ਹਜ਼ਾਰਾਂ ਕਰੋੜ ਦੇ GST ਰਿਫੰਡ ਰੋਕ ਕੇ ਆਪ ਸਰਕਾਰ ਦਿਖਾ ਰਹੀ 16% ਵਾਧੇ ਦੇ ਫ਼ਰਜ਼ੀ ਆਂਕੜੇ, ਭਾਜਪਾ ਦਾ ਗੰਭੀਰ ਦੋਸ਼
– ਆਪ ਸਰਕਾਰ ਦੇ ਜੀਐਸਟੀ ਕਲੈਕਸ਼ਨ ਵਿੱਚ 16 % ਵਾਧੇ ਦੇ ਆਂਕੜੇ ਫਰਜ਼ੀ
– ਹਜ਼ਾਰਾਂ ਕਰੋੜ ਦੇ ਜੀਐਸਟੀ ਰਿਫ਼ੰਡ ਰੋਕ ਕੇ ਦਿਖਾ ਰਹੇ ਵਾਧਾ, ਵਪਾਰੀ ਪਰੇਸ਼ਾਨ
ਚੰਡੀਗੜ੍ਹ, 24 ਦਸੰਬਰ 2025- ਭਾਰਤੀ ਜਨਤਾ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਅਨਿਲ ਸਰੀਨ ਨੇ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਕਰਾਰਾ ਹਮਲਾ ਬੋਲਦਿਆਂ ਕਿਹਾ ਹੈ ਕਿ ਪੰਜਾਬ ਵਿੱਚ ਜੀ ਐਸ ਟੀ ਦੇ ਨਾਂਅ ‘ਤੇ ਖੁੱਲ੍ਹੀ ਲੁੱਟ, ਧਮਕੀ ਅਤੇ ਡਰ ਦਾ ਰਾਜ ਕਾਇਮ ਕੀਤਾ ਗਿਆ ਹੈ। ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਜੀ ਐਸ ਟੀ ਰੈਵਨਿਊ ‘ਚ 16 ਫੀਸਦੀ ਵਾਧੇ ਦੇ ਦਾਅਵੇ ਸਿਰਫ਼ ਅੰਕੜਿਆਂ ਦੀ ਹੇਰਾਫੇਰੀ ਅਤੇ ਜਨਤਾ ਨਾਲ ਧੋਖਾ ਹਨ।
ਅਨਿਲ ਸਰੀਨ ਨੇ ਕਿਹਾ ਕਿ ਅਪ੍ਰੈਲ ਤੋਂ ਨਵੰਬਰ ਤੱਕ 17,860 ਕਰੋੜ ਰੁਪਏ ਦੀ ਕਲੈਕਸ਼ਨ ਦਿਖਾ ਕੇ ਆਮ ਆਦਮੀ ਪਾਰਟੀ ਪੰਜਾਬ ਦੀ ਜਨਤਾ ਨੂੰ ਮੂਰਖ ਸਮਝ ਰਹੀ ਹੈ। ਹਕੀਕਤ ਇਹ ਹੈ ਕਿ ਵਪਾਰੀਆਂ ਦੇ ਜੀ ਐਸ ਟੀ ਰਿਫੰਡ ਜਾਨ ਬੁੱਝ ਕੇ ਮਹੀਨਿਆਂ ਤੋਂ ਰੋਕੇ ਹੋਏ ਹਨ, ਮਈ ਤੋਂ ਲੈ ਕੇ ਅੱਜ ਤੱਕ ਫਾਈਲਾਂ ਧੂੜ ਖਾ ਰਹੀਆਂ ਹਨ ਅਤੇ ਸਰਕਾਰ ਝੂਠਾ ਰੈਵਨਿਊ ਦਿਖਾ ਕੇ ਆਪਣੀ ਨਾਕਾਮੀ ਛੁਪਾ ਰਹੀ ਹੈ।
ਉਨ੍ਹਾਂ ਦੋਸ਼ ਲਗਾਇਆ ਕਿ ਜੀ ਐਸ ਟੀ ਵਿਭਾਗ ਨੂੰ ਹਰ ਵਪਾਰੀ ‘ਤੇ ਚਾਰ-ਚਾਰ ਇੰਸਪੈਕਸ਼ਨਾਂ ਅਤੇ ਹਰ ਮਹੀਨੇ ਲਗਭਗ 100 ਕਰੋੜ ਰੁਪਏ ਦੀ ਟਾਰਗੇਟਡ ਉਗਰਾਹੀ ਦੇ ਹੁਕਮ ਦਿੱਤੇ ਗਏ ਹਨ। ਅਧਿਕਾਰੀਆਂ ਵੱਲੋਂ ਪੈਨਲਟੀ ਦੇ ਨਾਂਅ ‘ਤੇ ਧਮਕੀਆਂ, ਨੋਟਿਸਾਂ ਦੀ ਬਾਰਿਸ਼ ਅਤੇ ਸਟੇਟ ਇੰਟੈਲੀਜੈਂਸ ਦੀ ਵਰਤੋਂ ਕਰਕੇ ਵਪਾਰੀਆਂ ਨੂੰ ਘੋਟਣ ਦੀ ਨੀਤੀ ਅਪਣਾਈ ਜਾ ਰਹੀ ਹੈ।
