Babushahi Special : ਸਿਆਸੀ ਕਲੋਲ: ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ ਛੱਡਕੇ ਮੈਦਾਨ ਭੱਜਗੇ- ਨੀਂ ਜਿੰਦੇ ਮੇਰੀਏ
ਅਸ਼ੋਕ ਵਰਮਾ
ਬਠਿੰਡਾ, 17 December 2025 : ਦਸੰਬਰ 2025: ਨਗਰ ਨਿਗਮ ਬਠਿੰਡਾ ਦੇ ਵਾਰਡ ਨੰਬਰ 48 ਦੀ ਜਿਮਨੀ ਚੋਣ ਦੌਰਾਨ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਦੇ ਥਾਪੜੇ ਨਾਲ ਮੌਜੂਦਾ ਮੇਅਰ ਪਦਮਜੀਤ ਸਿੰਘ ਮਹਿਤਾ ਖਿਲਾਫ ਚੋਣ ਲੜਨ ਵਾਲੇ ਬਲਵਿੰਦਰ ਸਿੰਘ ਬਿੰਦਰ ਨੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਸਿੰਘ ਮਹਿਤਾ ਦੀ ਅਗਵਾਈ ਹੇਠ ਮੁੜ ਤੋਂ ਝਾੜੂ ਚੁੱਕਦਿਆਂ ਮਹਿਤਾ ਪ੍ਰੀਵਾਰ ਨਾਲ ਹੱਥ ਮਿਲਾ ਲਿਆ ਹੈ। ਹਾਲਾਂਕਿ ਉਦੋਂ ਕੌਂਸਲਰ ਦੀ ਚੋਣ ਲੜਨ ਲਈ ਆਮ ਆਦਮੀ ਪਾਰਟੀ ਦੇ ਅਧਿਕਾਰਕ ਉਮੀਦਵਾਰ ਪਦਮਜੀਤ ਮਹਿਤਾ ਖਿਲਾਫ ਅਜਾਦ ਚੋਣ ਲੜਨ ਵਾਲੇ ਬਲਵਿੰਦਰ ਸਿੰਘ ਬਿੰਦਰ ਨੇ ਪਿਛਲੇ ਲੰਮੇਂ ਸਮੇਂ ਤੋਂ ਇੱਕ ਤਰਾਂ ਨਾਲ ਚੁੱਪ ਧਾਰੀ ਹੋਈ ਸੀ ਪਰ ਤਾਜਾ ਘਟਨਾਕ੍ਰਮ ਤੋਂ ਬਾਅਦ ਬਿੰਦਰ ਦੀਆਂ ਸਰਗਰਮੀਆਂ ’ਚ ਤੇਜੀ ਆਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਬਲਵਿੰਦਰ ਸਿੰਘ ਬਿੰਦਰ ਨੂੰ ਕੌਂਸਲਰ ਦੇ ਅਹੁਦੇ ਲਈ ਅਗਾਮੀ ਨਗਰ ਨਿਗਮ ਚੋਣ ਲੜਾਉਣ ਦਾ ਭਰੋਸਾ ਦਿੱਤਾ ਗਿਆ ਹੈ।
