ਸੁਖਬੀਰ ਬਾਦਲ ਵੱਲੋਂ ਗੁਰਦਾਸਪੁਰ ਤੇ ਜਲੰਧਰ ’ਚ ਵੰਡਣ ਵਾਸਤੇ 100 ਟਰੱਕ ਮੱਕੀ ਦੇ ਅਚਾਰ ਦੇ ਰਵਾਨਾ
ਐਲਾਨ ਕੀਤਾ ਕਿ ਪਾਰਟੀ ਹੜ੍ਹਾਂ ਨਾਲ ਪ੍ਰਭਾਵਤ 50,000 ਗਰੀਬ ਪਰਿਵਾਰਾਂ ਨੂੰ ਕਣਕ ਵੰਡੇਗੀ
ਪੰਜਾਬ ਸਰਕਾਰ ਨੂੰ ਆਖਿਆ ਕਿ ਉਹ ਬਾਕੀ ਰਹਿੰਦੇ 2 ਲੱਖ ਏਕੜ ਵਿਚ ਸਰਟੀਫਾਈਡ ਬੀਜ ਵੰਡੇ, ਕਿਉਂਕਿ 2 ਲੱਖ ਦੀ ਜ਼ਿੰਮੇਵਾਰੀ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਨੇ ਲਈ ਹੈ। ਇਹ ਵੀ ਕਿਹਾ ਕਿ ਹੜ੍ਹ ਪ੍ਰਭਾਵਤ ਕਿਸਾਨਾਂ ਨੂੰ ਡੀ ਏ ਪੀ ਵੀ ਵੰਡੇ
ਚਮਕੌਰ ਸਾਹਿਬ, 20 ਸਤੰਬਰ 2025: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਗੁਰਦਾਸਪੁਰ ਅਤੇ ਜਲੰਧਰ ਵਿਚ ਹੜ੍ਹ ਮਾਰੇ ਇਲਾਕਿਆਂ ਵਿਚ ਪਸ਼ੂਆਂ ਨੂੰ ਪਾਉਣ ਲਈ 100 ਟਰੱਕ ਮੱਕੀ ਦੇ ਅਚਾਰ ਦੇ ਰਵਾਨਾ ਕੀਤੇ ਅਤੇ ਉਹਨਾਂ ਇਹ ਵੀ ਐਲਾਨ ਕੀਤਾ ਕਿ ਅਗਲੇ ਇਕ ਮਹੀਨੇ ਵਿਚ ਪਾਰਟੀ ਹੜ੍ਹਾਂ ਨਾਲ ਪ੍ਰਭਾਵਤ 50,000 ਗਰੀਬ ਪਰਿਵਾਰਾਂ ਨੂੰ ਕਣਕ ਵੀ ਵੰਡੇਗੀ ਤਾਂ ਜੋ ਉਹਨਾਂ ਨੂੰ ਪੈਰਾਂ ਸਿਰ ਕੀਤਾ ਜਾ ਸਕੇ।
ਅੱਜ ਇਥੇ ਅਨਾਜ ਮੰਡੀ ਤੋਂ ਟਰੱਕ ਰਵਾਨਾ ਕਰਨ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਬਾਦਲ ਨੇ ਕਿਹਾ ਕਿ ਪਾਰਟੀ ਆਬ਼ਜਵਰ ਜਿਹਨਾਂ ਨੇ ਹੜ੍ਹ ਪ੍ਰਭਾਵਤ ਪਿੰਡਾਂ ਦਾ ਦੌਰਾ ਕੀਤਾ ਹੈ, ਨੇ ਦੱਸਿਆ ਹੈ ਕਿ ਪਸ਼ੂਆਂ ਲਈ ਚਾਰੇ ਦੀ ਬਹੁਤ ਘਾਟ ਹੈ ਤੇ ਇਸ ਵਾਸਤੇ ਪਾਰਟੀ ਨੇ ਹੜ੍ਹ ਪ੍ਰਭਾਵਤ ਇਲਾਕਿਆਂ ਵਿਚ ਵੰਡਣ ਵਾਸਤੇ ਮੱਕੀ ਦਾ ਅਚਾਰ ਖਰੀਦਣ ਦਾ ਫੈਸਲਾ ਕੀਤਾ ਹੈ। ਉਹਨਾਂ ਕਿਹਾ ਕਿ ਨਾਲ ਹੀ ਇਹ ਵੀ ਰਿਪੋਰਟ ਆਈ ਕਿ ਗਰੀਬ ਲੋਕਾਂ ਕੋਲ ਰਾਸ਼ਨ ਦੀ ਘਾਟ ਹੈ ਕਿਉਂਕਿ ਉਹਨਾਂ ਦਾ ਇਕ ਮਹੀਨੇ ਤੋਂ ਸਭ ਕੁਝ ਰੁੜ੍ਹ ਗਿਆ ਹੈ। ਉਹਨਾਂ ਕਿਹਾ ਕਿ ਇਸ ਵਾਸਤੇ ਅਸੀਂ ਫੈਸਲਾ ਕੀਤਾ ਹੈ ਕਿ ਅਸੀਂ 50 ਹਜ਼ਾਰ ਪਰਿਵਾਰਾਂ ਨੂੰ ਕਣਕ ਪ੍ਰਦਾਨ ਕਰਾਂਗੇ।
ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੋਵੇਂ ਇਕ-ਇਕ ਲੱਖ ਏਕੜ ਜ਼ਮੀਨ ਵਾਸਤੇ ਸਰਟੀਫਾਈਡ ਬੀਜ ਵੰਡਣਗੇ। ਉਹਨਾਂ ਕਿਹਾ ਕਿ ਹੁਣ ਜਦੋਂ ਅਸੀਂ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਨੇ ਮਿਲ ਕੇ 2 ਲੱਖ ਏਕੜ ਵਾਸਤੇ ਸਰਟੀਫਾਈਡ ਬੀਜ ਵੰਡਣ ਦੀ ਜ਼ਿੰਮੇਵਾਰੀ ਲੈ ਲਈ ਹੈ ਤਾਂ ਮੈਂ ਪੰਜਾਬ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਉਹ ਹੜ੍ਹਾਂ ਨਾਲ ਪ੍ਰਭਾਵਤ ਬਾਕੀ ਰਹਿੰਦੇ 2 ਲੱਖ ਏਕੜ ਵਾਸਤੇ ਸਰਟੀਫਾਈਡ ਬੀਜ ਪ੍ਰਦਾਨ ਕਰੇ।
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਸਾਰੇ 4 ਲੱਖ ਏਕੜ ਜ਼ਮੀਨ ਵਾਸਤੇ ਕਿਸਾਨਾਂ ਨੂੰ ਡੀ ਏ ਪੀ ਵੰਡਣ ਦੀ ਜ਼ਿੰਮੇਵਾਰੀ ਵੀ ਲੈਣੀ ਚਾਹੀਦੀ ਹੈ ਤੇ ਟਰੈਕਟਰ ਲਗਾ ਕੇ ਜ਼ਮੀਨ ਸਾਫ ਕਰਨ ਦੀ ਜ਼ਿੰਮੇਵਾਰੀ ਵੀ ਚੁੱਕਣੀ ਚਾਹੀਦੀ ਹੈ। ਬਾਦਲ ਨੇ ਕਿਹਾ ਕਿ ਅਕਾਲੀ ਦਲ ਜਲਦੀ ਹੀ ’ਟਰੈਕਟਰ ਸੇਵਾ’ ਸ਼ੁਰੂ ਕਰੇਗਾ ਜਿਸ ਤਹਿਤ ਹੜ੍ਹਾਂ ਨਾਲ ਪ੍ਰਭਾਵਤ ਖੇਤੀਬਾੜੀ ਜ਼ਮੀਨ ਵਿਚੋਂ ਰੇਤਾ ਕੱਢਣ ਵਾਸਤੇ ਡੀਜ਼ਲ ਮੁਫਤ ਦਿੱਤਾ ਜਾਵੇ। ਬਾਦਲ ਨੇ ਕਿਹਾ ਕਿ ਪਾਰਟੀ ਨੇ ਸਾਰੇ ਹੜ੍ਹ ਰਾਹਤ ਕਾਰਜਾਂ ਨੂੰ ਨਿਯਮਿਤ ਤੌਰ ’ਤੇ ਚਲਾਉਣ ਵਾਸਤੇ ਇਕ ਨਿਗਰਾਨ ਕਮੇਟੀ ਬਣਾਈ ਹੈ। ਉਹਨਾਂ ਕਿਹਾ ਕਿ ਅਸੀਂ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ ਉਹਨਾਂ ਦੇ ਪੈਰਾਂ ਸਿਰ ਕਰਨ ਵਾਸਤੇ ਸਹਾਇਤਾ ਪ੍ਰਦਾਨ ਕਰ ਰਹੇ ਹਾਂ। ਉਹਨਾਂ ਕਿਹਾ ਕਿ ਅਕਾਲੀ ਦਲ ਦੇ ਵਰਕਰ ਉਹਨਾਂ ਦੇ ਖੇਤਾਂ ਨੂੰ ਪਹਿਲਾਂ ਵਰਗਾ ਕਰਨ ਵਾਸਤੇ ਕਿਸਾਨਾਂ ਦੇ ਨਾਲ ਰਲ ਕੇ ਕੰਮ ਕਰਨਗੇ।
