ਮੈਨੂੰ ਧਾਰਮਿਕ ਤੌਰ 'ਤੇ ਬਦਨਾਮ ਕਰ ਰਹੀ ਵਿਰੋਧੀਆਂ ਦੀ ਤਿੱਕੜੀ; ਵੀਡੀਓ ਵਿਵਾਦ 'ਤੇ ਬੋਲੇ CM ਮਾਨ
ਵੀਡੀਓ ਵਿਵਾਦ 'ਤੇ CM ਭਗਵੰਤ ਮਾਨ ਦਾ ਵੱਡਾ ਬਿਆਨ: ਬੋਲੇ- "ਰਾਜਨੀਤਿਕ ਤੌਰ 'ਤੇ ਨਾਕਾਮ ਅਕਾਲੀ-ਭਾਜਪਾ-ਕਾਂਗਰਸ ਹੁਣ ਧਾਰਮਿਕ ਤੌਰ 'ਤੇ ਮੈਨੂੰ ਬਦਨਾਮ ਕਰਨ ਦੀ ਘਟੀਆ ਸਾਜ਼ਿਸ਼ ਰਚ ਰਹੇ ਨੇ"
ਫਰੈਂਸਿਕ ਲੈਬ ਦੀ ਰਿਪੋਰਟ ਤੋਂ ਘਬਰਾਈ ਭਾਜਪਾ; ਲੈਬ ਮਾਲਕਾਂ 'ਤੇ FIR ਦਾ ਡਰ ਦਿਖਾ ਕੇ ਟੋਰਚਰ ਕਰਨ ਦੇ ਲਾਏ ਦੋਸ਼
"ਮੈਂ ਪਬਲਿਕ ਦੇ ਕੋਟੇ ਦਾ ਬੰਦਾ, ਬਿਜਲੀ-ਪਾਣੀ, ਸਕੂਲ-ਹਸਪਤਾਲ ਅਤੇ ਨੌਕਰੀਆਂ ਦੇਣ ਦੀ ਸਪੀਡ ਇਵੇਂ ਹੀ ਰਹੇਗੀ ਜਾਰੀ" - ਮੁੱਖ ਮੰਤਰੀ
ਸੁਖਬੀਰ ਬਾਦਲ 'ਤੇ ਤਿੱਖਾ ਹਮਲਾ: "2 ਦਸੰਬਰ ਨੂੰ ਅਕਾਲ ਤਖ਼ਤ ਸਾਹਿਬ 'ਤੇ ਬੇਅਦਬੀ ਤੇ ਗੋਲੀ ਕਾਂਡ ਦੇ ਦੋਸ਼ ਕਬੂਲਣ ਵਾਲਿਆਂ ਦੇ ਬਾਈਕਾਟ ਦੇ ਪੋਸਟਰ ਕਿਉਂ ਨਹੀਂ ਲੱਗੇ?"
