ਸਿਹਤ ਵਿਭਾਗ ਦੇ ਸਰਕਾਰੀ ਹਸਪਤਾਲਾਂ ਦਾ ਨਿੱਜੀਕਰਨ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ
ਅਸ਼ੋਕ ਵਰਮਾ
ਬਠਿੰਡਾ 10 ਨਵੰਬਰ 2025 : ਜ਼ਿਲ੍ਹਾ ਬਠਿੰਡਾ ਦੇ ਸਿਹਤ ਵਿਭਾਗ ਦੀਆਂ ਵੱਖ ਵੱਖ ਮੁਲਾਜ਼ਮ ਜਥੇਬੰਦੀਆਂ ਨੇ ਪੰਜਾਬ ਸਰਕਾਰ ਦੇ ਪਿਛਲੇ ਦਿਨੀਂ ਸਿਹਤ ਵਿਭਾਗ ਦੇ ਪੰਜ ਪ੍ਰਮੁੱਖ ਹਸਪਤਾਲਾਂ ਨੂੰ ਨਿੱਜੀਕਰਨ ਦੀ ਤਰਜ਼ ਤੇ ਪੀ, ਪੀ, ਪੀ ਮੋਡ ਰਾਹੀਂ ਪ੍ਰਾਈਵੇਟ ਹੱਥਾਂ ਵਿੱਚ ਦੇਣ ਦੇ ਵਿਰੋਧ ਵੱਜੋਂ ਜ਼ਿਲ੍ਹਾ ਪੱਧਰੀ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਤਾਲਮੇਲ ਕਮੇਟੀ ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀ ਯੂਨੀਅਨ ਇਕਾਈ ਬਠਿੰਡਾ ਦੇ ਆਗੂ ਜਸਵਿੰਦਰ ਸ਼ਰਮਾ ਨੇ ਬੋਲਦਿਆਂ ਕਿਹਾ ਕਿ ਪੰਜਾਬ ਦੀ ਆਪਣੇ ਆਪ ਨੂੰ ਨੂੰ ਲੋਕ ਪੱਖੀ ਅਖਵਾਉਣ ਵਾਲੀ ਸਰਕਾਰ ਨੇ ਸਿਹਤ ਵਿਭਾਗ ਦੇ ਪੰਜ ਪ੍ਰਮੁੱਖ ਹਸਪਤਾਲ਼ ਜਿਸ ਵਿੱਚ ਫਿਰੋਜ਼ਪੁਰ,ਮੋਗਾ,ਮੂਨਕ, ਰਾਜਪੁਰਾ ਤੇ ਗੁਰਦਾਸਪੁਰ ਨੂੰ ਨਿੱਜੀ ਹੱਥਾਂ ਵਿੱਚ ਦੇਣ ਦੀ ਤਿਆਰੀ ਖਿੱਚ ਲਈ ਹੈ।ਇਸਦੀ ਪੁਸ਼ਟੀ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਵੀ ਕਰ ਦਿੱਤੀ ਹੈ।
ਉਹਨਾਂ ਕਿਹਾ ਕਿ ਇਸ ਤਰ੍ਹਾਂ ਪੰਜਾਬ ਦੇ ਸਿਹਤ ਵਿਭਾਗ ਦਾ ਪਹਿਲਾ ਹੀ ਜ਼ਰਜਰਾ ਚੁੱਕਾ ਢਾਂਚਾ ਜੋ ਗਰੀਬ ਲੋਕਾਂ ਨੂੰ ਥੋੜੀਆਂ ਬਹੁਤੀਆਂ ਸਹੂਲਤਾਂ ਦਿੰਦਾਂ ਸੀ, ਉਸ ਤੋਂ ਵੀ ਪੰਜਾਬ ਦੀ ਜਨਤਾ ਵਿਰਵੀ ਹੋ ਜਾਵੇਗੀ।