ਸ਼ਹੀਦ ਭਗਤ ਸਿੰਘ ਨਗਰ ਦੀਆਂ ਟੁੱਟੀਆਂ ਸੜਕਾਂ ਬਣੀਆਂ ਲੋਕਾਂ ਲਈ ਮੁਸੀਬਤ, ਚੇਅਰਮੈਨ ਤਰਸੇਮ ਸਿੰਘ ਭਿੰਡਰ ਨੇ ਕੀਤਾ ਦੌਰਾ; ਜਲਦ ਹੱਲ ਦਾ ਦਿੱਤਾ ਭਰੋਸਾ
ਸੁਖਮਿੰਦਰ ਭੰਗੂ
ਲੁਧਿਆਣਾ, 6 ਜੁਲਾਈ 2026
ਪੱਖੋਵਾਲ ਰੋਡ ਸਥਿਤ ਸ਼ਹੀਦ ਭਗਤ ਸਿੰਘ ਨਗਰ ਦੇ ਸਿਟੀ ਸੈਂਟਰ ਇਲਾਕੇ ਵਿੱਚ ਟੁੱਟੀਆਂ ਅਤੇ ਧੱਸੀਆਂ ਸੜਕਾਂ ਨੂੰ ਲੈ ਕੇ ਇਲਾਕਾ ਵਾਸੀਆਂ ਵੱਲੋਂ ਲੰਬੇ ਸਮੇਂ ਤੋਂ ਉਠਾਈ ਜਾ ਰਹੀ ਆਵਾਜ਼ ਤੋਂ ਬਾਅਦ ਅੱਜ ਲੁਧਿਆਣਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਤਰਸੇਮ ਸਿੰਘ ਭਿੰਡਰ ਨੇ ਮੌਕੇ 'ਤੇ ਪਹੁੰਚ ਕੇ ਜੀ ਬਲਾਕ ਅਤੇ ਐੱਚ ਬਲਾਕ ਸਮੇਤ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਅਤੇ ਸੜਕਾਂ ਦੀ ਖ਼ਰਾਬ ਹਾਲਤ ਦਾ ਜਾਇਜ਼ਾ ਲਿਆ।ਇਸ ਮੌਕੇ ਟਰੱਸਟ ਇੰਜੀਨੀਅਰ ਵਿਕਰਮ ਕੁਮਾਰ, ਸਹਾਇਕ ਟਰੱਸਟ ਇੰਜੀਨੀਅਰ ਬਲਬੀਰ ਸਿੰਘ, ਜਸਕਰਨਬੀਰ ਸਿੰਘ, ਜੂਨੀਅਰ ਇੰਜੀਨੀਅਰ ਰਵਿੰਦਰ ਸਿੰਘ ਅਤੇ ਇਲਾਕਾ ਨਿਵਾਸੀ ਵੀ ਹਾਜ਼ਰ ਰਹੇ।
ਨਿਰੀਖਣ ਦੌਰਾਨ ਇਲਾਕਾ ਵਾਸੀਆਂ ਨੇ ਚੇਅਰਮੈਨ ਨੂੰ ਦੱਸਿਆ ਕਿ ਕੁਝ ਸਮਾਂ ਪਹਿਲਾਂ ਸੀਵਰੇਜ ਅਤੇ ਹੋਰ ਭੂਮੀਗਤ ਸਹੂਲਤਾਂ ਲਈ ਸੜਕਾਂ ਨੂੰ ਪੁੱਟਿਆ ਗਿਆ ਸੀ, ਪਰ ਬਾਅਦ ਵਿੱਚ ਮੁਰੰਮਤ ਦਾ ਕੰਮ ਨਾ ਤਾਂ ਸਮੇਂ ਸਿਰ ਕੀਤਾ ਗਿਆ ਅਤੇ ਨਾ ਹੀ ਮਿਆਰੀ ਢੰਗ ਨਾਲ। ਹਾਲੀਆ ਬਾਰਿਸ਼ਾਂ ਕਾਰਨ ਕਈ ਥਾਵਾਂ 'ਤੇ ਸੜਕਾਂ ਧੱਸ ਗਈਆਂ ਹਨ ਅਤੇ ਵੱਡੇ ਖੱਡੇ ਬਣ ਚੁੱਕੇ ਹਨ, ਜਿਸ ਨਾਲ ਵਾਹਨ ਚਾਲਕਾਂ, ਰਾਹਗੀਰਾਂ ਅਤੇ ਸਕੂਲੀ ਬੱਚਿਆਂ ਨੂੰ ਰੋਜ਼ਾਨਾ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਲੋਕਾਂ ਨੇ ਦੋਸ਼ ਲਗਾਇਆ ਕਿ ਸਬੰਧਤ ਵਿਭਾਗਾਂ ਦੀ ਲਾਪਰਵਾਹੀ ਕਾਰਨ ਇਹ ਸਮੱਸਿਆ ਦਿਨੋ-ਦਿਨ ਗੰਭੀਰ ਹੁੰਦੀ ਜਾ ਰਹੀ ਹੈ।