ਮੇਅਰ ਪਦਮਜੀਤ ਸਿੰਘ ਮਹਿਤਾ ਦੀ ਮੌਜੂਦਗੀ ’ਚ ਹੋਈ ਇਹ ਚੱਕ ਥੱਲ ਦੀ ਸ਼ਹਿਰੀ ਹਲਕੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਦਿਲਚਸਪੀ ਵਾਲੀ ਗੱਲ ਇਹ ਹੈ ਕਿ ਇਹ ਉਹੀ ਬਲਵਿੰਦਰ ਸਿੰਘ ਬਿੰਦਰ ਹੈ ਜਿਸ ਨੂੰ ਪਿਛਲੇ ਸਾਲ ਵਾਰਡ ਨੰਬਰ 48 ਦੀ ਹੋਈ ਜਿਮਨੀ ਚੋਣ ਲਈ ਆਮ ਆਦਮੀ ਪਾਰਟੀ ਨੇ ਬਠਿੰਡਾ ਸ਼ਹਿਰੀ ਹਲਕੇ ਤੋਂ ਵਿਧਾਇਕ ਜਗਰੂਪ ਸਿੰਘ ਗਿੱਲ ਦੀ ਸਿਫਾਰਸ਼ ਤੇ ਪਾਰਟੀ ’ਚ ਸ਼ਾਮਲ ਹੋਣ ਤੋਂ ਬਾਅਦ ਟਿਕਟ ਦਿੱਤੀ ਸੀ। ਪਾਰਟੀ ’ਚ ਸ਼ਮੂਲੀਅਤ ਲਈ ਵਿਧਾਇਕ ਜਗਰੂਪ ਗਿੱਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਤੱਤਕਾਲੀ ਆਗੂ ਬਲਵਿੰਦਰ ਸਿੰਘ ਬਿੰਦਰ ਨੂੰ ਚੰਡੀਗੜ੍ਹ ਲੈਕੇ ਗਏ ਸਨ। ਇਸ ਮੌਕੇ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਦੀ ਮੌਜੂਦਗੀ ‘ਚ ਬਿੰਦਰ ‘ਆਪ’ ’ਚ ਸ਼ਾਮਲ ਹੋਇਆ ਅਤੇ ਵਿਧਾਇਕ ਗਿੱਲ ਦੀ ਸਿਫਾਰਸ਼ ਤੇ ਹੀ ਉਨ੍ਹਾਂ ਨੂੰ ਉਮੀਦਵਾਰ ਬਣਾਇਆ ਗਿਆ ਸੀ। ਇਸ ਤਰਾਂ ਉਦੋਂ ਜਗਰੂਪ ਗਿੱਲ ਅਕਾਲੀ ਦਲ ਨੂੰ ਸਿਆਸੀ ਝਟਕਾ ਦੇਣ ਦੇ ਰੌਂਅ ਵਿੱਚ ਸਨ।
ਇਸ ਦੇ ਉਲਟ ਸਿਆਸੀ ਹੋਣੀ ਨੂੰ ਕੁੱਝ ਹੋਰ ਹੀ ਮਨਜੂਰ ਸੀ ਕਿ ਉਹ ਆਪਣੀ ਹੀ ਪਾਰਟੀ ਹੱਥੋਂ ਝਟਕੇ ਦੇ ਸ਼ਿਕਾਰ ਹੋ ਗਏ ਕਿਉਂਕਿ ਬਿੰਦਰ ਆਪਣੇ ਕਾਗਜ ਹੀ ਤਿਆਰ ਕਰ ਰਿਹਾ ਸੀ ਕਿ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਦੇ ਪੁੱਤਰ ਪਦਮਜੀਤ ਮਹਿਤਾ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਮਹੱਤਵਪੂਰਨ ਤੱਥ ਹੈ ਕਿ ੳਦੋਂ ਬਲਵਿੰਦਰ ਸਿੰਘ ਬਿੰਦਰ ਨੇ ਅਜ਼ਾਦ ਚੋਣ ਲੜੀ ਸੀ ਅਤੇ ਵਿਧਾਇਕ ਗਿੱਲ ਨੇ ਆਪਣੀ ਪਾਰਟੀ ਦੇ ਉਲਟ ਜਾਕੇ ਬਿੰਦਰ ਦੀ ਡਟਵੀਂ ਹਮਾਇਤ ਕੀਤੀ ਸੀ। ਬਿੰਦਰ ਜਿੱਤ ਤਾਂ ਨਹੀਂ ਸਕਿਆ ਪਰ ਇਸ ਜਿਮਨੀ ਚੋਣ ਨੇ ਮਹਿਤਾ ਅਤੇ ਗਿੱਲ ਵਿਚਕਾਰ ਲਕੀਰ ਖਿੱਚ ਦਿੱਤੀ। ਹੁਣ ਇੱਕ ਸਾਲ ਬਾਅਦ ਅਮਰਜੀਤ ਮਹਿਤਾ, ਬਿੰਦਰ ਨੂੰ ਆਪਣੇ ਨਾਲ ਜੋੜਨ ’ਚ ਸਫਲ ਹੋ ਗਏ ਹਨ । ਇਸ ਸਿਆਸੀ ਮਿਲਾਪ ਮੌਕੇ ਖੁਸ਼ ਨਜ਼ਰ ਆ ਰਹੇ ਬਲਵਿੰਦਰ ਸਿੰਘ ਬਿੰਦਰ ਦਾ ਕਹਿਣਾ ਸੀ ਕਿ ਉਨ੍ਹਾਂ ਸ਼ਹਿਰ ਦੇ ਵਿਕਾਸ ਲਈ ਇਹ ਫੈਸਲਾ ਲਿਆ ਹੈ।
ਦੱਸਣਯੋਗ ਹੈ ਕਿ ਨਗਰ ਨਿਗਮ ਬਠਿੰਡਾ ਦੀ ਫਰਵਰੀ 2021 ਵਿੱਚ ਚੋਣ ਹੋਈ ਸੀ। ਇਸ ਹਿਸਾਬ ਨਾਲ ਨਿਗਮ ਦੀ ਮਿਆਦ ਫਰਵਰੀ 2026 ’ਚ ਖਤਮ ਹੋ ਰਹੀ ਹੈ। ਜੇਕਰ ਪੰਜਾਬ ਸਰਕਾਰ ਕੋਈ ਤਬਦੀਲੀ ਨਹੀਂ ਕਰਦੀ ਤਾਂ ਫਰਵਰੀ ਜਾਂ ਮਾਰਚ ਦੌਰਾਨ ਚੋਣ ਕਰਵਾਈ ਜਾ ਸਕਦੀ ਹੈ। ਪਿਛਲੀ ਚੋਣਾਂ ਮੌਕੇ 53 ਸਾਲ ਬਾਅਦ ਤੱਤਕਾਲੀ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਅਗਵਾਈ ਹੇਠ ਕਾਂਗਰਸ 50 ਮੈਂਬਰੀ ਹਾਊਸ ਚੋਂ 43 ਸੀਟਾਂ ਜਿੱਤਣ ਨਾਲ ਕਰੀਬ ਤਿੰਨ ਚੌਥਾਈ ਬਹੁਮਤ ਹਾਸਲ ਸਫਲ ਰਹੀ ਸੀ। ਇਹਨਾਂ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਅਤੇ ਭਾਰਤੀ ਜੰਤਾ ਪਾਰਟੀ ਖਾਤਾ ਵੀ ਨਹੀਂ ਖੋਹਲ ਸਕੀਆਂ ਹਨ। ਇਸ ਦੇ ਉਲਟ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਨੇ ਚੋਣ ਜਿੱਤ ਲਈ ਅਤੇ ਜਗਰੂਪ ਗਿੱਲ ਵਿਧਾਇਕ ਬਣੇ ਸਨ। ਉਮੀਦ ਸੀ ਕਿ ਵਿਧਾਇਕ ਹੋਰਨਾਂ ਸ਼ਹਿਰਾਂ ਵਾਂਗ ਨਗਰ ਨਿਗਮ ਵਿੱਚ ਕੋਈ ਸਿਆਸੀ ਉਲਟਫੇਰ ਕਰਨ ’ਚ ਸਫਲ ਹੋਣਗੇ ਪਰ ਅਜਿਹਾ ਨਾਂ ਹੋ ਸਕਿਆ।
