ਸਿਹਤ ਵਿਭਾਗ ਬਠਿੰਡਾ ਨੇ ਕੈਪਡ ਟਰੱਸਟ ਦੇ ਸਹਿਯੋਗ ਨਾਲ ਲਾਇਆ ਮੁਫਤ ਕੈਂਸਰ ਜਾਂਚ ਕੈਂਪ
ਅਸ਼ੋਕ ਵਰਮਾ
ਬਠਿੰਡਾ , 17 ਜਨਵਰੀ 2026 :ਸਿਵਲ ਸਰਜਨ ਡਾਕਟਰ ਤਪਿੰਦਰਜੋਤ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਵੱਲੋਂ ਕੈਪਡ ਟਰੱਸਟ ਦੇ ਸਹਿਯੋਗ ਨਾਲ ਪਰਸਰਾਮ ਨਗਰ ਵਿਖੇ ਸਰਵਾਈਕਲ ਕੈਂਸਰ, ਬਰੈਸਟ ਕੈਂਸਰ ਅਤੇ ਮੂੰਹ ਦੇ ਕੈਂਸਰ ਦੀ ਮੁਫ਼ਤ ਜਾਂਚ ਸਬੰਧੀ ਪਹਿਲਾਂ ਵਿਸ਼ੇਸ਼ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਮੁੱਖ ਉਦੇਸ਼ ਲੋਕਾਂ ਵਿੱਚ ਕੈਂਸਰ ਬਾਰੇ ਜਾਗਰੂਕਤਾ ਫੈਲਾਉਣਾ ਅਤੇ ਬਿਮਾਰੀ ਦੀ ਸ਼ੁਰੂਆਤੀ ਪੱਧਰ ‘ਤੇ ਪਛਾਣ ਕਰਨਾ ਸੀ।
ਕੈਂਪ ਦਾ ਉਦਘਾਟਨ ਹਲਕਾ ਵਿਧਾਇਕ ਸ੍ਰੀ ਜਗਰੂਪ ਸਿੰਘ ਗਿੱਲ ਨੇ ਕੀਤਾ। ਉਨ੍ਹਾਂ ਨੇ ਸਿਹਤ ਵਿਭਾਗ ਅਤੇ ਕੈਪਡ ਟਰੱਸਟ ਦੀ ਇਸ ਪਹਿਲ ਦੀ ਸਾਰਾਹਨਾ ਕਰਦੇ ਹੋਏ ਕਿਹਾ ਕਿ ਸਮੇਂ ਸਿਰ ਜਾਂਚ ਨਾਲ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਦਾ ਸਫ਼ਲ ਇਲਾਜ ਸੰਭਵ ਹੈ ਅਤੇ ਲੋਕਾਂ ਨੂੰ ਅਜਿਹੇ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ।
ਇਸ ਮੌਕੇ ਸਿਵਲ ਸਰਜਨ ਡਾ. ਤਪਿੰਦਰਜੋਤ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਸਰਵਾਈਕਲ, ਬਰੈਸਟ ਅਤੇ ਮੂੰਹ ਦੇ ਕੈਂਸਰ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ ਪਰ ਜੇ ਸਮੇਂ ਸਿਰ ਜਾਂਚ ਕਰਵਾ ਲਈ ਜਾਵੇ ਤਾਂ ਇਹ ਬਿਮਾਰੀਆਂ ਪੂਰੀ ਤਰ੍ਹਾਂ ਕਾਬੂ ਵਿੱਚ ਲਿਆਂਦੀਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਲੋਕਾਂ ਦੀ ਸਿਹਤ ਸੁਰੱਖਿਆ ਲਈ ਅਜਿਹੇ ਜਾਗਰੂਕਤਾ ਅਤੇ ਜਾਂਚ ਕੈਂਪ ਨਿਰੰਤਰ ਲਗਾਏ ਜਾ ਰਹੇ ਹਨ ਤਾਂ ਜੋ ਹਰ ਵਰਗ ਤੱਕ ਸਿਹਤ ਸੇਵਾਵਾਂ ਪਹੁੰਚ ਸਕਣ।
ਇਸ ਦੌਰਾਨ ਕੈਂਪ ਦੇ ਨੋਡਲ ਅਫ਼ਸਰ ਡਾਕਟਰ ਕਰਨ ਅਬਰੋਲ ਨੇ ਦੱਸਿਆ ਕਿ ਵੱਡੀ ਗਿਣਤੀ ਵਿੱਚ ਮਰਦਾਂ ਅਤੇ ਔਰਤਾਂ ਵੱਲੋਂ ਕੈਂਪ ਵਿੱਚ ਆ ਕੇ ਜਾਂਚ ਕਰਵਾਈ ਗਈ। ਉਨ੍ਹਾਂ ਕਿਹਾ ਕਿ ਸ਼ੱਕੀ ਮਰੀਜ਼ਾਂ ਨੂੰ ਅੱਗੇ ਦੇ ਇਲਾਜ ਅਤੇ ਜਾਂਚ ਲਈ ਸਰਕਾਰੀ ਸਿਹਤ ਸੰਸਥਾਵਾਂ ਵੱਲ ਰੈਫ਼ਰ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਮਿਤੀ 19 ਅਤੇ 24 ਜਨਵਰੀ ਨੂੰ ਯੂ.ਪੀ.ਐਚ.ਸੀ ਪਰਸਰਾਮ ਨਗਰ , 20 ਜਨਵਰੀ ਨੂੰ ਉਡਾਣ ਪਲੇਅ-ਵੇ ਸਕੂਲ, ਗੁਰੂ ਗੋਬਿੰਦ ਸਿੰਘ ਨਗਰ (ਗਲੀ ਨੰ 13/7) ਅਤੇ ਮਿਤੀ 22 ਜਨਵਰੀ ਨੂੰ ਰੇਲਵੇ ਹਸਪਤਾਲ ਪ੍ਰਤਾਪ ਨਗਰ ਵਿਖੇ ਇਹ ਕੈਂਪ ਲਗਾਏ ਜਾਣਗੇ।
ਕੈਪਡ ਤੋਂ ਰਵੀ ਸਿਸੋਦੀਆ ਨੇ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਅਜਿਹੇ ਕੈਂਪਾਂ ਦਾ ਲਾਭ ਲੈਂਦੇ ਹੋਏ ਆਪਣੀ ਅਤੇ ਆਪਣੇ ਪਰਿਵਾਰ ਦੀ ਸਿਹਤ ਦਾ ਧਿਆਨ ਰੱਖਣ।
ਇਸ ਮੌਕੇ ਡਾ. ਪੁਨੀਤ ਸਲੂਜਾ, ਡਾ. ਸਨਮੀਤ, ਡਿਪਟੀ ਮਾਸ ਮੀਡੀਆ ਅਫ਼ਸਰ ਰੋਹਿਤ ਜਿੰਦਲ, ਕੈਪਡ ਤੋਂ ਡਾ. ਜਗਜੀਤ, ਬਲਾਕ ਐਕਸਟੈਨਸ਼ਨ ਐਜੂਕੇਟਰ ਗਗਨਦੀਪ ਸਿੰਘ, ਲੈਬ ਟੈਕਨੀਸ਼ੀਅਨ ਪ੍ਰਾਜਲ, ਗੁਰਪ੍ਰੀਤ ਸਿੰਘ, ਸੁਖਵੀਰ ਨੇ ਕੈਂਪ ਵਿੱਚ ਸਹਿਯੋਗ ਕੀਤਾ।