲਾ ਹੈ ਜਦੋਂਕਿ ਦੂਸਰਾ ਸੁਨਾਮ ਭੀਖੀ ਹੈ । ਉਨ੍ਹਾਂ ਕਿਹਾ ਕਿ ਬੇਸ਼ੱਕ ਸਹੀ ਕੰਮ ਕਾਰਨ ਵਾਲਿਆਂ ਨੂੰ ਨਿਰਸੰਦੇਹ ਕੋਈ ਚਿੰਤਾ ਨਹੀਂ ਹੁੰਦੀ ਪਰ ਸਿੱਖਿਆ ਮੰਤਰੀ ਸਕੂਲ ’ਚ ਆਉਣ, ਇਸ ਕਰਕੇ ਧੁੜਕੂ ਜਿਹਾ ਤਾਂ ਲੱਗਣਾ ਲਾਜਮੀ ਹੈ।
ਸਕੂਲਾਂ ’ਚ ਇੱਕ ਦੂਣੀ ਦੂਣੀ ਸ਼ੁਰੂ
ਸਿੱਖਿਆ ਵਿਭਾਗ ਦੇ ਇੱਕ ਅਧਿਕਾਰੀ ਨੇ ਸਕੂਲਾਂ ’ਚ ਬੱਚਿਆਂ ਨੂੰ ਪਹਾੜੇ ਯਾਦ ਕਰਵਾਉਣ ਦਾ ਫੁਰਮਾਣ ਚਾੜ੍ਹਿਆ ਹੈ। ਉਡਦੇ ਪੰਛੀ ਨੇ ਦੱਸਿਆ ਕਿ ਅਧਿਆਪਕ ਆਖਦੇ ਹਨ ਕਿ ਜੇਕਰ ਸਿੱਖਿਆ ਮੰਤਰੀ ਨੇ ਪਹਾੜੇ ਸੁਣ ਲਏ ਤਾਂ ਉਨ੍ਹਾਂ ਨਾਲ ਰਾਜਾ ਵੜਿੰਗ ਵਾਲੀ ਹੋ ਸਕਦੀ ਹੈ। ਦਰਅਸਲ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਭਾਸ਼ਣ ਦੌਰਾਨ ਬਾਰਾਂ-ਪਾਂਜੇ 48 ਬੋਲਣ ਕਾਰਨ ਕਾਫੀ ਘਮਸਾਨ ਛਿੜਿਆ ਸੀ। ਹਾਲਾਂਕਿ ਜਦੋਂ ਰਾਜਾ ਵੜਿੰਗ ਬੋਲ ਰਹੇ ਸਨ ਤਾਂ ਪਿਛੋਂ ਕਿਸੇ ਨੇ 48 ਬੋਲ ਦਿੱਤਾ ਜੋ ਉਨ੍ਹਾਂ ਦੁਰਹਾਇਆ ਸੀ। ਵੀਡੀਓ ’ਚ ਇਹ ਸੁਣਾਈ ਵੀ ਦੇ ਰਿਹਾ ਹੈ ਪਰ ਵਿਚਾਰਾ ਰਾਜਾ ਵੜਿੰਗ ਤਾਂ ਨਿਸ਼ਾਨਾ ਬਣਿਆ ਹੀ ਹੁਣ ਉਸ ਤੋਂ ਵੀ ਵੱਧ ਸਰਕਾਰੀ ਸਕੂਲਾਂ ਦੇ ਜੁਆਕ ਅਤੇ ਅਧਿਆਪਕ ਸਕੂਲਾਂ ’ਚ ਇੱਕ ਦੂਣੀ ਦੂਣੀ ਨਾਲ ਕੁਸ਼ਤੀ ਕਰ ਰਹੇ ਹਨ।
ਝਾੜੂ ਦੀ ਖੁਸ਼ਕੀ ਚੁੱਕੀ ਜਨਾਬ
