ਸ਼ਹੀਦੀ ਸਮਾਗਮ ਦੌਰਾਨ ਸੰਗਤਾਂ ਨੂੰ ਮਿਲਣਗੀਆਂ ਉੱਤਮ ਸਿਹਤ ਸਹੂਲਤਾਂ: ਸੁਖਵਿੰਦਰ ਸਿੰਘ
ਸ਼੍ਰੀ ਅਨੰਦਪੁਰ ਸਾਹਿਬ 9 ਨਵੰਬਰ 2025- ਡਾਕਟਰ ਸੁਖਵਿੰਦਰ ਸਿੰਘ ਨੇ ਐੱਸ.ਡੀ.ਐੱਚ ਅਨੰਦਪੁਰ ਸਾਹਿਬ ਦੇ ਸੀਨੀਅਰ ਮੈਡੀਕਲ ਅਫ਼ਸਰ ਵਜੋਂ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਉਹਨਾਂ ਨਾਲ ਐੱਮ.ਐੱਲ.ਟੀ (ਗ੍ਰੇਡ-1) ਰਾਣਾ ਬਖ਼ਤਾਵਰ ਸਿੰਘ ਮੌਜੂਦ ਰਹੇ। ਅਹੁਦਾ ਸੰਭਾਲਣ ਤੋਂ ਬਾਅਦ ਸੀਨੀਅਰ ਮੈਡੀਕਲ ਅਫ਼ਸਰ ਡਾ. ਸੁਖਵਿੰਦਰ ਸਿੰਘ ਨੇ ਸ਼੍ਰੀ ਗੁਰੂ ਤੇਗ਼ ਬਹਾਦੁਰ ਜੀ ਦੇ 350 ਸਾਲਾ ਸ਼ਹੀਦੀ ਸਮਾਗਮ ਨੂੰ ਧਿਆਨ ਵਿੱਚ ਰੱਖਦਿਆਂ ਸੰਗਤਾਂ ਨੂੰ ਬੇਹਤਰ ਸਿਹਤ ਸਹੂਲਤਾਂ ਉਪਲੱਬਧ ਕਰਵਾਉਣ ਲਈ ਵਿਭਾਗ ਦੇ ਕਰਮਚਾਰੀਆਂ ਨਾਲ ਵਿਸ਼ੇਸ਼ ਬੈਠਕ ਕੀਤੀ ਅਤੇ ਜ਼ਰੂਰੀ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਉਹਨਾਂ ਕਿਹਾ ਕਿ 22 ਨਵੰਬਰ ਤੋਂ 26 ਨਵੰਬਰ ਤੱਕ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਸ਼ਹੀਦੀ ਸਮਾਗਮ 'ਚ ਵੱਡੀ ਗਿਣਤੀ ਵਿੱਚ ਸੰਗਤਾਂ ਦੇ ਪਹੁੰਚਣ ਦੀ ਸੰਭਾਵਨਾ ਹੈ ਇਸ ਲਈ ਸਮਾਗਮ ਦੌਰਾਨ ਸਿਵਲ ਸਰਜਨ ਰੂਪਨਗਰ ਡਾ.ਸੁਖਵਿੰਦਰਜੀਤ ਸਿੰਘ ਦੇ ਹੁਕਮਾਂ ਅਨੁਸਾਰ ਮੈਡੀਕਲ ਟੀਮਾਂ ਦੀ ਤੈਨਾਤੀ, ਐਂਬੂਲੈਂਸ ਸੇਵਾਵਾਂ ਅਤੇ ਆਰਜ਼ੀ ਡਿਸਪੈਂਸਰੀਆਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਐੱਸ.ਡੀ.ਐੱਚ ਅਨੰਦਪੁਰ ਸਾਹਿਬ ਵਿਖੇ 24 ਘੰਟੇ ਐਮਰਜੈਂਸੀ ਸੇਵਾਵਾਂ ਉਪਲਬੱਧ ਰਹਿਣਗੀਆਂ। ਇਸ ਤੋਂ ਇਲਾਵਾ ਸਮਾਗਮ ਵਾਲੀਆਂ ਥਾਵਾਂ 'ਤੇ ਸਾਫ਼ ਸਫ਼ਾਈ ਅਤੇ ਪਾਣੀ ਦੀ ਕਲੋਰੀਨੇਸ਼ਨ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਜਾ ਰਿਹਾ ਹੈ। ਸੀਨੀਅਰ ਮੈਡੀਕਲ ਅਫ਼ਸਰ ਨੇ ਕਿਹਾ ਕਿ ਇਤਿਹਾਸਿਕ ਸਮਾਗਮ ਦੌਰਾਨ ਸੇਵਾਵਾਂ ਪ੍ਰਦਾਨ ਕਰਨਾ ਸਿਰਫ਼ ਡਿਊਟੀ ਨਹੀਂ, ਸਗੋਂ ਸਿਹਤ ਵਿਭਾਗ ਲਈ ਸੇਵਾ ਦਾ ਮੌਕਾ ਵੀ ਹੈ। ਕੀਰਤਪੁਰ ਸਾਹਿਬ ਵਿਖੇ ਬਲਾਕ ਐਕਸਟੈਨਸ਼ਨ ਐਜੂਕੇਟਰ ਰਤਿਕਾ ਓਬਰਾਏ ਨੇ ਦੱਸਿਆ ਕਿ ਪੰਜਾਬ ਮੈਡੀਕਲ ਸੇਵਾ ਦੇ ਅਧਿਕਾਰੀ ਡਾਕਟਰ ਸੁਖਵਿੰਦਰ ਸਿੰਘ ਨੂੰ ਮੈਡੀਕਲ ਖੇਤਰ ਵਿਚ 25 ਸਾਲ ਤੋਂ ਵੱਧ ਦਾ ਤਜ਼ਰਬਾ ਹੈ। ਉਹ ਇਸ ਤੋਂ ਪਹਿਲਾਂ ਕਰਤਾਰਪੁਰ ਸਾਹਿਬ ਅਤੇ ਚੰਡੀਗੜ੍ਹ ਵਿਖੇ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ।