ਸਰਕਾਰੀ ਕਾਲਜ ਗੁਰਦਾਸਪੁਰ ਵਿੱਚ “ਬਜਟ ਤੇ ਚਰਚਾ” ਸੈਮੀਨਾਰ ਦਾ ਸਫਲ ਆਯੋਜਨ
ਰੋਹਿਤ ਗੁਪਤਾ
ਗੁਰਦਾਸਪੁਰ 13 ਫਰਵਰੀ 2026 ਸਰਕਾਰੀ ਕਾਲਜ ਗੁਰਦਾਸਪੁਰ ਵਿੱਚ ਪ੍ਰਿੰਸੀਪਲ ਡਾ. ਅਸ਼ਵਨੀ ਕੁਮਾਰ ਭੱਲਾ ਦੀ ਅਗਵਾਈ ਹੇਠ ਅੰਦਰੂਨੀ ਗੁਣਵੱਤਾ ਭਰੋਸਾ ਸੈੱਲ (IQAC) ਅਤੇ ਅਰਥ ਸ਼ਾਸਤਰ ਵਿਭਾਗ ਦੇ ਸਾਂਝੇ ਸਹਿਯੋਗ ਨਾਲ “ਬਜਟ ਤੇ ਚਰਚਾ” ਵਿਸ਼ੇ ਉੱਤੇ ਇੱਕ ਰੋਜ਼ਾ ਸੈਮੀਨਾਰ ਆਯੋਜਿਤ ਕੀਤਾ ਗਿਆ। ਇਸ ਸੈਮੀਨਾਰ ਵਿੱਚ ਬੀ.ਕਾਮ, ਬੀ.ਬੀ.ਏ., ਐਮ.ਏ. ਅਰਥਸ਼ਾਸਤਰ ਅਤੇ ਬੀ.ਏ. ਅਰਥਸ਼ਾਸਤਰ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ।
ਸੈਮੀਨਾਰ ਦੀ ਸ਼ੁਰੂਆਤ ਕਰਦੇ ਹੋਏ ਪ੍ਰਿੰਸੀਪਲ ਡਾ. ਅਸ਼ਵਨੀ ਕੁਮਾਰ ਭੱਲਾ ਨੇ ਕੇਂਦਰੀ ਬਜਟ ਦੇ ਤਿੰਨ ਕਰਤਵਿਆਂ — ਆਰਥਿਕ ਵਾਧੇ ਨੂੰ ਤੇਜ਼ ਕਰਨਾ, ਲੋਕਾਂ ਦੀ ਸਮਰੱਥਾ ਨਿਰਮਾਣ ਅਤੇ ਸਮਾਵੇਸ਼ੀ ਵਿਕਾਸ — ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਮਝਾਇਆ ਕਿ ਬਜਟ ਸਿਰਫ਼ ਆਮਦਨ-ਖਰਚ ਦਾ ਦਸਤਾਵੇਜ਼ ਨਹੀਂ, ਸਗੋਂ ਆਮ ਆਦਮੀ ਦੀ ਜ਼ਿੰਦਗੀ, ਰੋਜ਼ਗਾਰ, ਮਹਿੰਗਾਈ, ਟੈਕਸ ਪ੍ਰਣਾਲੀ ਅਤੇ ਸਮਾਜਿਕ ਸਹੂਲਤਾਂ ਨਾਲ ਸਿੱਧੇ ਤੌਰ ‘ਤੇ ਜੁੜਿਆ ਹੋਇਆ ਹੈ। ਉਨ੍ਹਾਂ ਨੇ ਆਲੋਚਨਾਤਮਕ ਦ੍ਰਿਸ਼ਟੀਕੋਣ ਅਪਣਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਬਜਟ ਦੇ ਸਕਾਰਾਤਮਕ ਅਤੇ ਨਕਾਰਾਤਮਕ ਦੋਹਾਂ ਪਹਿਲੂਆਂ ਦਾ ਗੰਭੀਰ ਅਧਿਐਨ ਕਰਨਾ ਚਾਹੀਦਾ ਹੈ।
