ਸਰਬੱਤ ਦਾ ਭਲਾ ਟਰੱਸਟ ਵੱਲੋਂ ਕਸਬਾ ਬੁਤਾਲਾ 'ਚ ਲੈਬ ਅਤੇ ਡਾਇਗਨੋਸਟਿਕ ਸੈਂਟਰ ਸਥਾਪਿਤ
ਡਾ.ਐਸ.ਪੀ.ਸਿੰਘ ਉਬਰਾਏ ਨੇ ਕੀਤਾ ਉਦਘਾਟਨ
ਟਰੱਸਟ ਦੀਆਂ ਲੈਬਾਰਟਰੀਆਂ ਤੋਂ ਹਰ ਸਾਲ 25 ਲੱਖ ਤੋਂ ਵਧੇਰੇ ਲੋਕ ਕਰਵਾ ਰਹੇ ਨੇ ਟੈਸਟ : ਡਾ.ਓਬਰਾਏ
ਅੰਮ੍ਰਿਤਸਰ, 21 ਨਵੰਬਰ 2025 : ਆਪਣੀ ਜੇਬ੍ਹ 'ਚੋਂ ਹੀ ਕਰੋੜਾਂ ਰੁਪਏ ਸੇਵਾ ਕਾਰਜਾਂ 'ਤੇ ਖ਼ਰਚ ਕਰਨ ਵਾਲੇ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਡਾ.ਐੱਸ.ਪੀ.ਸਿੰਘ ਓਬਰਾਏ ਵੱਲੋਂ ਅੱਜ ਅੰਮ੍ਰਿਤਸਰ ਦੇ ਨਾਮਵਰ ਤੇ ਇਤਿਹਾਸਕ ਕਸਬਾ ਬੁਤਾਲਾ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਖੋਲ੍ਹੇ ਗਏ 'ਸੰਨੀ ਓਬਰਾਏ ਕਲੀਨੀਕਲ ਲੈਬ ਅਤੇ ਡਾਇਗਨੋਸਟਿਕ ਸੈਂਟਰ' ਦਾ ਉਦਘਾਟਨ ਕੀਤਾ ਗਿਆ। ਜਿਸ ਦੌਰਾਨ ਟਰੱਸਟ ਦੀਆਂ ਸਿਹਤ ਸੇਵਾਵਾਂ ਦੇ ਡਾਇਰੈਕਟਰ ਡਾ.ਦਲਜੀਤ ਸਿੰਘ ਗਿੱਲ ਤੇ ਪੰਜਾਬ ਪ੍ਰਧਾਨ ਸੁਖਜਿੰਦਰ ਸਿੰਘ ਹੇਰ ਵੀ ਮੌਜ਼ੂਦ ਸਨ।
ਕਸਬਾ ਬੁਤਾਲਾ ਦੀ ਪੰਚਾਇਤ,ਐਨ.ਆਰ.ਆਈ. ਵੀਰਾਂ ਤੇ ਇਲਾਕਾ ਨਿਵਾਸੀਆਂ ਦੇ ਵੱਡੇ ਸਹਿਯੋਗ ਸਦਕਾ ਖੋਲ੍ਹੀ ਗਈ ਇਸ ਲੈਬਾਰਟਰੀ ਦੇ ਉਦਘਾਟਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ.ਐੱਸ.ਪੀ.ਸਿੰਘ ਓਬਰਾਏ ਨੇ ਪੰਜਾਬ ਸਮੇਤ ਹੋਰਨਾਂ ਸੂਬਿਆਂ 'ਚ ਸਰਬੱਤ ਦਾ ਭਲਾ ਟਰੱਸਟ ਵੱਲੋਂ ਨਿਭਾਈਆਂ ਜਾ ਰਹੀਆਂ ਵੱਖ-ਵੱਖ ਸੇਵਾਵਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਟਰੱਸਟ ਵੱਲੋਂ ਸਥਾਪਤ ਕੀਤੀ ਗਈ ਬਹੁਤ ਹੀ ਘੱਟ ਖ਼ਰਚੇ ਵਾਲੀ ਇਸ ਲੈਬਾਰਟਰੀ ਨਾਲ ਕਸਬਾ ਬੁਤਾਲਾ ਅਤੇ ਨੇੜਲੇ ਬਹੁਤ ਸਾਰੇ ਪਿੰਡਾਂ ਨੂੰ ਵੱਡੀ ਸਹੂਲਤ ਮਿਲੇਗੀ। ਡਾ.ਐਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਟਰੱਸਟ ਵੱਲੋਂ ਹੁਣ ਤੱਕ ਪੰਜਾਬ ਤੇ ਹਰਿਆਣਾ ਸਮੇਤ ਹੋਰਨਾਂ ਸੂਬਿਆਂ 'ਚ 150 ਦੇ ਕਰੀਬ ਲੈਬਾਰਟਰੀਆਂ ਖੋਲ੍ਹੀਆਂ ਜਾ ਚੁੱਕੀਆਂ ਹਨ, ਜਿਨ੍ਹਾਂ ਅੰਦਰ ਹਰ ਸਾਲ ਲਗਭਗ 25 ਲੱਖ ਦੇ ਕਰੀਬ ਲੋਕ ਕੇਵਲ ਲਾਗਤ ਦਰਾਂ 'ਤੇ ਆਪਣੇ ਟੈਸਟ ਕਰਵਾ ਕੇ ਲਾਭ ਲੈ ਰਹੇ ਹਨ। ਡਾ.ਉਬਰਾਏ ਨੇ ਬੁਤਾਲਾ ਦੇ ਸਰਪੰਚ ਸੁਖਵਿੰਦਰ ਸਿੰਘ ਤੇ ਉਨ੍ਹਾਂ ਦੀ ਟੀਮ ਵੱਲੋਂ ਦਿੱਤੇ ਗਏ ਸਹਿਯੋਗ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਲਾਕੇ ਦੀ ਲੋੜ ਮੁਤਾਬਿਕ ਬਹੁਤ ਹੀ ਜਲਦ ਟਰੱਸਟ ਵੱਲੋਂ ਇੱਥੇ ਇੱਕ ਆਧੁਨਿਕ ਡੈਂਟਲ ਕਲੀਨਿਕ ਅਤੇ ਫਿਜ਼ਿਓਥਰੈਪੀ ਸੈਂਟਰ ਵੀ ਖੋਲ੍ਹਿਆ ਜਾਵੇਗਾ। ਇਸ ਦੌਰਾਨ ਬੁਤਾਲਾ ਦੀ ਪੰਚਾਇਤ ਵੱਲੋਂ ਡਾ.ਉਬਰਾਏ ਤੇ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਸ਼ਿਸ਼ਪਾਲ ਸਿੰਘ ਲਾਡੀ, ਜਨਰਲ ਸਕੱਤਰ ਮਨਪ੍ਰੀਤ ਸੰਧੂ,ਜਗਦੇਵ ਸਿੰਘ ਛੀਨਾ,ਅਮਨਦੀਪ ਚੀਮਾ ਤੋਂ ਇਲਾਵਾ ਪ੍ਰਸ਼ਾਂਤ ਰਈਆ,ਜਗਜੀਤ ਬਿਆਸ, ਬਲਤੇਜ ਸਿੰਘ,ਗੁਰਮੀਤ ਸਿੰਘ,ਹਰਜੀਤ ਸਿੰਘ, ਨਿਰਵੈਰ ਸਿੰਘ,ਚਰਨਜੀਤ ਸਿੰਘ, ਲਖਵਿੰਦਰ ਸਿੰਘ,ਗਗਨਦੀਪ ਸਿੰਘ, ਸੁਖਜੀਤ ਸਿੰਘ,ਜਗਜੀਤ ਸਿੰਘ, ਗੁਰਪ੍ਰੀਤ ਸਿੰਘ ਬੱਲ,ਜਗਰੂਪ ਸਿੰਘ, ਗਿਆਨ ਸਿੰਘ,ਹੈਡਮਾਸਟਰ ਅਰਵਿੰਦਰ ਸਿੰਘ,ਹੈਡਮਾਸਟਰ ਹਰਸ਼ਰਨ ਸਿੰਘ , ਪ੍ਰਭਜੋਤ ਸਿੰਘ ਚਾਹਲ,ਬਲਵਿੰਦਰ ਸਿੰਘ,ਪ੍ਰਭਜੀਤ ਸਿੰਘ ਖਾਲਸਾ, ਨਵਰਾਜ ਸਿੰਘ,ਸੂਬੇਦਾਰ ਅਮਨਦੀਪ ਸਿੰਘ, ਯਾਦਵਿੰਦਰ ਸਿੰਘ ਸਾਹਬੀ,ਸਾਬਕਾ ਸਰਪੰਚ ਸੰਤੋਖ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਮੌਜੂਦ ਸਨ।