ਸੰਗਰੂਰ ’ਚ ਆਮ ਆਦਮੀ ਕਲੀਨਿਕਾਂ ਦੇ ਮੁਲਾਜ਼ਮਾਂ ਦੀਆਂ ਪੱਗਾਂ ਰੋਲਣਾ ਸ਼ਰਮਨਾਕ; ਸੈਂਕੜੇ ਕਲੀਨਿਕ ਬੰਦ ਹੋਣ ਨਾਲ ਸਿਹਤ ਸੇਵਾਵਾਂ ਠੱਪ: ਢਿੱਲੋਂ
ਚੰਡੀਗੜ੍ਹ, 25 ਨਵੰਬਰ 2026- ਭਾਰਤੀ ਜਨਤਾ ਪਾਰਟੀ, ਪੰਜਾਬ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਮੁੱਖ ਮੰਤਰੀ ਪੰਜਾਬ ਦੇ ਗ੍ਰਹਿ ਜ਼ਿਲ੍ਹੇ ਸੰਗਰੂਰ ਵਿਖੇ ਅੱਜ ਆਪਣੇ ਹੱਕ ਮੰਗ ਰਹੇ ‘ਆਮ ਆਦਮੀ ਕਲੀਨਿਕ’ ਦੇ ਡਾਕਟਰਾਂ ਅਤੇ ਪੈਰਾ-ਮੈਡੀਕਲ ਸਟਾਫ਼ ’ਤੇ ਪੁਲਿਸ ਵੱਲੋਂ ਕੀਤੀ ਗਈ ਜ਼ਬਰਦਸਤ ਧੱਕਾਮੁੱਕੀ ਅਤੇ ਪੱਗਾਂ ਲਾਹੁਣ ਦੀ ਸ਼ਰਮਨਾਕ ਘਟਨਾ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਢਿੱਲੋਂ ਨੇ ਕਿਹਾ ਕਿ ਜਿਨ੍ਹਾਂ ਮੁਲਾਜ਼ਮਾਂ ਦੀ ਮਿਹਨਤ ਦੇ ਸਿਰ ’ਤੇ ਆਮ ਆਦਮੀ ਪਾਰਟੀ ਦੇਸ਼ ਭਰ ਵਿੱਚ ‘ਸਿਹਤ ਕ੍ਰਾਂਤੀ’ ਦਾ ਝੂਠਾ ਢੰਡੋਰਾ ਪਿੱਟਦੀ ਹੈ, ਅੱਜ ਮੁੱਖ ਮੰਤਰੀ ਦੀ ਕੋਠੀ ਤੋਂ 500 ਮੀਟਰ ਪਹਿਲਾਂ ਬੈਰੀਕੇਡ ਲਗਾ ਕੇ ਉਨ੍ਹਾਂ ਹੀ ਸਿਹਤ ਕਾਮਿਆਂ ਦਾ ਘਿਰਾਓ ਕੀਤਾ ਗਿਆ ਅਤੇ ਉਨ੍ਹਾਂ ਦੀਆਂ ਪੱਗਾਂ ਰੋਲੀਆਂ ਗਈਆਂ। ਇਹ ਘਟਨਾ ਸਾਬਤ ਕਰਦੀ ਹੈ ਕਿ ਮਾਨ ਸਰਕਾਰ ਕੋਲ ਆਪਣੇ ਹੀ ਕਰਮਚਾਰੀਆਂ ਦੇ ਮਸਲੇ ਹੱਲ ਕਰਨ ਦੀ ਕੋਈ ਨੀਅਤ ਨਹੀਂ ਹੈ।
ਸੂਬਾ ਪ੍ਰਧਾਨ ਨੇ ਕਿਹਾ ਕਿ ‘ਆਮ ਆਦਮੀ ਕਲੀਨਿਕ ਦੇ ਮੁਲਾਜ਼ਮਾਂ ਦੀ ਹੜਤਾਲ ਕੲਰਨ ਅੱਜ ਸੂਬੇ ਭਰ ਦੇ ਸੈਂਕੜੇ ਆਮ ਆਦਮੀ ਕਲੀਨਿਕ ਪੂਰੀ ਤਰ੍ਹਾਂ ਬੰਦ ਹਨ, ਜਿਸ ਕਾਰਨ ਗ਼ਰੀਬ ਅਤੇ ਲੋੜਵੰਦ ਮਰੀਜ਼ ਇਲਾਜ ਅਤੇ ਦਵਾਈਆਂ ਲਈ ਦਰ-ਦਰ ਭਟਕਣ ਲਈ ਮਜਬੂਰ ਹੋਏ। ਉਨ੍ਹਾਂ ਕਿਹਾ ਕਿ ਸਰਕਾਰ ਕਈ ਗੇੜਾਂ ਦੀਆਂ ਮੀਟਿੰਗਾਂ ਹੋਣ ਦੇ ਬਾਵਜੂਦ ਮੁਲਾਜ਼ਮਾਂ ਦੀਆਂ ਮੰਗਾਂ ਮੰਨਣ ਤੋਂ ਮੁੱਕਰ ਰਹੀ ਹੈ ਅਤੇ ਕੋਈ ਠੋਸ ਹੱਲ ਨਹੀਂ ਕੱਢਿਆ ਜਾ ਰਿਹਾ। ਨਤੀਜੇ ਵਜੋਂ, ਜਿਨ੍ਹਾਂ ਹੱਥਾਂ ਵਿੱਚ ਮਰੀਜ਼ਾਂ ਦੀ ਨਬਜ਼ ਅਤੇ ਸਟੈਥੋਸਕੋਪ ਹੋਣੀ ਚਾਹੀਦੀ ਸੀ, ਉਹ ਅੱਜ ਭੁੱਖ ਹੜਤਾਲਾਂ ਅਤੇ ਸੜਕੀ ਪ੍ਰਦਰਸ਼ਨਾਂ ਦਾ ਐਲਾਨ ਕਰਨ ਲਈ ਮਜਬੂਰ ਹਨ।
ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਹੱਕਾਂ ਲਈ ਲੜ ਰਹੇ ਮੁਲਾਜ਼ਮਾਂ ’ਤੇ ਜ਼ਬਰ ਕਰਨ ਵਾਲੀ ਆਮ ਆਦਮੀ ਪਾਰਟੀ ਦਾ ਅੰਤ ਨੇੜੇ ਹੈ। ਪੰਜਾਬ ਅਤੇ ਮੁਲਾਜ਼ਮ ਵਰਗ ਦੇ ਭਲੇ ਲਈ ਸਮੂਹ ਮੁਲਾਜ਼ਮਾਂ ਨੂੰ ਭਾਜਪਾ ਤੇ ਐਨਡੀਏ ਦਾ ਸਾਥ ਦੇਣਾ ਚਾਹੀਦਾ ਹੈ ਤਾਂ ਕਿ ਐਨਡੀਏ ਦੀ ਸਰਕਾਰ ਬਣਾ ਕੇ ਸਾਰੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾ ਸਕੇ।
- Download Babushahi App
-
-