ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼
5 ਕਿਲੋ ਹੈਰੋਇਨ ਸਮੇਤ ਡਰੱਗ ਸਰਗਨਾ ਕਾਬੂ
ਡਰੋਨ ਨਾਲ ਸੁੱਟੀਆਂ ਗਈਆਂ ਨਸਿ਼ਆਂ ਦੀਆਂ ਖੇਪਾਂ ਨੂੰ ਡੇਰਾ ਬਾਬਾ ਨਾਨਕ ਸੈਕਟਰ ਵਿੱਚ ਪ੍ਰਾਪਤ ਕਰ ਰਿਹਾ ਸੀ ਗ੍ਰਿਫ਼ਤਾਰ ਕੀਤਾ ਮੁਲਜ਼ਮ: ਡੀਜੀਪੀ ਗੌਰਵ ਯਾਦਵ
ਨਸ਼ੀਲੇ ਪਦਾਰਥਾਂ ਦੀਆਂ ਖੇਪਾਂ ਨੂੰ ਛੁਪਾਉਣ ਲਈ ਕੱਪੜਿਆਂ ਨਾਲ ਭਰੇ ਬੈਗਾਂ ਦੀ ਵਰਤੋਂ ਕਰ ਰਿਹਾ ਸੀ ਦੋਸ਼ੀ ਰਾਜਪਾਲ ਅਤੇ ਖੇਪਾਂ ਨੂੰ ਟਿਕਾਣੇ ਤੇ ਪਹੁੰਚਾਉਣ ਲਈ ਬੱਸਾਂ ਦੀ ਕੀਤੀ ਜਾਂਦੀ ਸੀ ਵਰਤੋਂ : ਸੀਪੀ ਅੰਮ੍ਰਿਤਸਰ ਗੁਰਪ੍ਰੀਤ ਭੁੱਲਰ
ਚੰਡੀਗੜ੍ਹ/ਅੰਮ੍ਰਿਤਸਰ, 23 ਅਕਤੂਬਰ:
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ `ਤੇ ਸ਼ੁਰੂ ਕੀਤੀ ਗਈ ਨਸਿ਼ਆਂ ਵਿਰੁੱਧ ਮੁਹਿੰਮ’ ਯੁੱਧ ਨਸਿ਼ਆਂ ਵਿਰੁੱਧ’ ਦੌਰਾਨ ਖਿੁਫੀਆ ਜਾਣਕਾਰੀ ‘ਤੇ ਕਾਰਵਾਈ ਕਰਦਿਆਂ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇੱਕ ਡਰੱਗ ਸਰਗਨਾ ਨੂੰ 5.025 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕਰਕੇ ਸਰਹੱਦ ਪਾਰ ਦੇ ਨਸ਼ਾ ਤਸਕਰੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ । ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਇੱਥੇ ਦਿੱਤੀ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਰਾਜਪਾਲ ਸਿੰਘ (25) ਵਜੋਂ ਹੋਈ ਹੈ, ਜੋ ਕਿ ਛੇਹਰਟਾ, ਅੰਮ੍ਰਿਤਸਰ ਵਿੱਚ ਮਜੀਦ ਬਿਲਡਿੰਗ ਦਾ ਰਹਿਣ ਵਾਲਾ ਹੈ। ਮੁਲਜ਼ਮ ਦਾ ਅਪਰਾਧਿਕ ਪਿਛੋਕੜ ਹੈ ਅਤੇ ਉਸ ਵਿਰੁੱਧ ਐਨਡੀਪੀਐਸ ਐਕਟ ਅਤੇ ਆਰਮਜ਼ ਐਕਟ ਦੀਆਂ ਧਾਰਾਵਾਂ ਤਹਿਤ ਮਾਮਲੇ ਦਰਜ ਹਨ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ, ਪਾਕਿਸਤਾਨੀ ਹੈਂਡਲਰ ਵੱਲੋਂ ਸੰਚਾਲਿਤ ਇੱਕ ਸਰਹੱਦ ਪਾਰ ਦਾ ਨੈੱਟਵਰਕ ਚਲਾ ਰਿਹਾ ਸੀ ਅਤੇ ਡੇਰਾ ਬਾਬਾ ਨਾਨਕ ਸੈਕਟਰ ਦੀ ਵਰਤੋਂ ਕਰਕੇ ਸਰਹੱਦ ਪਾਰੋਂ ਡਰੋਨ ਰਾਹੀਂ ਸੁੱਟੀਆਂ ਗਈਆਂ ਨਸ਼ੀਲੇ ਪਦਾਰਥਾਂ ਦੀਆਂ ਖੇਪਾਂ ਪ੍ਰਾਪਤ ਕਰਦਾ ਸੀ। ਇਸ ਮਾਮਲੇ ਵਿੱਚ ਅਗਲੇ ਪਿਛਲੇ ਸਬੰਧ ਸਥਾਪਤ ਕਰਨ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਪੂਰੇ ਗਠਜੋੜ ਦਾ ਪਰਦਾਫਾਸ਼ ਕੀਤਾ ਜਾ ਸਕੇ।
ਇਸ ਕਾਰਵਾਈ ਸੰਬੰਧੀ ਵੇਰਵੇ ਸਾਂਝੇ ਕਰਦੇ ਹੋਏ, ਪੁਲਿਸ ਕਮਿਸ਼ਨਰ (ਸੀਪੀ) ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਅਗਸਤ 2025 ਵਿੱਚ ਇੱਕ ਨਸ਼ਾ ਤਸਕਰ ਲੱਕੀ ਨੂੰ 3 ਕਿਲੋਗ੍ਰਾਮ ਹੈਰੋਰਿਨ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ, ਉਸੇ ਮਾਮਲੇ ਦੇ ਅਗਲੇ- ਪਿਛਲੇ ਸਬੰਧਾਂ ਦੀ ਜਾਂਚ ਦੌਰਾਨ, ਪੁਲਿਸ ਟੀਮਾਂ ਨੇ ਰਾਜਪਾਲ ਸਿੰਘ ਦੀ ਸ਼ਮੂਲੀਅਤ ਪਾਈ , ਜਿਸ ਕਾਰਨ ਉਸਨੂੰ ਐਫਆਈਆਰ ਵਿੱਚ ਨਾਮਜ਼ਦ ਕੀਤਾ ਗਿਆ ਸੀ। ਇਸ ਤੋਂ ਬਾਅਦ, 19 ਅਕਤੂਬਰ ਨੂੰ, ਪੁਲਿਸ ਪੁਲਿਸ ਟੀਮਾਂ ਨੇ ਰਾਜਪਾਲ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਸਦੇ ਖੁਲਾਸੇ ਅਤੇ ਸ਼ਨਾਖ਼ਤ ਤੋਂ ਬਾਅਦ 5.025 ਕਿਲੋਗ੍ਰਾਮ ਹੋਰ ਹੈਰੋਇਨ ਬਰਾਮਦ ਕੀਤੀ।
ਸੀ.ਪੀ. ਨੇ ਕਿਹਾ ਕਿ ਦੋਸ਼ੀ ਰਾਜਪਾਲ ਨਸ਼ੀਲੇ ਪਦਾਰਥਾਂ ਦੀ ਖੇਪ ਨੂੰ ਛੁਪਾਉਣ ਲਈ ਕੱਪੜਿਆਂ ਨਾਲ ਭਰੇ ਬੈਗਾਂ ਦੀ ਵਰਤੋਂ ਕਰ ਰਿਹਾ ਸੀ ਅਤੇ ਉਨ੍ਹਾਂ ਬੈਗਾਂ ਨੂੰ ਸੁਰੱਖਿਅਤ ਢੰਗ ਨਾਲ ਟਿਕਾਣੇ ‘ਤੇ ਭੇਜਣ ਲਈ ਬੱਸਾਂ ਰਾਹੀਂ ਜਲੰਧਰ ਅਤੇ ਲੁਧਿਆਣਾ ਸਮੇਤ ਵੱਖ-ਵੱਖ ਬੱਸ ਅੱਡਿਆਂ `ਤੇ ਪਹੁੰਚਾਇਆ ਜਾਂਦਾ ਸੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਆਸ ਹੈ।