ਮਹਿਤਾ ਵੱਲੋਂ ਸਿਆਸੀ ਚਮਤਕਾਰ
ਸੂਤਰ ਦੱਸਦੇ ਹਨ ਕਿ ਆਪ ਦੀ ਸੂਬਾ ਲੀਡਰਸ਼ਿਪ ਨੂੰ ਵਿਧਾਇਕ ਜਗਰੂਪ ਗਿੱਲ ਤੋਂ ਜੋ ਆਸ ਸੀ ਉਹ ਚਮਤਕਾਰ ਅਮਰਜੀਤ ਮਹਿਤਾ ਨੇ ਕਰ ਦਿਖਾਇਆ। ਵਾਰਡ ਨੰਬਰ 48 ਦੀ ਚੋਣ ਜਿੱਤਣ ਤੋਂ ਬਾਅਦ ਕਾਂਗਰਸ ਪਾਰਟੀ ਦੀ ਫੁੱਟ ਦਾ ਲਾਹਾ ਲੈਂਦਿਆਂ ਜੋੜ ਤੋੜ ਰਾਹੀਂ ਸ੍ਰੀ ਮਹਿਤਾ ਆਪਣੇ ਲੜਕੇ ਪਦਮਜੀਤ ਮਹਿਤਾ ਨੂੰ ਮੇਅਰ ਬਨਾਉਣ ’ਚ ਸਫਲ ਹੋ ਗਏ। ਇਸ ਤੋਂ ਬਾਅਦ ਬਹੁਮੱਤ ’ਚ ਚੱਲ ਰਹੀ ਕਾਂਗਰਸ ਦੇ ਡਿਪਟੀ ਮੇਅਰ ਅਤੇ ਸੀਨੀਅਰ ਡਿਪਟੀ ਮੇਅਰ ਨੂੰ ਹਟਾਉਣ ’ਚ ਸਫਲਤਾ ਹਾਸਲ ਕਰ ਲਈ। ਮਹਿਤਾ ਪ੍ਰੀਵਾਰ ਤਾਂ ਆਪਣੀ ਰਣਨੀਤੀ ਤਹਿਤ ਸ਼ਾਮ ਲਾਲ ਜੈਨ ਨੂੰ ਸੀਨੀਅਰ ਡਿਪਟੀ ਮੇਅਰ ਬਨਾਉਣ ’ਚ ਸਫਲ ਰਿਹਾ ਹੈ।
ਮਹਿਤਾ ਪ੍ਰੀਵਾਰ ਦਾ ਹੱਥ ਉੱਤੇ
ਜਿਸ ਤਰਾਂ ਦੀ ਸਿਆਸੀ ਸਥਿਤੀ ਚੱਲ ਰਹੀ ਹੈ ਉਸ ਨੂੰ ਦੇਖਦਿਆਂ ਨਗਰ ਨਿਗਮ ਚੋਣਾਂ ਮੌਕੇ ਅਮਰਜੀਤ ਮਹਿਤਾ ਅਤੇ ਉਨ੍ਹਾਂ ਦੇ ਮੇਅਰ ਲੜਕੇ ਪਦਮਜੀਤ ਸਿੰਘ ਮਹਿਤਾ ਦਾ ਹੱਥ ਉੱਪਰ ਰਹਿਣ ਦੇ ਅਨੁਮਾਨ ਹਨ। ਬਿਨਾਂ ਸ਼ੱਕ ਰਾਜਨੀਤੀ ’ਚ ਕਦੇ ਵੀ ਕੋਈ ਤਬਦੀਲੀ ਹੋਣ ਦੀ ਸੰਭਾਵਨਾ ਰਹਿੰਦੀ ਹੈ ਪਰ ਸ਼ਹਿਰ ’ਚ ਇਹੋ ਚੁੰਝ ਚਰਚਾ ਚੱਲ ਰਹੀ ਹੈ। ਅਹਿਮ ਸਿਆਸੀ ਹਲਕਿਆਂ ਦੀ ਮੰਨੀਏ ਤਾਂ ਆਮ ਆਦਮੀ ਪਾਰਟੀ ਨੇ ਬਾਦਲਾਂ ਦੇ ਹਲਕੇ ਨਾਲ ਸਬੰਧ ਰੱਖਦੇ ਬਠਿੰਡਾ ਨਗਰ ਨਿਗਮ ਲਈ ਅੰਦਰੋ ਅੰਦਰੀ ਤਿਆਰੀਆਂ ਵਿੱਢ ਵੀ ਦਿੱਤੀਆਂ ਹਨ।