ਅਨਿਲ ਸਰੀਨ ਨੇ ਕਿਹਾ ਕਿ ਸਰਕਾਰ ਨੇ ਖੁਦ ਮੰਨਿਆ ਹੈ ਕਿ ਸਟੇਟ ਇੰਟੈਲੀਜੈਂਸ ਰਾਹੀਂ ਹੋਈ ਕਲੈਕਸ਼ਨ 321 ਕਰੋੜ ਤੋਂ ਵਧ ਕੇ 618 ਕਰੋੜ ਰੁਪਏ ਹੋ ਗਈ ਹੈ। ਇਹ ਸਾਫ਼ ਸਾਬਤ ਕਰਦਾ ਹੈ ਕਿ ਡਰਾ ਕੇ, ਧਮਕਾ ਕੇ ਅਤੇ ਗੋਡਾ ਟਿਕਾ ਕੇ ਪੈਸਾ ਕੱਢਿਆ ਜਾ ਰਿਹਾ ਹੈ, ਜਿਸਨੂੰ ਕਿਸੇ ਵੀ ਸੂਰਤ ‘ਚ ਟੈਕਸ ਸੁਧਾਰ ਨਹੀਂ ਕਿਹਾ ਜਾ ਸਕਦਾ।
ਭਾਜਪਾ ਆਗੂ ਨੇ ਸਿੱਧਾ ਸਵਾਲ ਕੀਤਾ ਕਿ ਜੇ ਸਚਮੁੱਚ ਰੈਵਨਿਊ ਵਧ ਰਿਹਾ ਹੈ ਤਾਂ ਫਿਰ ਅਧਿਆਪਕਾਂ, ਸਿਹਤ ਕਰਮਚਾਰੀਆਂ, ਨੈਸ਼ਨਲ ਹੈਲਥ ਮਿਸ਼ਨ ਦੇ ਮੁਲਾਜਮਾਂ, ਅਰਬਨ ਬਾਡੀਜ਼ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਆਪਣੀਆਂ ਤਨਖਾਹਾਂ ਅਤੇ ਪੈਨਸ਼ਨਾਂ ਲਈ ਸੜਕਾਂ ‘ਤੇ ਕਿਉਂ ਉਤਰਨਾ ਪੈ ਰਿਹਾ ਹੈ? ਇਹ ਸਾਬਤ ਕਰਦਾ ਹੈ ਕਿ ਪੰਜਾਬ ਦਾ ਖਜ਼ਾਨਾ ਖਾਲੀ ਹੈ ਅਤੇ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ।
ਅਨਿਲ ਸਰੀਨ ਨੇ ਕਿਹਾ ਕਿ ਇੱਕ ਪਾਸੇ ਆਮ ਆਦਮੀ ਪਾਰਟੀ ‘Ease of Business’ ਦੇ ਝੂਠੇ ਦਾਅਵੇ ਕਰ ਰਹੀ ਹੈ ਅਤੇ ਦੂਜੇ ਪਾਸੇ ਵਪਾਰੀਆਂ ਦੀ ਵਰਕਿੰਗ ਕੈਪਿਟਲ ਜ਼ਬਤ ਕਰਕੇ ਉਨ੍ਹਾਂ ਨੂੰ ਕਾਰੋਬਾਰ ਬੰਦ ਕਰਨ ਵੱਲ ਧੱਕਿਆ ਜਾ ਰਿਹਾ ਹੈ। ਇਸ ਦਾ ਨਤੀਜਾ ਕਾਲੇ ਧੰਦੇ, ਗੈਰਕਾਨੂੰਨੀ ਲੈਣ-ਦੇਣ ਅਤੇ ਆਰਥਿਕ ਅਰਾਜਕਤਾ ਦੇ ਰੂਪ ‘ਚ ਸਾਹਮਣੇ ਆਵੇਗਾ, ਜਿਸਦੀ ਪੂਰੀ ਜ਼ਿੰਮੇਵਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇਗੀ।
ਅਨਿਲ ਸਰੀਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਜੀ ਐਸ ਟੀ ਆਂਕੜੇ ਪੂਰੀ ਤਰ੍ਹਾਂ ਫਰਾਡ, ਜ਼ਬਰ ਅਤੇ ਧੋਖੇ ‘ਤੇ ਅਧਾਰਿਤ ਹੈ। ਭਾਰਤੀ ਜਨਤਾ ਪਾਰਟੀ ਇਸ ਟੈਕਸ ਟੈਰਰਿਜ਼ਮ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕਰੇਗੀ ਅਤੇ ਵਪਾਰੀਆਂ ਦਾ ਰਿਫ਼ੰਡ ਬਿਨਾਂ ਦੇਰੀ ਤੁਰੰਤ ਜਾਰੀ ਕਰੇ ।