328 ਪਾਵਨ ਸਰੂਪਾਂ ਦਾ ਮਾਮਲਾ: SIT ਦੀ ਜਾਂਚ 'ਚ ਵੱਡਾ ਖੁਲਾਸਾ; ਬਿਨਾਂ ਰਿਕਾਰਡ ਤੋਂ ਮਿਲੇ 139 ਪਾਵਨ ਸਰੂਪ
ਅੰਮ੍ਰਿਤਸਰ/ਬੰਗਾ, 14 ਜਨਵਰੀ 2026- ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੇ ਲਾਪਤਾ ਹੋਣ ਸਬੰਧੀ ਚੱਲ ਰਹੀ ਜਾਂਚ ਵਿੱਚ ਇੱਕ ਬਹੁਤ ਹੀ ਅਹਿਮ ਮੋੜ ਆਇਆ ਹੈ। ਵਿਸ਼ੇਸ਼ ਜਾਂਚ ਟੀਮ (SIT) ਵੱਲੋਂ ਅੱਜ ਮਿਤੀ 14.01.2026 ਨੂੰ ਬੰਗਾ ਦੇ ਨਜ਼ਦੀਕ ਪਿੰਡ ਮਜ਼ਾਰਾ ਨੌ ਅਬਾਦ ਵਿਖੇ ਸਥਿਤ 'ਰਸੋਖਾਨਾ ਰਾਜਾ ਸਾਹਿਬ ਨਾਭ ਕੰਵਲ' ਵਿਖੇ ਪੜਤਾਲ ਕੀਤੀ ਗਈ, ਜਿਸ ਦੌਰਾਨ ਵੱਡੀਆਂ ਬੇਨਿਯਮੀਆਂ ਸਾਹਮਣੇ ਆਈਆਂ ਹਨ।
SIT ਦੀ ਪੜਤਾਲ ਦੌਰਾਨ ਇਸ ਅਸਥਾਨ 'ਤੇ ਕੁੱਲ 169 ਪਾਵਨ ਸਰੂਪ ਮੌਜੂਦ ਪਾਏ ਗਏ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਇਹਨਾਂ 169 ਸਰੂਪਾਂ ਵਿੱਚੋਂ 139 ਪਾਵਨ ਸਰੂਪਾਂ ਬਾਰੇ ਪ੍ਰਬੰਧਕੀ ਕਮੇਟੀ ਕੋਲ ਕੋਈ ਵੀ ਰਿਕਾਰਡ ਮੌਜੂਦ ਨਹੀਂ ਹੈ। ਜਾਂਚ ਵਿੱਚ ਪਾਇਆ ਗਿਆ ਕਿ ਸਿਰਫ਼ 30 ਸਰੂਪ ਹੀ ਐਸ.ਜੀ.ਪੀ.ਸੀ. (SGPC) ਵੱਲੋਂ ਸਾਲ 2009 ਵਿੱਚ ਅਧਿਕਾਰਤ ਤੌਰ 'ਤੇ ਜਾਰੀ ਕੀਤੇ ਗਏ ਸਨ।
ਇਹਨਾਂ ਵਿੱਚੋਂ 10 ਸਰੂਪ ਗੁਰਦੁਆਰਾ ਸਾਹਿਬ ਪਾਤਸ਼ਾਹੀ ਸੱਤਵੀਂ (ਪਿੰਡ ਦੁਸਾਂਝ ਖੁਰਦ) ਦੇ ਨਾਮ 'ਤੇ ਸਨ। 20 ਸਰੂਪ ਗੁਰਦੁਆਰਾ ਸਾਹਿਬ ਪਿੰਡ ਮਜ਼ਾਰਾ ਨੌ ਅਬਾਦ ਦੇ ਨਾਮ 'ਤੇ ਜਾਰੀ ਕੀਤੇ ਗਏ ਸਨ। ਇਹ ਪਾਵਨ ਸਰੂਪ ਸਬੰਧਿਤ ਗੁਰਦੁਆਰਾ ਸਾਹਿਬਾਨ ਦੀ ਬਜਾਏ 'ਰਸੋਖਾਨਾ ਰਾਜਾ ਸਾਹਿਬ ਨਾਭ ਕੰਵਲ' ਵਿਖੇ ਸੁਸ਼ੋਭਿਤ ਪਾਏ ਗਏ ਹਨ।
ਇਹ ਜਾਂਚ ਮੁਕੱਦਮਾ ਨੰਬਰ 168 (ਮਿਤੀ 17.12.2025), ਜੋ ਕਿ ਥਾਣਾ ਸੀ ਡਵੀਜ਼ਨ ਅੰਮ੍ਰਿਤਸਰ ਵਿਖੇ ਧਾਰਾ 295, 295-ਏ, 409, 465 ਅਤੇ 120-ਬੀ ਤਹਿਤ ਦਰਜ ਹੈ, ਦੇ ਸਬੰਧ ਵਿੱਚ ਕੀਤੀ ਗਈ ਹੈ। SIT ਨੇ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਦੇ ਬਿਆਨ ਦਰਜ ਕਰ ਲਏ ਹਨ ਅਤੇ ਮਾਮਲੇ ਦੀ ਹੋਰ ਡੂੰਘਾਈ ਨਾਲ ਪੜਤਾਲ ਜਾਰੀ ਹੈ।