ਸਿਹਤ ਵਿਭਾਗ ਨਥਾਣਾ ਵੱਲੋਂ ‘ਵਿਸ਼ਵ ਵਾਤਾਵਰਣ ਦਿਵਸ’ ਮੌਕੇ ਪਲਾਸਟਿਕ ਪ੍ਰਦੂਸ਼ਣ ਖਤਮ ਕਰਨ ਦਾ ਸੱਦਾ
ਅਸ਼ੋਕ ਵਰਮਾ
ਨਥਾਣਾ, 5 ਜੂਨ 2025 :ਸਿਵਲ ਸਰਜਨ ਡਾ. ਰਮਨਦੀਪ ਸਿੰਗਲਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕਮਿਊਨਿਟੀ ਹੈਲਥ ਸੈਂਟਰ ਨਥਾਣਾ ਦੇ ਸੀਨੀਅਰ ਮੈਡੀਕਲ ਅਫਸਰ ਡਾ. ਨਵਦੀਪ ਕੌਰ ਸਰਾਂ ਦੀ ਅਗਵਾਈ ਹੇਠ ਸਿਹਤ ਵਿਭਾਗ ਨਥਾਣਾ ਵਲੋਂ ‘ਵਿਸ਼ਵ ਵਾਤਾਵਰਣ ਦਿਵਸ’ ਮੌਕੇ ‘ਪਲਾਸਟਿਕ ਪ੍ਰਦੂਸ਼ਣ ਨੂੰ ਖਤਮ ਕਰਨ’ ਦੀ ਥੀਮ ਹੇਠ ਵਾਤਾਵਰਣ ਬਚਾਓ ਦਾ ਸੁਨੇਹਾ ਦਿੰਦਿਆਂ ਵਾਤਾਵਰਣ ਬਚਾਉਣ ਲਈ ਹਰ ਤਰ੍ਹਾਂ ਦੇ ਉਪਰਾਲੇ ਕਰਨ ਦਾ ਅਹਿਦ ਲਿਆ ਗਿਆ।ਐਸ.ਐਮ.ਓ ਨਥਾਣਾ ਡਾ. ਸਰਾਂ ਨੇ ਕਿਹਾ ਕਿ ਵਿਸ਼ਵ ਵਾਤਾਵਰਣ ਦਿਵਸ
ਸਾਨੂੰ ਇਸ ਗੱਲ ਦੀ ਯਾਦ ਦਿਵਾਉਂਦਾ ਹੈ ਕਿ ਪ੍ਰਕ੍ਰਿਤੀ ਦੀ ਸੰਭਾਲ ਸਾਡੀ ਜ਼ਿੰਮੇਵਾਰੀ ਹੈ ਅਤੇ ਅਸੀਂ ਆਪਸੀ ਸਹਿਯੋਗ ਰਾਹੀਂ ਧਰਤੀ ਨੂੰ ਪਲਾਸਟਿਕ ਮੁਕਤ ਬਣਾ ਸਕਦੇ ਹਾਂ। ਇਸ ਲਈ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਪਲਾਸਟਿਕ ਦੇ ਨੁਕਸਾਨ ਬਾਰੇ ਜਾਣੂ ਕਰਵਾਉਣ ਲਈ ਅੱਜ ਦੇ ਦਿਨ ਰੁੱਖ ਲਗਾ ਕੇ ਹਰੇ ਭਰੇ ਭਵਿੱਖ ਵੱਲ ਕਦਮ ਚੁੱਕੇ ਗਏ।
ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਦੇ ਆਲਮੀ ਪੱਧਰ 'ਤੇ ਬਹੁਤ ਹੀ ਡੂੰਘੇ ਤੇ ਮਾੜੇ ਪ੍ਰਭਾਵ ਪਾਏ ਹਨ। ਤੇਜ਼ੀ ਨਾਲ ਵਧਦਾ ਤਾਪਮਾਨ ਅਤੇ ਪ੍ਰਦੂਸ਼ਣ ਮਨੁੱਖਾਂ ਦੇ ਨਾਲ ਨਾਲ ਧਰਤੀ ਉੱਤੇ ਹਰ ਕਿਸੇ ਦੇ ਜੀਵਨ ਲਈ ਇਕ ਵੱਡਾ ਖ਼ਤਰਾ ਬਣ ਗਏ ਹਨ। ਜਿਸ ਕਾਰਨ ਸਿਹਤ ਸਬੰਧੀ ਸਮੱਸਿਆਵਾਂ ਵਿਚ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਲੋਕ ਸਾਹ ਦੀਆਂ ਬਿਮਾਰੀਆਂ ਨਾਲ ਜੁੜੀਆਂ ਕਈ ਗੰਭੀਰ ਬਿਮਾਰੀਆਂ ਦਾ ਵੀ ਸ਼ਿਕਾਰ ਹੋ ਰਹੇ ਹਨ।