Babushahi Special : ਕਮਲ ਦੀ ਸਿਆਸੀ ਮਹਿਕ ਲਈ ਬਾਦਲਾਂ ਦੇ ਗੜ੍ਹ ’ਚ ਚੁੱਪ ਚੁਪੀਤੇ ਪੈਰ ਪਸਾਰਨ ਲੱਗੀ ਆਰਐਸਐਸ
ਅਸ਼ੋਕ ਵਰਮਾ
ਬਠਿੰਡਾ, 26 ਨਵੰਬਰ 2025: ਮਿਸ਼ਨ 2027 ਲਈ ਭਾਜਪਾ ਦੇ ਸਿਆਸੀ ਤੌਰ ਤੇ ਲੰਗੜੇ ਆਧਾਰ ਨੂੰ ਪੱਕੇ ਪੈਰੀਂ ਕਰਨ ਦੇ ਮੰਤਵ ਨਾਲ ਰਾਸ਼ਟਰੀ ਸਵੈਮ-ਸੇਵਕ ਸੰਘ (ਆਰ.ਐਸ.ਐਸ.) ਨੇ ਬਾਦਲਾਂ ਦੇ ਗੜ੍ਹ ’ਚ ਸਰਗਰਮੀਆਂ ਵਿੱਢ ਦਿੱਤੀਆਂ ਹਨ। ਹਾਲਾਂਕਿ ਆਰਐਸਐਸ ਪੰਜਾਬ ਵਿੱਚ ਪਹਿਲਾਂ ਤੋਂ ਹੀ ਸਰਗਰਮ ਹੈ ਪਰ ਸੰਘ ਦੇ ਵੱਡੇ ਆਗੂ ਫਿਲਹਾਲ ਮਾਲਵੇ ਦੇ ਜਿਲਿ੍ਹਆਂ ’ਚ ਵਧੇਰੇ ਜ਼ੋਰ ਦੇ ਰਹੇ ਹਨ ਕਿਉਂਕਿ ਇਸ ਪਾਸੇ ਭਾਜਪਾ ਦਾ ਆਧਾਰ ਕਾਫੀ ਘੱਟ ਹੈ। ਮਾਲਵਾ ਉਹ ਖਿੱਤਾ ਹੈ ਜੋ ਪੰਜਾਬ ’ਚ ਸੱਤਾ ਦਾ ਰਾਹ ਪੱਧਰਾ ਕਰਦਾ ਹੈ। ਆਰਐਸਐਸ ਨੂੰ ਸਿੱਧੇ ਤੌਰ ’ਤੇ ਭਾਜਪਾ ਦਾ ਵਿਚਾਰਧਾਰਕ ਮੂਲ ਸੰਗਠਨ ਮੰਨਿਆ ਜਾਂਦਾ ਹੈ, ਹਾਲਾਂਕਿ ਦੋਵੇਂ ਵੱਖ-ਵੱਖ ਕੰਮ ਕਰਦੇ ਹਨ। ਭਾਜਪਾ ਹਲਕਿਆਂ ਦਾ ਕਹਿਣਾ ਹੈ ਕਿ ਸਰਗਰਮੀਆਂ ਦਾ ਮੁੱਖ ਮਨੋਰਥ ਰਾਜਸੀ ਹੈ । ਸੰਘ ਭਾਜਪਾ ਦੀ ਮਜ਼ਬੂਤੀ ਚਾਹੁੰਦਾ ਹੈ ਅਤੇ ਇਹ ਇਸੇ ਰਣਨੀਤੀ ਦਾ ਹਿੱਸਾ ਹੈ।
ਜਾਣਕਾਰੀ ਅਨੁਸਾਰ ਸੰਘ ਲੀਡਰਸ਼ਿਪ ਨੇ ਸਮੁੱਚਾ ਪੰਜਾਬ ਛੇ ਵਿਭਾਗਾਂ ਵਿੱਚ ਵੰਡਿਆ ਹੈ। ਪਹਿਲੇ ਪੜਾਅ ਤਹਿਤ ਮੁਹਾਲੀ, ਪਟਿਆਲਾ, ਫਤਿਹਗੜ੍ਹ ਸਾਹਿਬ, ਬਰਨਾਲਾ, ਬਠਿੰਡਾ ਅਤੇ ਮੋਗਾ ਦੇ ਪੇਂਡੂ ਇਲਾਕਿਆਂ ਵਿੱਚ ਨਵੇਂ ਸਿਰਿਓਂ ਪੈਂਠ ਜਮਾਉਣ ਦੀ ਕੋਸ਼ਿਸ਼ ਕੀਤੀਆਂ ਜਾ ਰਹੀਆਂ ਹਨ। ਭਾਜਪਾ ਦੀ ਪੈਂਠ ਨੂੰ ਪੂਰੀ ਤਰਾਂ ਮਜਬੂਤ ਕਰਨ ਦੀ ਰਣਨੀਤੀ ਨੂੰ ਅੱਗੇ ਵਧਾਉਂਦਿਆਂ ਸੰਘ ਦੇ ਜਰਨਲ ਸਕੱਤਰ ਦੱਤਾ ਤ੍ਰੇਅ ਹੋਸਬਾਲੇ ਨੇ ਮੰਗਲਵਾਰ ਨੂੰ ਬਠਿੰਡਾ ਵਿਖੇ ਆਰਐਸਐਸ ਦੇ ਨਵੇਂ ਦਫਤਰ ਦਾ ਉਦਘਾਟਨ ਕੀਤਾ ਅਤੇ ਸੰਘ ਦੇ ਕਾਰਕੁੰਨਾਂ ਨੂੰ ਭਾਜਪਾ ਦੀ ਮਜਬੂਤੀ ਲਈ ਹੁਣ ਤੋਂ ਹੀ ਜੁਟ ਜਾਣ ਦਾ ਸੱਦਾ ਵੀ ਦਿੱਤਾ ਹੈ। ਮਾਲਵਾ ਖਿੱਤੇ ਦੇ ਆਪਣੀ ਕਿਸਮ ਦੇ ਪਹਿਲੇ ਅਤੀਆਧੁਨਿਕ ਕਿਸਮ ਦੇ ਇਸ ਤਿੰਨ ਮੰਜਿਲਾ ਦਫਤਰ ਦੇ ਚਾਲੂ ਹੋਣ ਤੋਂ ਬਾਅਦ ਆਰਐਸਐਸ ਆਗੂਆਂ ਨੂੰ ਬਠਿੰਡਾ ਦੇ ਸੰਘ ਦੀਆਂ ਸੰਗਠਨਾਤਮਕ ਗਤੀਵਿਧੀਆਂ ਦੇ ਮੁੱਖ ਕੇਂਦਰ ਬਿੰਦੂ ਵਜੋਂ ਉਭਰਨ ਦੀ ਉਮੀਦ ਹੈ
ਭਾਜਪਾ ਦੇ ਇੱਕ ਆਗੂ ਨੇ ਕਿਹਾ ਕਿ ਤਿੰਨ ਮੰਜਿਲਾ ਇਮਾਰਤ ਬਣਨ ਨਾਲ ਸੰਘ ਦੀ ਕਾਰਜਸ਼ੀਲਤਾ ਵਧੇਗੀ। ਉਨ੍ਹਾਂ ਦੱਸਿਆ ਕਿ ਸੰਘ ਦਾ ਇਸ ਤੋਂ ਪਹਿਲਾਂ ਵਾਲਾ ਦਫਤਰ ਤੁਲਨਾਤਮਕ ਤੌਰ ਤੇ ਹੁਣ ਨਾਲੋਂ ਛੋਟਾ ਸੀ। ਇਹੋ ਕਾਰਨ ਹੈ ਕਿ ਭਾਜਪਾ ਆਗੂ ਹੁਣ ਆਸਵੰਦ ਹਨ ਕਿ ਪਾਰਟੀ ਕਾਰਕੁੰਨ ਪਹਿਲਾਂ ਦੇ ਮੁਕਾਬਲੇ ਹੇਠਲੇ ਪੱਧਰ ਤੱਕ ਜਿਆਦਾ ਸਰਗਰਮ ਹੋ ਸਕਣਗੇ। ਖਾਸ ਤੌਰ ਤੇ ਬਠਿੰਡਾ ’ਚ ਜਿੱਥੇ ਹਿੰਦੂ ਭਾਈਚਾਰੇ ਦੀ ਅਬਾਦੀ ਕਾਫੀ ਜਿਆਦਾ ਹੈ। ਵਿਧਾਨ ਸਭਾ ਵਿੱਚ ਬਠਿੰਡਾ ਤੋਂ ਜਗਰੂਪ ਸਿੰਘ ਗਿੱਲ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ ਜਦੋਂਕਿ ਸ਼੍ਰੋਮਣੀ ਅਕਾਲੀ ਦਲ ਆਗੂ ਅਤੇ ਬਾਦਲ ਪ੍ਰੀਵਾਰ ਦੀ ਨੂੰਹ ਹਰਸਿਮਰਤ ਕੌਰ ਬਾਦਲ ਇੱਥੋਂ ਚੌਥੀ ਵਾਰੀ ਸੰਸਦ ਮੈਂਬਰ ਹੈ। ਸੂਤਰ ਦੱਸਦੇ ਹਨ ਕਿ ਆਰਐਸਐਸ ਦਾ ਇੱਕ ਨੁਕਾਤੀ ਏਜੰਡਾ ਦਿਹਾਤੀ ਖੇਤਰਾਂ ‘ਚ ਸਮਾਜ ਭਲਾਈ ਰਾਹੀਂ ਲੋਕਾਂ ਨਾਲ ਰਾਬਤਾ ਬਨਾਉਣਾਂ ਅਤੇ ਆਪਣੇ ਨਾਲ ਜੋੜਨਾ ਹੈ।
