ਸੜਕ ਹਾਦਸਿਆਂ ਤੋਂ ਪੀੜਤ ਲੋਕਾਂ ਨੂੰ ਮੁਆਵਜ਼ਾ ਤੇਜੀ ਨਾਲ ਦਿਵਾਉਣ ਲਈ ਚਾਰ ਜ਼ਿਲ੍ਹਿਆਂ ਦੇ ਅਧਿਕਾਰੀਆਂ ਲਈ ਟ੍ਰੇਨਿੰਗ
-ਪਟਿਆਲਾ, ਸੰਗਰੂਰ, ਬਰਨਾਲਾ ਤੇ ਮਾਲੇਰਕੋਟਲਾ ਜ਼ਿਲ੍ਹਿਆਂ ਦੇ ਏ.ਡੀ.ਸੀਜ, ਆਰ.ਟੀ.ਓਜ, ਐਸ.ਡੀ.ਐਮਜ ਤੇ ਹੋਰ ਅਧਿਕਾਰੀ ਹੋਏ ਸ਼ਾਮਲ
ਪਟਿਆਲਾ, 24 ਦਸੰਬਰ :
ਸੜਕਾਂ ਉਪਰ ਟੱਕਰ ਮਾਰ ਕੇ ਭੱਜ ਜਾਣ ਦੇ ਵਾਪਰਦੇ ਹਾਦਸਿਆਂ ਦੇ ਪੀੜਤਾਂ ਨੂੰ ਤੇਜੀ ਨਾਲ ਮੁਆਵਜਾ ਦਿਵਾਉਣ ਲਈ ਟਰਾਂਸਪੋਰਟ ਵਿਭਾਗ ਪੰਜਾਬ ਦੀ ਲੀਡ ਏਜੰਸੀ ਆਨ ਰੋਡ ਸੇਫਟੀ, ਪੰਜਾਬ ਸਟੇਟ ਰੋਡ ਸੇਫ਼ਟੀ ਕੌਂਸਲ ਵੱਲੋਂ ਅੱਜ ਚਾਰ ਜ਼ਿਲ੍ਹਿਆਂ ਦੇ ਅਧਿਕਾਰੀਆਂ ਨੂੰ ਪਟਿਆਲਾ ਵਿਖੇ ਸਿਖਲਾਈ ਦਿੱਤੀ ਗਈ। ਸਾਬਕਾ ਪੀ.ਸੀ.ਐਸ. ਅਧਿਕਾਰੀ ਪਰਮਜੀਤ ਸਿੰਘ ਨੇ ਪਟਿਆਲਾ ਸਮੇਤ ਸੰਗਰੂਰ, ਬਰਨਾਲਾ ਤੇ ਮਾਲੇਰਕੋਟਲਾ ਤੇ ਏ.ਡੀ.ਸੀਜ ਜਨਰਲ, ਆਰ.ਟੀ.ਓਜ ਤੇ ਐਸ.ਡੀ.ਐਮਜ, ਸਿਵਲ ਸਰਜਨ, ਜ਼ਿਲ੍ਹਾ ਅਟਾਰਨੀ ਪ੍ਰਾਸੀਕਿਉਸ਼ਨ ਤੇ ਸੂਚੀਬੱਧ ਐਨ.ਜੀ.ਓਜ ਦੇ ਨੁਮਾਇੰਦਿਆਂ ਸਮੇਤ ਹੋਰ ਅਧਿਕਾਰੀਆਂ ਨੂੰ ਸਿਖਲਾਈ ਦਿੱਤੀ।
ਇਸ ਦੌਰਾਨ ਪਟਿਆਲਾ ਦੇ ਆਰ.ਟੀ.ਓ ਬਬਨਦੀਪ ਸਿੰਘ ਵਾਲੀਆ ਸਮੇਤ ਸੰਗਰੂਰ, ਬਰਨਾਲਾ ਤੇ ਮਾਲੇਰਕੋਟਲਾ ਦੇ ਆਰ.ਟੀ.ਓਜ ਤੋਂ ਇਲਾਵਾ ਪਟਿਆਲਾ ਜ਼ਿਲ੍ਹੇ ਦੇ ਸਮੂਹ ਐਸ.ਡੀ.ਐਮਜ ਨਮਨ ਮਾਰਕੰਨ, ਰਿਚਾ ਗੋਇਲ, ਹਰਜੋਤ ਕੌਰ, ਅਸ਼ੋਕ ਕੁਮਾਰ ਤੇ ਸੁਖਪਾਲ ਸਿੰਘ ਸਮੇਤ ਬਾਕੀ ਜ਼ਿਲ੍ਹਿਆਂ ਦੇ ਐਸ.ਡੀ.ਐਮਜ ਅਤੇ ਡੀ.ਐਸ.ਪੀ ਟ੍ਰੈਫਿਕ ਪੁਨੀਤ ਸਿੰਘ ਚਹਿਲ ਆਦਿ ਤੇ ਹੋਰ ਅਧਿਕਾਰੀਆਂ ਨੇ ਵੀ ਸ਼ਮੂਲੀਅਤ ਕੀਤੀ। ਇਸ ਮੌਕੇ ਇਨ੍ਹਾਂ ਜ਼ਿਲ੍ਹਿਆਂ ਅੰਦਰ ਹਿੱਟ ਐਂਡ ਰੰਨ ਕੇਸਾਂ ਦੇ ਮੁਆਵਜੇ ਦੇਣ ਦੇ ਸਾਲ 2022, 23 ਤੇ 2024 ਦੇ ਲੰਬਿਤ ਕੇਸਾਂ ਨੂੰ ਛੇਤੀ ਨਿਪਟਾਉਣ ਲਈ ਵੀ ਹਦਾਇਤ ਕੀਤੀ ਗਈ।
ਇਸ ਸਿਖਲਾਈ ਦੌਰਾਨ ਪਰਮਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਟਰਾਂਸਪੋਰਟ ਮੰਤਰੀ ਵੱਲੋਂ ਇਸ ਬਾਬਤ ਸਖ਼ਤ ਨਿਰਦੇਸ਼ ਹਨ ਕਿ ਅਜਿਹੇ ਮਾਮਲਿਆਂ ਦਾ ਨਿਪਟਾਰਾ ਤੁਰੰਤ ਕਰਕੇ ਹਿੱਟ ਐਂਡ ਰੰਨ ਹਾਦਸਿਆਂ ਦੇ ਪੀੜਤਾਂ ਨੂੰ ਜਿੱਥੇ ਨਿਆਂ ਦਿਵਾਇਆ ਜਾਵੇ, ਉਥੇ ਹੀ ਉਨ੍ਹਾਂ ਨੂੰ ਬਣਦਾ ਮੁਆਵਜਾ ਦਿਵਾਉਣ 'ਚ ਵੀ ਦੇਰੀ ਨਾ ਕੀਤੀ ਜਾਵੇ।