ਉਹਨਾਂ ਨੇ ਹੋਰ ਸਿਆਸੀ ਪਾਰਟੀਆਂ ਤੇ ਦੇਸ਼ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਹੜ੍ਹ ਮਾਰੇ ਪੰਜਾਬ ਦੇ ਕਿਸਾਨਾਂ ਦੀ ਮਦਦ ਵਾਸਤੇ ਅੱਗੇ ਆਉਣ। ਉਹਨਾਂ ਕਿਹਾ ਕਿ ਖਾਲਸਾ ਪੰਥ ਅਤੇ ਪੰਜਾਬੀ ਦੇਸ਼ ਵਿਚ ਕਿਤੇ ਵੀ ਕੁਦਰਤੀ ਆਫ ਆਉਣ ’ਤੇ ਲੋਕਾਂ ਦੀ ਮਦਦ ਵਾਸਤੇ ਬਹੁੜਦੇ ਸਨ। ਹੁਣ ਸਮਾਂ ਹੈ ਕਿ ਇਸ ਸੰਕਟ ਦੀ ਘੜੀ ਵਿਚ ਪੰਜਾਬੀਆਂ ਦੀ ਮਦਦ ਕੀਤੀ ਜਾਵੇ। ਇਸ ਤੋਂ ਪਹਿਲਾਂ ਟਰੱਕ ਰਵਾਨਾ ਕਰਨ ਤੋਂ ਪਹਿਲਾਂ ’ਅਰਦਾਸ’ ਕੀਤੀ ਗਈ। ਸਰਦਾਰ ਬਾਦਲ ਨੇ ਕਿਹਾ ਕਿ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਤੇ ਉਹਨਾਂ ਦੀ ਟੀਮ ਨੂੰ ਮੱਕੀ ਦਾ ਅਚਾਰ ਵੰਡਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਸੁਲਤਾਨਪੁਰ ਲੋਧੀ ਵਿਚ ਭਰੋਸਨਾ ਤੇ ਆਹਲੀ ਬੰਨਾਂ ’ਤੇ ਕਿਸਾਨਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੂੰ ਭਰੋਸਾ ਦੁਆਇਆ ਕਿ ਉਹ ਬੰਨ ਦੀ ਮਜ਼ਬੂਤੀ ਵਾਸਤੇ ਡੀਜ਼ਲ, ਪੋਕਲੇਨ ਮਸ਼ੀਨਾਂ, ਲੋਹੇ ਦੀਆਂ ਤਾਰਾਂ ਤੇ ਟਰੈਕਟਰ ਪ੍ਰਦਾਨ ਕਰਨਗੇ ਤੇ ਨਾਲ ਹੀ ਖੇਤਾਂ ਵਿਚੋਂ ਰੇਤਾ ਕੱਢਣ ਵਾਸਤੇ ਕਿਸਾਨਾਂ ਦੀ ਮਦਦ ਕਰਨਗੇ। ਇਸ ਮੌਕੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ, ਅਮਰਜੀਤ ਸਿੰਘ ਚਾਵਲਾ, ਪਰਮਜੀਤ ਸਿੰਘ ਢਿੱਲੋਂ,ਪਰਮਬੰਸ ਸਿੰਘ ਰੋਮਾਣਾ, ਬੀਬੀ ਗੁਰਪ੍ਰੀਤ ਕੌਰ, ਐਚ ਐਸ ਚਾਵਲਾ, ਹਰਜਾਪ ਸਿੰਘ ਸੰਘਾ, ਰਵਿੰਦਰ ਸਿੰਘ ਖੇੜਾ, ਅਰਸ਼ਦੀਪ ਸਿੰਘ ਕਲੇਰ ਆਦਿ ਆਗੂ ਹਾਜ਼ਰ ਸਨ।