ਸੜਕ ਸੁਰੱਖਿਆ ਮਹੀਨੇ ਤਹਿਤ ਅੱਖਾਂ ਦਾ ਜਾਂਚ ਕੈਂਪ ਲਗਾਇਆ
ਪ੍ਰਮੋਦ ਭਾਰਤੀ
ਨਵਾਂਸ਼ਹਿਰ 14 ਜਨਵਰੀ 2026- ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਆਰ.ਟੀ.ਏ ਆਫਿਸ ਵਲੋਂ ਸੜਕ ਸੁਰੱਖਿਆ ਮਹੀਨੇ ਤਹਿਤ ਡਰਾਈਵਿੰਗ ਲਾਇਸੰਸ ਬਣਾਉਣ ਲਈ ਆਏ ਬਿਨੈਕਾਰਾਂ ਲਈ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ। ਇਹ ਜਾਣਕਾਰੀ ਰਿਜਨਲ ਟਰਾਂਸਪੋਰਟ ਅਥਾਰਟੀ ਇੰਦਰਪਾਲ ਨੇ ਦਿੰਦਿਆਂ ਦੱਸਿਆ ਕਿ 1 ਜਨਵਰੀ ਤੋਂ 31 ਜਨਵਰੀ ਤੱਕ ਸੜਕ ਸੁੱਰਖਿਆ ਅਭਿਆਨ-2026 ਮਨਾਇਆ ਜਾ ਰਿਹਾ ਹੈ। ਜਿਸ ਤਹਿਤ ਜ਼ਿਲੇ ਅੰਦਰ ਵੱਖ-ਵੱਖ ਪ੍ਰੋਗਰਾਮ ਕਰਵਾ ਕੇ ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ।
ਉਨਾਂ ਨੇ ਦੱਸਿਆ ਕਿ ਡਰਾਈਵਿੰਗ ਲਾਇਸੰਸ ਬਣਾਉਣ ਆਏ ਬਿਨੈਕਾਰਾਂ ਦੀ ਸਹੂਲਤ ਲਈ ਇਹ ਕੈਂਪ ਲਗਾਇਆ ਗਿਆ ਹੈ, ਕਿਉਂਕਿ ਸਮੇਂ ਦੀ ਘਾਟ ਹੋਣ ਕਰ ਕੇ ਕਈ ਵਾਰ ਬਿਨੈਕਾਰ ਅੱਖਾਂ ਦੀ ਜਾਂਚ ਕਰਵਾਉਣ ਤੋਂ ਖੁੰਝ ਜਾਂਦੇ ਹਨ ਜਦਕਿ ਡਰਾਈਵਰੀ ਕਿੱਤੇ ’ਚ ਨਿਗ੍ਹਾ ਦਾ ਸਹੀ ਹੋਣਾ ਜ਼ਰੂਰੀ ਹੈ। ਉਨਾਂ ਬਿਨੈਕਾਰ ਨੂੰ ਅੱਖਾਂ ਦੀ ਦੇਖ-ਭਾਲ ਅਤੇ ਸਾਂਭ-ਸਭਾਲ ਬਾਰੇ ਵੀ ਸੁਚੇਤ ਕੀਤਾ।
ਉਨਾਂ ਦੱਸਿਆ ਕਿ ਮਨਾਏ ਜਾ ਰਹੇ ਸੜਕ ਸੁਰੱਖਿਆ ਮਹੀਨੇ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਖ-ਵੱਖ ਵਿਭਾਗਾਂ ਦੇ ਸਹਿਯੋਗ ਨਾਲ ਵੱਖ-ਵੱਖ ਸਕੂਲਾਂ ਕਾਲਜਾਂ, ਯੂਨੀਵਰਸਿਟੀ, ਟਰੱਕ ਯੂਨੀਅਨ, ਟੈਕਸੀ ਸਟੈਂਡ ਵਿਖੇ ਜਾ ਕੇ ਚਾਲਕਾਂ, ਨੌਜਵਾਨਾਂ ਅਤੇ ਪਬਲਿਕ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।