ਚੇਅਰਮੈਨ ਤਰਸੇਮ ਸਿੰਘ ਭਿੰਡਰ ਨੇ ਮੌਕੇ 'ਤੇ ਅਧਿਕਾਰੀਆਂ ਨੂੰ ਲੋੜੀਂਦੀਆਂ ਹਦਾਇਤਾਂ ਦਿੰਦਿਆਂ ਭਰੋਸਾ ਦਿੱਤਾ ਕਿ ਸੜਕਾਂ ਦੀ ਮੁਰੰਮਤ ਦਾ ਕੰਮ ਤਰਜੀਹ ਦੇ ਆਧਾਰ 'ਤੇ ਸ਼ੁਰੂ ਕਰਵਾਇਆ ਜਾਵੇਗਾ ਅਤੇ ਲੋਕਾਂ ਨੂੰ ਜਲਦ ਰਾਹਤ ਦਿੱਤੀ ਜਾਵੇਗੀ।
ਇਸ ਮੌਕੇ ਇਲਾਕਾ ਵਾਸੀਆਂ ਵੱਲੋਂ ਚੇਅਰਮੈਨ ਨੂੰ ਇੱਕ ਮੰਗ-ਪੱਤਰ ਵੀ ਸੌਂਪਿਆ ਗਿਆ, ਜਿਸ 'ਤੇ ਵੱਡੀ ਗਿਣਤੀ ਵਿੱਚ ਨਿਵਾਸੀਆਂ ਦੇ ਦਸਤਖ਼ਤ ਅਤੇ ਮੋਬਾਈਲ ਨੰਬਰ ਦਰਜ ਸਨ। ਇਸ ਤੋਂ ਇਲਾਵਾ, ਇਹ ਮਾਮਲਾ ਪੰਜਾਬ ਸਟੇਟ ਹਿਊਮਨ ਰਾਈਟਸ ਕਮਿਸ਼ਨ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ ਹੈ ਅਤੇ ਉੱਥੇ ਵੀ ਸ਼ਿਕਾਇਤ ਭੇਜੀ ਗਈ ਹੈ, ਤਾਂ ਜੋ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਜਲਦੀ ਅਤੇ ਸਥਾਈ ਹੱਲ ਯਕੀਨੀ ਬਣਾਇਆ ਜਾ ਸਕੇ।
ਜੀ ਬਲਾਕ ਦੇ ਵਸਨੀਕ ਯੋਗੇਸ਼ ਸ਼ਰਮਾ ਨੇ ਕਿਹਾ ਕਿ ਜੇਕਰ ਇਸ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਜ਼ਿੰਮੇਵਾਰ ਅਧਿਕਾਰੀਆਂ ਅਤੇ ਠੇਕੇਦਾਰਾਂ ਦੀ ਜਵਾਬਦੇਹੀ ਤੈਅ ਨਾ ਕੀਤੀ ਗਈ ਅਤੇ ਮਿਆਰੀ ਢੰਗ ਨਾਲ ਸੜਕਾਂ ਦੀ ਮੁੜ ਉਸਾਰੀ ਨਾ ਹੋਈ, ਤਾਂ ਇਲਾਕਾ ਵਾਸੀ ਮਜਬੂਰਨ ਅਦਾਲਤ ਦਾ ਰੁਖ ਕਰਨਗੇ ਅਤੇ ਲੋਕ ਹਿੱਤ ਵਿੱਚ ਪਬਲਿਕ ਇੰਟਰੈਸਟ ਲਿਟੀਗੇਸ਼ਨ (PIL) ਦਾਇਰ ਕਰਨ ਲਈ ਮਜਬੂਰ ਹੋਣਗੇ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸੁਰੱਖਿਆ ਅਤੇ ਸਰਕਾਰੀ ਫੰਡਾਂ ਦੀ ਸਹੀ ਵਰਤੋਂ ਯਕੀਨੀ ਬਣਾਉਣ ਲਈ ਜਵਾਬਦੇਹੀ ਤੈਅ ਹੋਣੀ ਬਹੁਤ ਜ਼ਰੂਰੀ ਹੈ।
ਇਲਾਕਾ ਵਾਸੀਆਂ ਨੇ ਉਮੀਦ ਜਤਾਈ ਕਿ ਪ੍ਰਸ਼ਾਸਨ ਇਸ ਗੰਭੀਰ ਸਮੱਸਿਆ ਨੂੰ ਸਿਰਫ਼ ਭਰੋਸਿਆਂ ਤੱਕ ਸੀਮਤ ਨਾ ਰੱਖਦਿਆਂ ਜਲਦ ਕਾਰਵਾਈ ਕਰੇਗਾ, ਤਾਂ ਜੋ ਸੜਕਾਂ ਦੀ ਮਾੜੀ ਹਾਲਤ ਤੋਂ ਲੋਕਾਂ ਨੂੰ ਨਿਜਾਤ ਮਿਲ ਸਕੇ ਅਤੇ ਭਵਿੱਖ ਵਿੱਚ ਅਜਿਹੀ ਲਾਪਰਵਾਹੀ ਦੀ ਦੁਹਰਾਈ ਨਾ ਹੋਵੇ।
- Download Babushahi App
-
-