ਸ੍ਰੀ ਹਰਿਮੰਦਰ ਸਾਹਿਬ 'ਤੇ ਹਮਲੇ ਦੀ ਸਾਜਿਸ਼ ਦਾ ਮਾਮਲਾ: ਭਾਰਤੀ ਫ਼ੌਜ ਦੇ ਦਾਅਵੇ ਨੂੰ ਸ਼੍ਰੋਮਣੀ ਕਮੇਟੀ ਨੇ ਕੀਤਾ ਖ਼ਾਰਜ
ਅੰਮ੍ਰਿਤਸਰ, 19 ਮਈ 2025- ਪਾਕਿਸਤਾਨ ਦੁਆਰਾ ਦਰਬਾਰ ਸਾਹਿਬ ਅੰਮ੍ਰਿਤਸਰ 'ਤੇ ਹਮਲਾ ਕਰਨ ਦੀ ਸਾਜਿਸ਼ ਨੂੰ ਬੇਨਕਾਬ ਕਰਦਿਆਂ ਹੋਇਆ, ਭਾਰਤੀ ਫ਼ੌਜ ਨੇ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਦਰਬਾਰ ਸਾਹਿਬ ਤੇ ਪਾਕਿਸਤਾਨੀ ਫ਼ੌਜ ਨੇ ਹਵਾਈ ਹਮਲਾ ਕੀਤਾ ਜਾਣਾ ਸੀ, ਜਿਸਨੂੰ ਫ਼ੌਜ ਨੇ ਬੇਨਕਾਬ ਕੀਤਾ। ਫ਼ੌਜ ਦੇ ਇਸ ਬਿਆਨ ਤੋਂ ਬਾਅਦ ਐਸਜੀਪੀਸੀ ਦਾ ਵੀ ਬਿਆਨ ਸਾਹਮਣੇ ਆਇਆ ਹੈ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਜਿੱਥੇ ਫ਼ੌਜ ਦੇ ਦਾਅਵੇ ਨੂੰ ਖਾਰਜ ਕੀਤਾ, ਉਥੇ ਹੀ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ 'ਤੇ ਹਮਲਾ ਕਰਨ ਬਾਰੇ ਕੋਈ ਵੀ ਫੌਜ ਮੁਖੀ ਸੋਚ ਨਹੀਂ ਸਕਦਾ। ਉਨ੍ਹਾਂ ਕਿਹਾ ਕਿ ਇਹ ਲੋਕਾਂ ਦੀ ਆਸਥਾ ਦਾ ਕੇਂਦਰ ਹੈ ਅਤੇ ਇੱਥੇ ਹਰ ਰੋਜ਼ ਲੱਖਾਂ ਸੰਗਤਾਂ ਨਤਮਸਤਕ ਹੁੰਦੀਆਂ ਹਨ ਅਤੇ ਗੁਰੂ ਘਰ ਤੋਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਸੰਗਤਾਂ ਬੇਖੌਫ ਹੋ ਕੇ ਇੱਥੇ ਲਗਾਤਾਰ ਦਰਸ਼ਨ ਕਰਨ ਲਈ ਆ ਰਹੀਆਂ ਹਨ ਜੋ ਨਿਰੰਤਰ ਜਾਰੀ ਹੈ।