ਪੀ,ਸੀ,ਐਮ,ਐਸ ਯੂਨੀਅਨ ਦੇ ਪ੍ਰਧਾਨ ਡਾਕਟਰ ਜਗਰੂਪ ਸਿੰਘ ਨੇ ਇਸ ਮੌਕੇ ਬੋਲਦਿਆਂ ਸਰਕਾਰ ਦੇ ਇਸ ਫੈਸਲੇ ਦਾ ਕਰੜਾ ਵਿਰੋਧ ਕਰਦਿਆਂ ਇਸ ਨੂੰ ਲੋਕ ਦੋਖੀ ਫੈਸਲਾ ਕਿਹਾ। ਉਨ੍ਹਾਂ ਕਿਹਾ ਇਸ ਤਰ੍ਹਾਂ ਕਰਨ ਨਾਲ ਲੋਕਾਂ ਦੀ ਸਿਹਤ ਨਾਲ ਸਿੱਧੇ ਤੌਰ ਤੇ ਸਮਝੋਤੇ ਕੀਤੇ ਜਾ ਰਹੇ ਹਨ, ਤੇ ਉਨ੍ਹਾਂ ਨੂੰ ਕਾਰਪੋਰੇਟ ਹਸਪਤਾਲਾਂ ਦੇ ਵੱਸ ਪਾ ਕੇ ਉਨ੍ਹਾਂ ਦੀ ਲੁੱਟ ਖਸੁੱਟ ਦਾ ਰਾਹ ਪੱਧਰਾ ਕੀਤਾ ਜਾ ਰਿਹਾ ਹੈ। ਪੰਜਾਬ ਨਰਸਿੰਗ ਐਸੋਸੀਏਸ਼ਨ ਦੀ ਜਨਰਲ ਸਕੱਤਰ ਰਵਿੰਦਰ ਪਾਲ ਕੌਰ ਨੇ ਵੀ ਇਸ ਪ੍ਰਤੀ ਆਪਣੀ ਨਰਾਜ਼ਗੀ ਜਤਾਈ।
ਮਲਟੀਪਰਪਜ ਹੈਲਥ ਇੰਪਲਾਈਜ ਯੂਨੀਅਨ ਇਕਾਈ ਬਠਿੰਡਾ ਦੇ ਆਗੂ ਸਾਥੀ ਮਨੀਸ਼ ਕੁਮਾਰ ਬਠਿੰਡਾ ਨੇ ਸਰਕਾਰ ਦੀ ਇਸ ਧੱਕੇਸ਼ਾਹੀ ਵਿਰੁੱਧ ਜ਼ੋਰਦਾਰ ਲੜਾਈ ਦੇਂਣ ਦਾ ਯਤਨ ਦੁਹਰਾਇਆ।ਇਸ ਤੋਂ ਇਲਾਵਾ ਮੈਡੀਕਲ ਲੈਬੈਰਟਰੀ ਟੈਕਨੀਸ਼ੀਅਨ ਯੂਨੀਅਨ ਆਗੂ ਹਾਕਮ ਸਿੰਘ ਅਤੇ ਰੇਡੀਓ ਗਰਾਫਰ ਯੂਨੀਅਨ ਦੇ ਆਗੂ ਸੰਜੀਵ ਕੁਮਾਰ ਨੇ ਇਨ੍ਹਾਂ ਲੋਕ ਮਾਰੂ ਫੈਸਲਿਆਂ ਨੂੰ ਪੰਜਾਬ ਦੀ ਜਨਤਾ ਵਾਸਤੇ ਘਾਤਕ ਦੱਸਿਆ।ਇਸ ਮੌਕੇ ਸਿਹਤ ਵਿਭਾਗ ਕਰਮਚਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਜਿੰਦਰ ਸਿੰਘ ਨੇ ਨਿੱਜੀਕਰਨ ਦੇ ਪੱਖਾ ਤੇ ਚਾਨਣਾ ਪਾਇਆ।ਡਰਾਇਵਰ ਯੂਨੀਅਨ ਦੇ ਪ੍ਰਧਾਨ ਕੁਲਵਿੰਦਰ ਸਿੰਘ ਅਤੇ ਦਰਜ਼ਾ ਚਾਰ ਯੂਨੀਅਨ, ਵਾਰਡ ਅਟੈਂਡੈਟ ਯੂਨੀਅਨ ਦੇ ਆਗੂ ਗੁਰਪ੍ਰੀਤ ਸਿੰਘ ਆਪਣੇ ਸਾਥੀਆਂ ਸਮੇਤ ਵੱਡੀ ਗਿਣਤੀ ਵਿੱਚ ਇਸ ਰੋਸ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਏ। ਇਸ ਮੌਕੇ ਨਿੱਜੀਕਰਨ ਦੇ ਵਿਰੋਧ ਵਿੱਚ ਸਿਵਲ ਸਰਜਨ ਬਠਿੰਡਾ ਨੂੰ ਮੰਗ ਪੱਤਰ ਦਿੱਤਾ ਗਿਆ।