Babushahi Network
ਚੰਡੀਗੜ੍ਹ, 24 ਜੂਨ 2026: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਆਪਣੀ ਇੱਕ ਕਥਿਤ ਵੀਡੀਓ ਦੇ ਵਿਵਾਦ 'ਤੇ ਖੁੱਲ੍ਹ ਕੇ ਬੋਲਦਿਆਂ ਵਿਰੋਧੀ ਪਾਰਟੀਆਂ (ਅਕਾਲੀ-ਭਾਜਪਾ-ਕਾਂਗਰਸ) ਖ਼ਿਲਾਫ਼ ਤਿੱਖਾ ਹਮਲਾ ਬੋਲਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਨਾ ਤਾਂ ਰਾਜਨੀਤਿਕ ਤੌਰ 'ਤੇ ਅਤੇ ਨਾ ਹੀ ਸਮਾਜਿਕ ਤੌਰ 'ਤੇ ਪੰਜਾਬ ਵਿੱਚ ਮੂੰਹ ਦਿਖਾਉਣ ਜੋਗੀਆਂ ਰਹੀਆਂ ਹਨ, ਇਸੇ ਕਰਕੇ ਹੁਣ ਉਹ ਸੋਸ਼ਲ ਮੀਡੀਆ 'ਤੇ ਨਕਲੀ ਅਤੇ ਫਰਜ਼ੀ ਵੀਡੀਓਜ਼ ਪਾ ਕੇ ਉਨ੍ਹਾਂ ਨੂੰ ਧਾਰਮਿਕ ਤੌਰ 'ਤੇ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ।
ਵੀਡੀਓ ਦੀ ਸੱਚਾਈ ਬਾਰੇ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ, "ਮੇਰੇ ਤੁਰਨ ਜਾਂ ਖੜ੍ਹਨ ਦੇ ਅੰਦਾਜ਼ ਨੂੰ ਤੋੜ-ਮਰੋੜ ਕੇ ਪੇਸ਼ ਕਰਕੇ ਵੀਡੀਓ ਵਾਇਰਲ ਕੀਤੀ ਗਈ, ਪਰ ਸੰਗਤ ਸਭ ਜਾਣਦੀ ਹੈ। ਪੂਰੀ ਦੁਨੀਆ ਤੋਂ ਲੋਕਾਂ ਦੇ ਮੈਨੂੰ ਸੈਂਕੜੇ ਫ਼ੋਨ ਅਤੇ ਮੈਸੇਜ ਆਏ ਕਿ ਇਹ ਸ਼ਰੇਆਮ ਨਕਲੀ ਵੀਡੀਓ ਹੈ। ਜਦੋਂ ਅਸੀਂ ਇਸ ਦੀ ਜਾਂਚ ਫਰੈਂਸਿਕ ਲੈਬ ਤੋਂ ਕਰਵਾਈ, ਤਾਂ ਹੁਣ ਭਾਜਪਾ ਵਾਲੇ ਉਸ ਲੈਬ ਦੇ ਮਾਲਕਾਂ 'ਤੇ ਹਮਲੇ ਕਰ ਰਹੇ ਹਨ। ਉਨ੍ਹਾਂ ਨੂੰ FIR ਦਾ ਡਰ ਦਿਖਾ ਕੇ ਅਤੇ ਟੋਰਚਰ ਕਰਕੇ ਇਹ ਕਹਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਨੇ ਪੈਸੇ ਲੈ ਕੇ ਫਰਜ਼ੀ ਰਿਪੋਰਟ ਬਣਾਈ।" ਉਨ੍ਹਾਂ ਸਵਾਲ ਕੀਤਾ ਕਿ ਜਿਸ ਲੈਬ ਤੋਂ ਅਸੀਂ ਜਾਂਚ ਕਰਾਈ ਉਹ ਫਰਜ਼ੀ ਕਿਵੇਂ ਹੋ ਗਈ?
ਵਿਰੋਧੀਆਂ ਵੱਲੋਂ ਗੁਰਦੁਆਰਾ ਸਾਹਿਬਾਨ ਦੇ ਬਾਹਰ ਬਾਈਕਾਟ ਦੇ ਪੋਸਟਰ ਲਾਉਣ ਦੀ ਦਿੱਤੀ ਧਮਕੀ ਦਾ ਜਵਾਬ ਦਿੰਦਿਆਂ CM ਮਾਨ ਨੇ ਅਕਾਲੀ ਦਲ 'ਤੇ ਤਿੱਖੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ, "ਜਦੋਂ 2 ਦਸੰਬਰ ਨੂੰ ਅਕਾਲ ਤਖ਼ਤ ਸਾਹਿਬ 'ਤੇ ਸੁਖਬੀਰ ਬਾਦਲ ਨੇ ਖੁਦ ਮੰਨਿਆ ਸੀ ਕਿ ਉਹ ਬੇਅਦਬੀਆਂ ਦੇ ਦੋਸ਼ੀ ਹਨ, ਉਨ੍ਹਾਂ ਨੇ ਗੋਲੀਆਂ ਚਲਾਉਣ ਦੇ ਆਰਡਰ ਦਿੱਤੇ, ਸੰਗਤ 'ਤੇ ਪਾਣੀ ਦੀਆਂ ਬੁਛਾੜਾਂ ਛੱਡੀਆਂ ਅਤੇ ਉਨ੍ਹਾਂ ਅਫ਼ਸਰਾਂ ਦੇ ਪਰਿਵਾਰਾਂ ਨੂੰ ਟਿਕਟਾਂ ਦਿੱਤੀਆਂ, ਉਦੋਂ ਗੁਰਦੁਆਰਾ ਸਾਹਿਬ ਦੇ ਅੱਗੇ ਕਿਸੇ ਨੇ ਬੋਰਡ ਲਾਇਆ ਸੀ ਕਿ ਇਨ੍ਹਾਂ ਦਾ ਬਾਈਕਾਟ ਕਰੋ? ਇਹ ਲੋਕ ਅੱਜ ਵੀ ਹੰਕਾਰ ਵਿੱਚ ਹਨ।" ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ, ਭਾਜਪਾ ਅਤੇ ਕਾਂਗਰਸ ਨੇ ਹੁਣ ਮਿਲ ਕੇ ਇੱਕ ਸਾਂਝਾ ਮੋਰਚਾ ਬਣਾ ਲਿਆ ਹੈ ਕਿਉਂਕਿ ਪਿੰਡਾਂ, ਸੱਥਾਂ ਅਤੇ ਲੋਕ ਮਿਲਣੀ ਪ੍ਰੋਗਰਾਮਾਂ ਵਿੱਚ ਜੋ ਭਾਰੀ ਇਕੱਠ ਹੁੰਦਾ ਹੈ, ਉਹ ਇਨ੍ਹਾਂ ਤੋਂ ਜਰਿਆ ਨਹੀਂ ਜਾਂਦਾ।
ਉਨ੍ਹਾਂ ਕਿਹਾ, "ਮੈਂ ਲੋਕਾਂ ਦੇ ਕੋਟੇ ਦਾ ਬੰਦਾ ਹਾਂ ਅਤੇ ਜਿੰਨਾ ਚਿਰ ਜਨਤਾ ਮੇਰੇ ਨਾਲ ਹੈ, ਮੈਨੂੰ ਇਨ੍ਹਾਂ ਹੱਥਕੰਡਿਆਂ ਨਾਲ ਕੋਈ ਫ਼ਰਕ ਨਹੀਂ ਪੈਂਦਾ। ਮੈਂ ਪੰਜਾਬ ਦੇ ਭਲੇ ਲਈ ਆਪਣੀ ਸਪੀਡ ਇਵੇਂ ਹੀ ਰੱਖਾਂਗਾ। ਪੰਜਾਬ ਵਿੱਚ ਸਕੂਲ, ਹਸਪਤਾਲ, ਆਮ ਆਦਮੀ ਕਲੀਨਿਕ ਬਣ ਰਹੇ ਹਨ, ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ, ਛੱਪੜ ਸਾਫ਼ ਹੋ ਰਹੇ ਹਨ ਅਤੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚ ਰਿਹਾ ਹੈ।" ਅਖ਼ੀਰ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਪਿਆਰ ਹੀ ਉਨ੍ਹਾਂ ਨੂੰ ਥੱਕਣ ਨਹੀਂ ਦਿੰਦਾ ਅਤੇ ਉਹ ਅੱਜ ਵੀ ਲੋਕਾਂ ਦੇ ਦਰਬਾਰ ਵਿੱਚ ਜਾ ਰਹੇ ਹਨ। ਵੀਡੀਓ ਦੇ ਇਸ ਸਾਰੇ ਵਿਵਾਦ ਦਾ ਫ਼ੈਸਲਾ ਉਹ ਪੰਜਾਬ ਦੀ ਸੂਝਵਾਨ ਸੰਗਤ ਦੀ ਕਚਹਿਰੀ 'ਤੇ ਛੱਡਦੇ ਹਨ।
- Download Babushahi App
-
-