ਉਨ੍ਹਾਂ ਸਟਾਫ਼ ਸਮੇਤ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਪਲਾਸਟਿਕ ਦੀ ਵਰਤੋਂ ਘਟਾਈਏ, ਦੁਬਾਰਾ ਵਰਤਣ ਯੋਗ ਚੀਜ਼ਾਂ ਦੀ ਵਰਤੋਂ ਵਧਾਈਏ ਅਤੇ ਧਰਤੀ ਨੂੰ ਪਲਾਸਟਿਕ ਰਹਿਤ ਬਣਾਉਣ ਵਿੱਚ ਆਪਣਾ ਯੋਗਦਾਨ ਪਾਈਏ।ਉਨ੍ਹਾਂ ਇਸ ਮੌਕੇ ਨਾਗਰਿਕਾਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ ਤਾਂ ਜੋ ਧਰਤੀ ਨੂੰ ਪ੍ਰਦੂਸ਼ਣ ਮੁਕਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਨੂੰ ਘੱਟੋ-ਘੱਟ ਇਕ ਰੁੱਖ ਲਗਾਉਣਾ ਚਾਹੀਦਾ ਹੈ ਅਤੇ ਉਸ ਦੀ ਦੇਖਭਾਲ ਦੀ ਜ਼ਿੰਮੇਵਾਰੀ ਵੀ ਸੰਭਾਲਣੀ ਚਾਹੀਦੀ ਹੈ।
ਇਸ ਮੌਕੇ ਬਲਾਕ ਐਜੂਕੇਟਰ ਪਵਨਜੀਤ ਕੌਰ ਨੇ ਦਿਨੋ-ਦਿਨ ਵਧ ਰਹੀ ਪਲਾਸਟਿਕ ਦੀ ਵਰਤੋਂ ਨੂੰ ਮਨੁੱਖਤਾ ਲਈ ਗੰਭੀਰ ਖਤਰਾ ਦੱਸਦਿਆਂ ਕਿਹਾ ਕਿ ਜੇਕਰ ਅਸੀਂ ਹੁਣ ਵੀ ਨਾ ਜਾਗੇ ਤਾਂ ਪਲਾਸਟਿਕ ਪ੍ਰਦੂਸ਼ਣ ਸਿਰਫ਼ ਜਲਵਾਯੂ ਪਰਿਵਰਤਨ ਹੀ ਨਹੀਂ, ਸਾਡੀ ਸਿਹਤ ਅਤੇ ਜੀਵ ਜੰਤੂਆਂ ਲਈ ਵੀ ਖ਼ਤਰਾ ਬਣ ਜਾਵੇਗਾ।ਇਸ ਮੌਕੇ ਮੈਡੀਕਲ ਅਫਸਰ ਡਾ. ਨਵਪ੍ਰੀਤ ਕੌਰ, ਡਾ. ਅਰੀਨਾ ਬਾਂਸਲ, ਡਾ. ਸਤਵਿੰਦਰ ਸਿੰਘ, ਡਾ. ਸੀਮਾ ਬਾਂਸਲ, ਡਾ. ਯੋਗੇਸ਼ ਜੋਸ਼ੀ ਸਮੇਤ ਸਮੂਹ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ਼ ਸਿਹਤ ਵਿਭਾਗ ਨਥਾਣਾ ਹਾਜ਼ਰ ਸਨ।