ਹਸਪਤਾਲ ਢਾਹਾਂ ਕਲੇਰਾਂ ਵਿਖੇ ਆਧੁਨਿਕ ਥਰੀ ਡੀ ਨਾਲ ਦਿਮਾਗ ਅਤੇ ਰੀੜ੍ਹ ਦੀ ਹੱਡੀ ਦੇ ਇਲਾਜ ਦੀ ਸ਼ੁਰੂਆਤ
ਬੰਗਾ 27 ਜੂਨ () ਇਲਾਕੇ ਦੇ ਪ੍ਰਸਿੱਧ ਗੁਰੂ ਨਾਨਕ ਮਿਸ਼ਨ ਹਸਪਤਾਲ, ਢਾਹਾਂ ਕਲੇਰਾਂ ਵਿਖੇ ਨਿਊਰੋਸਰਜਰੀ ਵਿਭਾਗ ਵਿਚ ਦਿਮਾਗ ਅਤੇ ਰੀੜ੍ਹ ਦੀ ਹੱਡੀ ਨਾਲ ਸੰਬੰਧਿਤ ਬਿਮਾਰੀਆਂ ਦੇ ਇਲਾਜ ਅਤੇ ਅਪਰੇਸ਼ਨਾਂ ਲਈ ਅਤਿ-ਆਧੁਨਿਕ ਨਿਊਰੋ ਨੈਵੀਗੇਸ਼ਨ ਸਿਸਟਮ ਦੀ ਸ਼ੁਰੂਆਤ ਹਸਪਤਾਲ ਦੇ ਮੁੱਖ ਨਿਊਰੋਸਰਜਨ ਡਾ. ਜਸਦੀਪ ਸਿੰਘ ਸੈਣੀ ਐਮ.ਸੀ.ਐਚ. ਦੀ ਅਗਵਾਈ ਵਿਚ ਕਰ ਦਿੱਤੀ ਹੈ । ਇਸ ਤਕਨੀਕ ਦੇ ਨਾਲ ਮਰੀਜ਼ਾਂ ਨੂੰ ਵੱਡਾ ਲਾਭ ਪ੍ਰਾਪਤ ਹੋਵੇਗਾ । ਇਹ ਜਾਣਕਾਰੀ ਹਸਪਤਾਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਨੇ ਮੀਡੀਆ ਨੂੰ ਦਿੰਦੇ ਕਿਹਾ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਹਮੇਸ਼ਾ ਹੀ ਲੋਕਾਂ ਨੂੰ ਆਧੁਨਿਕ ਮੈਡੀਕਲ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਰਿਹਾ ਹੈ । ਇਸੇ ਤਹਿਤ ਹਸਪਤਾਲ ਵਿਚ ਆਧੁਨਿਕ ਥਰੀ ਡੀ ਨਿਊਰੋ ਨੈਵੀਗੇਸ਼ਨ ਸਿਸਟਮ ਮਰੀਜ਼ਾਂ ਨੂੰ ਉੱਚ ਪੱਧਰੀ ਨਿਊਰੋਸਰਜਰੀ ਸੇਵਾਵਾਂ ਦਾ ਆਰੰਭ ਕੀਤਾ ਗਿਆ ਹੈ।
ਇਸ ਮੌਕੇ ਡਾ. ਜਸਦੀਪ ਸਿੰਘ ਸੈਣੀ ਨੇ ਕੰਪਿਊਟਰਾਈਜ਼ਡ ਥਰੀ-ਡੀ ਨਿਊਰੋ ਨੈਵੀਗੇਸ਼ਨ ਸਿਸਟਮ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਨਵੀਂ ਤਕਨੀਕ ਨਾਲ ਦਿਮਾਗ ਦੇ ਟਿਊਮਰ, ਸਿਰ ਦੀਆਂ ਗੰਭੀਰ ਸੱਟਾਂ, ਰੀੜ੍ਹ ਦੀ ਹੱਡੀ ਦੇ ਰੋਗਾਂ ਤੇ ਹੋਰ ਜਟਿਲ ਨਿਊਰੋਸਰਜਰੀ ਦੇ ਗੰਭੀਰ ਕੇਸਾਂ ਦਾ ਵਿਚ ਇਲਾਜ ਅਤੇ ਅਪਰੇਸ਼ਨ ਮਿਆਰੀ ਢੰਗ ਨਾਲ ਹੋ ਸਕਦੇ ਹਨ । ਉਹਨਾਂ ਕਿਹਾ ਕਿ ਆਧੁਨਿਕ ਮੈਡੀਕਲ ਤਕਨਾਲੋਜੀ ਦੇ ਖੇਤਰ ਵਿੱਚ ਇਹ ਸਿਸਟਮ ਜੀਵਨ ਬਚਾਉਣ ਦੀ ਨਵੀਂ ਕੰਪਿਊਟਰਾਈਜ਼ਡ ਤਕਨੀਕ ਹੈ, ਜਿਸ ਦੀ ਵਰਤੋਂ ਨਾਲ ਛੋਟੇ ਚੀਰੇ ਰਾਹੀਂ ਅਪਰੇਸ਼ਨ ਕਰਨੇ ਸੰਭਵ ਹੋ ਗਏ ਹਨ । ਇਸ ਦੌਰਾਨ ਕੰਪਿਊਟਰ ਮੋਨੀਟਰ 'ਤੇ ਲਾਈਵ ਅਪਰੇਸ਼ਨ ਦੇਖਣ ਨਾਲ ਮਰੀਜ਼ ਦੇ ਸਰੀਰ ਦੇ ਤੰਦਰੁਸਤ ਟਿਸ਼ੂਆਂ ਨੂੰ ਨੁਕਸਾਨ ਨਹੀਂ ਹੁੰਦਾ ਹੈ। ਡਾ. ਸੈਣੀ ਨੇ ਦੱਸਿਆ ਕਿ ਇਸ ਤਕਨੀਕ ਵਿਚ ਮਰੀਜ਼ ਦੇ ਦਿਮਾਗ ਅਤੇ ਰੀੜ੍ਹ ਦੀ ਹੱਡੀ ਦੇ ਐਕਸੀਡੈਂਟ ਜਾਂ ਬਿਮਾਰੀ ਨਾਲ ਪ੍ਰਭਾਵਿਤ ਹਿੱਸੇ ਦੀ ਸਹੀ ਪਛਾਣ ਹੁੰਦੀ ਹੈ । ਰੀੜ੍ਹ ਦੀ ਹੱਡੀ ਦੇ ਅਪਰੇਸ਼ਨਾਂ ਵਿੱਚ ਵੀ ਸਕਰੂ ਅਤੇ ਇੰਪਲਾਂਟ ਬਹੁਤ ਸਟੀਕਤਾ ਨਾਲ ਲਗਾਏ ਜਾ ਸਕਦੇ ਹਨ । ਡਾ. ਸੈਣੀ ਨੇ ਕਿਹਾ ਕਿ ਥਰੀ ਡੀ ਨਿਊਰੋ ਨੈਵੀਗੇਸ਼ਨ ਸਿਸਟਮ ਆਧੁਨਿਕ ਨਿਊਰੋਸਰਜਰੀ ਦਾ ਅਹਿਮ ਹਿੱਸਾ ਬਣ ਚੁੱਕਾ ਹੈ ਅਤੇ ਇਸ ਤਕਨੀਕ ਨਾਲ ਹੋਣ ਵਾਲੇ ਅਪਰੇਸ਼ਨਾਂ ਨਾਲ ਮਰੀਜ਼ਾਂ ਨੂੰ ਵਧੇਰੇ ਸੁਰੱਖਿਅਤ ਅਤੇ ਮਿਆਰੀ ਇਲਾਜ ਦੀ ਸਹੂਲਤ ਮਿਲਦੀ ਹੈ । ਮਰੀਜ਼ ਛੇਤੀ ਤੰਦਰੁਸਤ ਹੁੰਦਾ ਹੈ ਅਤੇ ਹਸਪਤਾਲ ਵਿੱਚ ਘੱਟ ਰਹਿਣਾ ਪੈਂਦਾ ਹੈ। ਵਰਨਣਯੋਗ ਹੈ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਨਿਊਰੋਸਾਇੰਸ ਵਿਭਾਗ ਵਿਚ ਸਿਰ ਅਤੇ ਰੀੜ੍ਹ ਦੀ ਹੱਡੀ ਦੀਆਂ ਬਿਮਾਰੀਆਂ ਅਤੇ ਐਕਸੀਡੈਂਟਾਂ ਵਿਚ ਦੇ ਗੰਭੀਰ ਜਖਮੀਆਂ ਲਈ ਦੇ ਇਲਾਜ ਲਈ 24 ਘੰਟੇ ਮਾਹਿਰ ਡਾਕਟਰ ਸਾਹਿਬਾਨ ਮਰੀਜ਼ਾਂ ਦੀ ਸਾਂਭ ਸੰਭਾਲ ਲਈ ਤਾਇਨਾਤ ਹੁੰਦੇ ਹਨ, ਜਿੱਥੇ ਆਈ ਸੀ ਯੂ, ਐਚ.ਡੀ.ਯੂ. ਅਤੇ ਅਮਰਜੈਂਸੀ ਵਾਰਡ ਨਵੀਨਤਮ ਮੋਨੀਟਰਾਂ, ਵੈਂਟੀਲੇਟਰਾਂ ਅਤੇ ਹੋਰ ਜੀਵਨ ਬਚਾਉ ਯੰਤਰਾਂ ਨਾਲ ਲੈਸ ਹਨ ।
- Download Babushahi App
-
-