ਸਿਹਤ ਵਿਭਾਗ ਨੇ ਉੱਚ ਖਤਰੇ ਦੇ ਚਿੰਨ੍ਹ ਵਾਲੀ ਗਰਭਵਤੀ ਔਰਤ ਦਾ ਸੁਰੱਖਿਅਤ ਜਣੇਪਾ ਕਰਵਾਇਆ
ਅਸ਼ੋਕ ਵਰਮਾ
ਨਥਾਣਾ, 5 ਅਗਸਤ 2025:ਸਿਹਤ ਵਿਭਾਗ ਵਲੋਂ ਜੱਚਾ-ਬੱਚਾ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕੀਤੇ ਜਾਂਦੇ ਉਪਰਾਲੇ ਇੱਕ ਵੱਡੀ ਕਾਮਯਾਬੀ ਦੇ ਰੂਪ ਵਿੱਚ ਸਾਹਮਣੇ ਆਏ ਜਦੋਂ ਸਿਹਤ ਬਲਾਕ ਨਥਾਣਾ ਅਧੀਨ ਪੈਂਦੇ ਸਬ-ਸੈਂਟਰ ਪੂਹਲਾ ਦੀ ਉੱਚ ਖਤਰੇ ਦੇ ਚਿੰਨ੍ਹ ਵਾਲੀ ਗਰਭਵਤੀ ਮਹਿਲਾ ਨੇ ਪੌਣੇ ਤਿੰਨ ਕਿਲੋ ਦੀ ਤੰਦਰੁਸਤ ਬੱਚੀ ਨੂੰ ਜਨਮ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾ. ਨਵਦੀਪ ਕੌਰ ਸਰਾਂ ਨੇ ਦੱਸਿਆ ਕਿ
ਪਿਛਲੀ ਦਿਨੀਂ ਸਿਹਤ ਵਿਭਾਗ ਨਥਾਣਾ ਅਧੀਨ ਆਉਂਦੇ ਸਬ-ਸੈਂਟਰ ਪੂਹਲਾ ਦੀ ਸਿਹਤ ਟੀਮ ਵੱਲੋਂ ਸਬੰਧਤ ਪੰਚਾਇਤਾਂ ਤੇ ਐਨ.ਜੀ.ਓ. ਦੀ ਸਹਾਇਤਾ ਨਾਲ ਮਿਲ ਕੇ ਹਾਈ ਰਿਸਕ ਗਰਭਵਤੀ ਔਰਤ ਦਾ ਸੁਰੱਖਿਅਤ ਜਣੇਪਾ ਕਰਾਇਆ ਗਿਆ। ਪਿੰਡ ਪੂਹਲਾ ਨਾਲ ਸਬੰਧਿਤ ਗਰਭਵਤੀ ਸੁਖਪ੍ਰੀਤ ਕੌਰ ਦੀ ਹਾਲਤ ਗੰਭੀਰ ਸੀ ਕਿਉਂਕਿ ਗਰਭ ਅਵਸਥਾ ਦੌਰਾਨ ਉਸ ਦਾ ਹੀਮੋਗਲੋਬਿਨ ਸਿਰਫ 4 ਗ੍ਰਾਮ ਸੀ, ਜੋ ਇੱਕ ਸੰਕਟਮਈ ਸਥਿਤੀ ਮੰਨੀ ਜਾਂਦੀ ਹੈ।