ਹਾਕਮ ਧਿਰ ਨੂੰ ਹਾਰਾਕੇ ਨਵੇਂ ਚੁਣੇ ਜਿਲ੍ਹਾ ਪ੍ਰੀਸ਼ਦ ਦੇ ਮੈਂਬਰ ਨੇ ਕੁੱਝ ਦਿਨ ਪਹਿਲਾਂ ਉਸ ਥਾਣੇਦਾਰ ਨੂੰ ਸਿਫਾਰਸ਼ੀ ਫੋਨ ਖੜਕਾ ਦਿੱਤਾ ਜੋ ਗਠਜੋੜ ਸਰਕਾਰ ਵੇਲੇ ਅਕਾਲੀ ਦਲ ਦਾ ਚਹੇਤਾ ਮੰਨਿਆ ਜਾਂਦਾ ਸੀ। ਨੇਤਾ ਜੀ ਇਹ ਭੁੱਲ ਗਏ ਕਿ ਹੁਣ ਸਰਕਾਰ ਝਾੜੂ ਵਾਲਿਆਂ ਦੀ ਹੈ। ਨੇਤਾ ਜੀ ਨੇ ਟਿੱਚਰ ਕੀਤੀ ‘ਝਾੜੂ ਦੀ ਖੁਸ਼ਕੀ ਚੁੱਕੀ ਹੈ ਜਿਲ੍ਹਾ ਪ੍ਰੀਸ਼ਦ ਜਿੱਤੀ ਹੈ। ਅੱਗਿਆਂ ਟਿੱਚਰੀ ਥਾਣੇਦਾਰ ਨੇ ਟਿੱਚਰਾਂ ’ਚ ਆਖ ਦਿੱਤਾ ‘ਮੈਂਬਰ ਸਾਹਿਬ ਇਹ ਤਾਂ ਠੀਕ ਹੈ ਤੁਸੀਂ ਖੁਸ਼ਕੀ ਚੁੱਕੀ ਹੈ ਪਰ ਪਹਿਲਾਂ ਸਹੁੰ ਤਾਂ ਚੁੱਕ ਲਵੋ’ ਖੁਸ਼ਕੀ ਵੀ ਚੁੱਕ ਦਿਆਂਗੇ। ਨਿਮੋਝੂਣੇ ਨੇਤਾ ਜੀ ਹੁਣ ਪੰਜਾਬ ਸਰਕਾਰ ਨੂੰ ਕੋਸਦੇ ਫਿਰ ਰਹੇ ਹਨ ਜੋ ਸਹੁੰ ਨਹੀਂ ਚੁਕਾ ਰਹੀ ਹੈ।
ਹੁਣ ਡੀਸੀ ਦੀ ਗੱਡੀ ’ਚ ਕੌਣ
ਬਠਿੰਡਾ ’ਚ ਸਿਆਸੀ ਤੌਰ ਤੇ ਕਿਸ ਦੀ ਪੁੱਗਤ ਹੈ ਇਹ ਜਾਨਣ ਲਈ ਲੋਕ ਡੀਸੀ ਦੀ ਗੱਡੀ ਤੇ ਨਜ਼ਰ ਰੱਖਣ ਲੱਗੇ ਹਨ। ਪਿਛਲੇ ਦਿਨੀਂ ਇੱਕ ਪੁਲ ਦੇ ਉਦਘਾਟਨ ਮੌਕੇ ਲੋਕਾਂ ਨੂੰ ਉਮੀਦ ਸੀ ਕਿ ਡੀਸੀ ਨਾਲ ‘ਵੱਡੇ ਸਾਰੇ ਨੇਤਾ ਜੀ’ ਹੋਣਗੇ ਪਰ ਜਦੋਂ ਤਾਕੀਆਂ ਖੁੱਲ੍ਹੀਆਂ ਤਾਂ ਉਨ੍ਹਾਂ ਨਾਲ ਕੋਈ ਹੋਰ ਲੀਡਰ ਸੀ। ਉਡਦੇ ਪੰਛੀ ਨੇ ਦੱਸਿਆ ਕਿ ਉਮਰ ਦੇ ਛੋਟੇ ਪਰ ਕੱਦ ’ਚ ਵੱਡੇ ਨੇਤਾ ਦੀ ਕੋਠੀ ’ਚ ਰੌਣਕਾਂ ਹੁੰਦੀਆਂ ਹਨ ਪਰ ਵੱਡੇ ਲੀਡਰ ਦੇ ਬੂਹਾ ਸੁੰਨਾਂ ਹੁੰਦਾ ਹੈ ਜੋ ਸੱਤਾ ਦਾ ਰਾਜ ਦੱਸਣ ਲਈ ਕਾਫੀ ਹੈ।