ਵੇਰਵਿਆਂ ਅਨੁਸਾਰ ਸੰਘ ਨੇ ਇਸ ਸਬੰਧ ਵਿਚ ਫਿਲਹਾਲ ਮਾਲਵਾ ਦੇ ਦਿਹਾਤੀ ਇਲਾਕੇ ਵਿੱਚ ਵਧੇਰੇ ਜ਼ੋਰ ਨਾਲ ਯਤਨ ਅਰੰਭ ਕੀਤੇ ਹਨ ਕਿਉਂਕਿ ਮਾਲਵੇ ਵਿੱਚ ਗੈਰ ਸਿੱਖ ਵੋਟਰਾਂ ਦੀ ਗਿਣਤੀ ਕਾਫੀ ਵੱਡੀ ਹੈ ਜਦੋਂਕਿ ਮੁਕਾਬਲੇ ’ਚ ਭਾਜਪਾ ਦਾ ਆਧਾਰ ਜਿਆਦਾ ਨਹੀਂ ਹੈ । ਇਸ ਇਲਾਕੇ ਵਿੱਚ ਐਤਕੀਂ ਧਰਮ ਨੂੰ ਆਧਾਰ ਨਹੀਂ ਬਣਾਇਆ ਜਾਵੇਗਾ ਤਾਂ ਜੋ ਸਿੱਖ ਭਾਈਚਾਰੇ ਦੇ ਵਿਰੋਧ ਤੋਂ ਬਚਿਆ ਜਾ ਸਕੇ। ਸੂਤਰਾਂ ਅਨੁਸਾਰ ਸਿੱਖ ਭਾਈਚਾਰੇ ਨੂੰ ਆਪਣੇ ਨਾਲ ਜੋੜਨ ਦੀ ਰਣਨੀਤੀ ਤਹਿਤ ਰਾਸ਼ਟਰੀ ਸਿੱਖ ਸੰਗਤ ਨੂੰ ਮੁੜ ਸਰਗਰਮ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਵਿਦਿਆਰਥੀ ਵਿੰਗ ਏਬੀਵੀਪੀ, ਭਾਰਤੀ ਮਜ਼ਦੂਰ ਸੰਘ, ਸੇਵਾ ਭਾਰਤੀ ਅਤੇ ਭਾਰਤ ਵਿਕਾਸ ਪ੍ਰੀਸ਼ਦ ਜਿਹੀਆਂ ਜਥੇਬੰਦੀਆਂ ਵਿੱਚ ਨਵੀਂ ਰੂਹ ਫੂਕਣ ਦੇ ਯਤਨ ਹੋ ਰਹੇ ਹਨ। ਸੰਘ ਨਾਲ ਜੁੜੇ ਇੱਕ ਆਗੂ ਅਨੁਸਾਰ ਇਸ ਮੁਹਿੰਮ ਨੂੰ ਰਾਜ ਵਿੱਚੋਂ ਭਰਵਾਂ ਹੁੰਗਾਰਾ ਮਿਲਣ ਦੀ ਆਸ ਹੈ।
ਆਰਐਸਐਸ ਸੂਤਰਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਉਹਨਾਂ ਖੇਤਰਾਂ ਸਬੰਧੀ ਰਣਨੀਤੀ ਘੜੀ ਗਈ ਹੈ ਜੋ ਇਸ ਸਮੇਂ ਨਸ਼ਿਆਂ ਤੇ ਬੇਕਾਰੀ ਦੀ ਮਾਰ ਹੇਠ ਆਏ ਹੋਏ ਹਨ। ਖੁਦ ਨੂੰ ਸਮਾਜ ਸੇਵੀ ਵਜੋਂ ਪੇਸ਼ ਕਰਦੇ ਸੰਘ ਦੀਆਂ ਸਹਿਯੋਗੀ ਸੰਸਥਾਵਾਂ ਦੇ ਕਾਰਕੁੰਨਾਂ ਨੂੰ ਯੋਗ ਕੈਂਪ ਅਤੇ ਸਿੱਖਿਆ ਅਦਿ ਗਤੀਵਿਧੀਆਂ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਜਿੰਨ੍ਹਾਂ ਸਦਕਾ ਆਮ ਲੋਕਾਂ ਨੂੰ ਆਪਣੇ ਤਰਫ ਖਿੱਚਿਆ ਜਾ ਸਕਦਾ ਹੈ। ਸੂਤਰਾਂ ਨੇ ਦੱਸਿਆ ਕਿ ਆਰਐਸਐਸ ਵਰਕਰਾਂ ਵੱਲੋਂ ਵਜ਼ੀਫਾ ਅਤੇ ਮੋਦੀ ਸਰਕਾਰ ਦੇ ਕਿਸਾਨੀ ਪ੍ਰਤੀ ਫੈਸਲਿਆਂ ਰਾਹੀਂ ਮਾਲਵਾ ਖਿੱਤੇ ਵਿੱਚ ਸਾਂਝ ਪਾਉਣ ਦੀ ਵੀ ਯੋਜਨਾ ਹੈ । ਸੂਤਰਾਂ ਮੁਤਾਬਕ ਇਸ ਵੇਲੇ ਪੰਜਾਬ ਵਿੱਚ ਆਰਐਸਐਸ ਦੀਆਂ 7 ਸੌ ਤੋਂ ਵੱਧ ਸ਼ਾਖਾਵਾਂ ਕੰਮ ਕਰ ਰਹੀਆਂ ਹਨ ਜਦੋਂਕਿ ਪੇਂਡੂ ਤੇ ਨੀਮ ਸ਼ਹਿਰੀ ਖੇਤਰਾਂ ਵਿੱਚ 200 ਹੋਰ ਸ਼ਾਖਾਵਾਂ ਕਾਇਮ ਕਰਨ ਸਬੰਧੀ ਵਿਚਾਰ ਚੱਲ ਰਿਹਾ ਹੈ।
ਸਿੱਖ ਚਿਹਰਿਆਂ ਤੇ ਟਿਕਣ ਲੱਗੀ ਪੰਜਾਲੀ
ਭਾਜਪਾ ਦੇ ਮੁਕਾਮੀ ਆਗੂ ਇਸ ਮੁੱਦੇ ਤੇ ਬੋਲਣ ਨੂੰ ਤਿਆਰ ਨਹੀਂ ਹਨ ਪਰ ਅਹਿਮ ਸੂਤਰਾਂ ਦੀ ਮੰਨੀਏ ਤਾਂ ਆਰਐਸਐਸ ਵੱਲੋਂ ਕਮਲ ਖਿੜਾਉਣ ਦੀ ਰਣਨੀਤੀ ਤਹਿਤ ਭਾਜਪਾ ਵਿੱਚ ਸ਼ਾਮਲ ਹੋਏ ਕੁੱਝ ਅਕਾਲੀ ਆਗੂਆਂ ਦੀਆਂ ਸੇਵਾਵਾਂ ਵੀ ਲੈਣ ਬਾਰੇ ਵੀ ਸੋਚਿਆ ਜਾ ਰਿਹਾ ਹੈ। ਇੰਨ੍ਹਾਂ ਵਿੱਚ ਇਕ ਸਾਬਕਾ ਪੁਲੀਸ ਅਧਿਕਾਰੀ ਵੀ ਸ਼ਾਮਲ ਹੈ ਜਿੰਨ੍ਹਾਂ ਨੂੰ ਸਿਆਸੀ ਹਲਕਿਆਂ ’ਚ ਬੁੱਧੀਜੀਵੀ ਵਜੋਂ ਸਤਿਕਾਰ ਦਿੱਤਾ ਜਾਂਦਾ ਹੈ ਜੋ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵਿੱਚ ਸਨ। ਜਾਣਕਾਰੀ ਅਨੁਸਾਰ ਇਸ ਕਾਰਜ ਲਈ ਸਿੱਖ ਚਿਹਰੇ ਮੋਹਰੇ ਵਾਲੇ ਭਾਜਪਾ ਆਗੂਆਂ ਦੀ ਚੋਣ ਕੀਤੀ ਗਈ ਹੈ ਜੋ ਚੋਣਾ ਮੌਕੇ ਦਿਹਾਤੀ ਹਲਕਿਆਂ ਵਿੱਚ ਜਾ ਕੇ ਪਾਰਟੀ ਦੇ ਪ੍ਰਚਾਰ ਪ੍ਰਸਾਰ ਲਈ ਯਤਨ ਕਰਨਗੇ।