ਉਹਨਾਂ ਦੱਸਿਆ ਕਿ ਸਿਹਤ ਵਿਭਾਗ ਦੇ ਡਾਕਟਰਾਂ ਅਤੇ ਸਟਾਫ ਦੀ ਸਾਵਧਾਨੀ ਅਤੇ ਲਗਾਤਾਰ ਨਿਗਰਾਨੀ ਕਾਰਨ, ਮਹਿਲਾ ਦੀ ਸਹੀ ਤਰੀਕੇ ਨਾਲ ਦੇਖਭਾਲ ਕੀਤੀ ਗਈ, ਜਿਸ ਕਾਰਨ ਜਣੇਪੇ ਮਗਰੋਂ ਤਕਰੀਬਨ ਤਿੰਨ ਹਫ਼ਤੇ ਬੀਤ ਜਾਣ ਬਾਅਦ ਜੱਚਾ-ਬੱਚਾ ਦੋਨੋਂ ਤੰਦਰੁਸਤ ਹਨ। ਉਨ੍ਹਾਂ ਦੱਸਿਆ ਕਿ ਅਸਲ ਵਿੱਚ ਗਰਭਵਤੀ ਔਰਤ ਅਤੇ ਉਸ ਦਾ ਪਰਿਵਾਰ ਆਰਥਿਕ ਤੌਰ ਅਤੇ ਸਮਾਜਿਕ ਤੌਰ ਉੱਤੇ ਬਹੁਤ ਪਛੜਿਆ ਹੋਇਆ ਹੈ। ਪਰਿਵਾਰ ਵਿੱਚ ਕੋਈ ਪੜ੍ਹਿਆ ਲਿਖਿਆ ਮੈਂਬਰ ਵੀ ਨਹੀਂ ਹੈ ਜਿਸ ਕਾਰਨ ਪਰਿਵਾਰ ਗਰਭਵਤੀ ਔਰਤ ਦੀ ਚੰਗੀ ਤਰ੍ਹਾਂ ਦੇਖਭਾਲ ਨਹੀਂ ਕਰ ਪਾਇਆ ਜਦੋਂ ਗਰਭਵਤੀ ਔਰਤ ਦੀ ਜਾਣਕਾਰੀ ਸਿਹਤ ਵਿਭਾਗ ਤੱਕ ਆਈ ਤਾਂ ਉਦੋਂ ਤੱਕ ਗਰਭਵਤੀ ਔਰਤ ਪਹਿਲਾਂ ਹੀ ਖਤਰੇ ਹੇਠਾਂ ਆ ਗਈ ਸੀ। ਗਰਭ ਲਈ ਲੋੜੀਂਦੇ ਮੁੱਢਲੇ ਟੈਸਟਾਂ ਦੌਰਾਨ ਖੂਨ ਦੀ ਘਾਟ ਪਾਈ ਗਈ। ਸਥਿਤੀ ਦੀ ਗੰਭੀਰਤਾ ਨੂੰ ਸਮਝਦੇ ਹੋਏ ਸਿਹਤ ਵਿਭਾਗ ਦੇ ਕਾਮਿਆਂ ਨੇ ਲਗਾਤਾਰ ਪਰਿਵਾਰ ਨਾਲ ਸੰਪਰਕ ਬਣਾਇਆ।
ਉਹਨਾਂ ਦੱਸਿਆ ਕਿ ਉਨ੍ਹਾਂ ਲਗਾਤਾਰ ਗਰਭਵਤੀ ਦੇ ਘਰ ਗੇੜਾ ਰੱਖਿਆ ਤਾਂ ਕਿ ਉਸ ਦੀ ਸਿਹਤ ਦਾ ਧਿਆਨ ਰੱਖਿਆ ਜਾ ਸਕੇ। ਸ਼ੁਰੂਆਤੀ ਦੌਰ ਵਿੱਚ ਪਰਿਵਾਰ ਦੇ ਮੈਂਬਰ ਸਿਹਤ ਵਿਭਾਗ ਦੀਆਂ ਹਦਾਇਤਾਂ ਜਾਂ ਚਿਤਾਵਨੀਆਂ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ ਸਨ। ਇਸ ਵਾਸਤੇ ਸਬੰਧਿਤ ਪੰਚਾਇਤਾਂ ਅਤੇ ਕਲੱਬ ਮੈਂਬਰਾਂ ਦੀ ਵੀ ਸਹਾਇਤਾ ਲਈ ਗਈ। ਇਸ ਦੌਰਾਨ ਸਿਹਤ ਵਿਭਾਗ ਦੇ ਕਾਮਿਆਂ ਵੱਲੋਂ ਗਰਭਵਤੀ ਔਰਤ ਦਾ ਚੈੱਕਅਪ ਸਿਹਤ ਵਿਭਾਗ ਦੀਆਂ ਸਕੀਮਾਂ ਅਨੁਸਾਰ ਕਰਵਾਇਆ ਗਿਆ ਅਤੇ ਇਸ ਨਿਯਮਤ ਜਾਂਚ ਦੌਰਾਨ ਸਪੱਸ਼ਟ ਸੀ ਕਿ ਗਰਭਵਤੀ ਦਾ ਹਾਈ ਰਿਸਕ ਕੇਸ ਸੀ। ਜਿਸ ਲਈ ਉਸ ਨੂੰ ਬਹੁਤ ਉੱਚ ਪੱਧਰ ਦੀ ਦੇਖਭਾਲ ਦੀ ਜ਼ਰੂਰਤ ਸੀ ਜੋ ਕਿ ਪਰਿਵਾਰ ਕਰਨ ਤੋਂ ਅਸਮਰੱਥ ਸੀ। ਇਸ ਵਾਸਤੇ ਸਿਹਤ ਵਿਭਾਗ ਨਥਾਣਾ ਦੀ ਸਬੰਧਿਤ ਟੀਮ ਪੂਹਲਾ ਨੇ ਮੋਰਚਾ ਸੰਭਾਲਿਆ। ਉਨ੍ਹਾਂ ਦੱਸਿਆ ਕਿ ਲਗਾਤਾਰ ਆਇਰਨ ਡਰਿੱਪ ਦੇ ਕੇ ਵਿਸ਼ੇਸ਼ ਤੌਰ ‘ਤੇ ਖ਼ੁਰਾਕ ਅਤੇ ਨਿਰੰਤਰ ਜਾਂਚ ਰਾਹੀਂ ਮਹਿਲਾ ਦੀ ਸਿਹਤ ਵਿੱਚ ਸੁਧਾਰ ਲਿਆਇਆ ਗਿਆ। ਜਣੇਪੇ ਸਮੇਂ ਵੀ ਮਹਿਲਾ ਦੀ ਹਾਲਤ ਨੂੰ ਧਿਆਨ ਵਿੱਚ ਰੱਖਦਿਆਂ ਪੰਜ ਯੂਨਿਟ ਖੂਨ ਚੜ੍ਹਾਇਆ ਗਿਆ। ਇਥੋਂ ਤੱਕ ਕਿ ਗਰਭਵਤੀ ਔਰਤ ਨੂੰ ਖੂਨ ਲਗਵਾਉਣ ਲਈ ਮੁਕੰਮਲ ਪ੍ਰਬੰਧ ਸਿਹਤ ਵਿਭਾਗ ਦੇ ਕਾਮਿਆਂ ਵੱਲੋਂ ਕੀਤਾ ਗਿਆ। ਇਸ ਤਰ੍ਹਾਂ ਮਹੀਨਿਆਂ ਲੰਬੀ ਮਿਹਨਤ ਦੇ ਨਤੀਜੇ ਵਜੋਂ ਗਰਭਵਤੀ ਔਰਤ ਦੀ ਜਾਨ ਤਾਂ ਬਚੀ ਹੀ ਸਗੋਂ ਉਸ ਨੇ ਪੌਣੇ ਤਿੰਨ ਕਿਲੋ ਦੀ ਤੰਦਰੁਸਤ ਬੱਚੀ ਨੂੰ ਜਨਮ ਦਿੱਤਾ।
। ਹਾਈ ਰਿਸਕ ਕੇਸਾਂ ਸਬੰਧੀ ਨੋਡਲ ਅਫ਼ਸਰ ਡਾ. ਅਰੀਨਾ ਬਾਂਸਲ ਨੇ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਬਹੁਤ ਤਨਦੇਹੀ ਨਾਲ ਕੰਮ ਕਰਦੀਆਂ ਹਨ। ਅਸੀਂ ਗਰਭਵਤੀ ਔਰਤਾਂ ਦਾ ਧਿਆਨ ਇਸ ਤਰ੍ਹਾਂ ਹੀ ਰੱਖਦੇ ਹਾਂ ਪਰ ਇਸ ਕੇਸ ਵਿਚ ਹਾਲਾਤ ਜ਼ਿਆਦਾ ਗੰਭੀਰ ਸਨ ਅਤੇ ਸਬੰਧਿਤ ਟੀਮਾਂ ਨੂੰ ਜ਼ਿਆਦਾ ਮਿਹਨਤ ਕਰਨੀ ਪਈ। ਸਬ-ਸੈਂਟਰ ਪੂਹਲਾ ਦੀ ਸਬੰਧਿਤ ਟੀਮ ਦੀ ਭੂਮਿਕਾ ਸਲਾਹੁਣਯੋਗ ਰਹੀ। ਉਨ੍ਹਾਂ ਇਸ ਸਮੁੱਚੀ ਕਾਮਯਾਬੀ ਲਈ ਸਬ-ਸੈਂਟਰ ਪੂਹਲਾ ਦੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ। ਉਨ੍ਹਾਂ ਲੋਕਾਂ ਨੂੰ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਵੱਧ ਤੋਂ ਵੱਧ ਸਹਿਯੋਗ ਦੇਣਾ ਚਾਹੀਦਾ ਹੈ ਕਿਉਂਕਿ ਇਸ ਤਰ੍ਹਾਂ ਬਹੁਤ ਸਾਰੀਆਂ ਸਿਹਤ ਸਮੱਸਿਆਵਾਂ ਨੂੰ ਪਹਿਲਾਂ ਹੀ ਰੋਕਿਆ ਜਾ ਸਕਦਾ ਹੈ। ਬਲਾਕ ਐਜੂਕੇਟਰ ਪਵਨਜੀਤ ਕੌਰ ਨੇ ਦੱਸਿਆ ਕਿ ਗਰਭਵਤੀਆਂ ਨੂੰ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਪ੍ਰੈਗਨੈਂਸੀ ਟੈਸਟ ਤੋਂ ਲੈ ਕੇ ਜਣੇਪੇ ਤੋਂ ਬਾਅਦ 42 ਦਿਨਾਂ ਤੱਕ ਸਾਰੀਆਂ ਸਿਹਤ ਸਹੂਲਤਾਂ ਮੁਫ਼ਤ ਦਿੱਤੀਆਂ ਜਾਂਦੀਆਂ ਹਨ। ਗਰਭਵਤੀਆਂ ਦੇ ਦੋ ਅਲਟ੍ਰਾਸਾਊਂਡ ਵੀ ਮੁਫ਼ਤ ਕੀਤੇ ਜਾਂਦੇ ਹਨ ਅਤੇ ਸੰਸਥਾਗਤ ਜਣੇਪਾ ਕਰਵਾਉਣ ‘ਤੇ ਜਨਨੀ ਸੁਰੱਖਿਆ ਯੋਜਨਾ ਤਹਿਤ ਮਾਲੀ ਸਹਾਇਤਾ ਵੀ ਦਿੱਤੀ ਜਾਂਦੀ ਹੈ। ਨਵਜੰਮੇ ਲੜਕੇ ਦਾ 1 ਸਾਲ ਤੱਕ ਅਤੇ ਲੜਕੀਆਂ ਦਾ 5 ਸਾਲ ਤੱਕ ਇਲਾਜ ਮੁਫ਼ਤ ਕੀਤਾ ਜਾਂਦਾ ਹੈ। ਮਹਿਲਾ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਸ ਦੀ ਗਰਭ ਦੌਰਾਨ ਸਿਹਤ ਕਰਮੀ ਸੁਧਾ ਰਾਣੀ, ਆਸ਼ਾ ਵਰਕਰ ਜਸਪ੍ਰੀਤ ਕੌਰ ਵੱਲੋਂ ਕੀਤੀ ਮੱਦਦ ਲਈ ਵਿਸ਼ੇਸ਼ ਧੰਨਵਾਦ ਕੀਤਾ ਗਿਆ।