ਇਸ ਤੋਂ ਬਾਅਦ ਅਰਥ ਸ਼ਾਸਤਰ ਵਿਭਾਗ ਦੇ ਮੁਖੀ ਡਾ. ਸਰਬਜੀਤ ਸਿੰਘ ਵੱਲੋਂ ਭਾਰਤੀ ਬਜਟ ਦੇ ਇਤਿਹਾਸ, ਉਸਦੀ ਸੰਵਿਧਾਨਕ ਪਿਛੋਕੜ ਅਤੇ ਸਮੇਂ-ਸਮੇਂ ‘ਤੇ ਆਏ ਬਦਲਾਵਾਂ ‘ਤੇ ਚਰਚਾ ਕੀਤੀ ਗਈ। ਉਨ੍ਹਾਂ ਨੇ ਬਜਟ ਦੇ ਵੱਖ-ਵੱਖ ਆਰਥਿਕ ਅਤੇ ਸਮਾਜਿਕ ਪਹਿਲੂਆਂ ਨੂੰ ਰੋਸ਼ਨੀ ਵਿੱਚ ਲਿਆਂਦਾ।
ਪ੍ਰੋ. ਜਤਿਨ ਮਹਾਜਨ ਵੱਲੋਂ ਬਜਟ ਦੀ ਰਸਮੀ ਸ਼ੁਰੂਆਤ ਕਰਦਿਆਂ ਬਜਟ ਦੇ ਮੁੱਖ ਉਦੇਸ਼ਾਂ ਅਤੇ ਰਾਸ਼ਟਰੀ ਵਿਕਾਸ ਵਿੱਚ ਉਸਦੀ ਭੂਮਿਕਾ ਬਾਰੇ ਵਿਚਾਰ ਸਾਂਝੇ ਕੀਤੇ ਗਏ।
ਪ੍ਰੋ. ਗੁਰਪ੍ਰੀਤ ਕੌਰ ਨੇ ਖੇਤੀਬਾੜੀ ਖੇਤਰ ਨਾਲ ਸੰਬੰਧਿਤ ਪ੍ਰਾਵਧਾਨਾਂ ਅਤੇ ਕਿਸਾਨੀ ਅਰਥਵਿਵਸਥਾ ‘ਤੇ ਬਜਟ ਦੇ ਪ੍ਰਭਾਵ ਬਾਰੇ ਚਰਚਾ ਕੀਤੀ।
ਪ੍ਰੋ. ਸ਼ਰੂਤੀ ਵਿਜ਼ ਨੇ ਕਰ ਸੁਧਾਰਾਂ ਅਤੇ ਡਾਇਰੈਕਟ ਤੇ ਇਨਡਾਇਰੈਕਟ ਟੈਕਸਾਂ ਵਿੱਚ ਕੀਤੀਆਂ ਸੋਧਾਂ ਦੀ ਵਿਸਥਾਰ ਨਾਲ ਵਿਆਖਿਆ ਕੀਤੀ।
ਪ੍ਰੋ. ਗੀਤਾਂਜਲੀ ਨੇ ਸਿਹਤ ਖੇਤਰ ਲਈ ਕੀਤੀਆਂ ਘੋਸ਼ਣਾਵਾਂ ਅਤੇ ਉਨ੍ਹਾਂ ਦੇ ਸਮਾਜਿਕ ਪ੍ਰਭਾਵਾਂ ਉੱਤੇ ਚਾਨਣ ਪਾਇਆ।
ਪ੍ਰੋ. ਅੰਕਿਤਾ ਸ਼ਰਮਾ ਨੇ ਵਿੱਤੀ ਖੇਤਰ ਅਤੇ ਬੈਂਕਿੰਗ ਸੁਧਾਰਾਂ ਬਾਰੇ ਆਪਣੇ ਵਿਚਾਰ ਰੱਖੇ।
ਪ੍ਰੋ. ਸੁਪ੍ਰੀਤ ਕੌਰ ਨੇ ਦੇਸ਼ ਦੇ ਸਮੁੱਚੇ ਵਿਕਾਸ ਅਤੇ ਬਜਟ ਦੀ ਲੰਬੀ ਅਵਧੀ ਦੀ ਰਣਨੀਤੀ ਬਾਰੇ ਚਰਚਾ ਕੀਤੀ।
ਪ੍ਰੋ. ਭਾਰਤੀ ਚੌਧਰੀ ਨੇ ਬਜਟ ਦਾ ਆਮ ਆਦਮੀ ਦੀ ਜ਼ਿੰਦਗੀ ‘ਤੇ ਪੈਣ ਵਾਲੇ ਪ੍ਰਭਾਵਾਂ ਦਾ ਵਿਸ਼ਲੇਸ਼ਣ ਕੀਤਾ।
ਪ੍ਰੋ. ਸਤਵਿੰਦਰ ਸਿੰਘ ਨੇ ਇਹ ਪ੍ਰਸ਼ਨ ਉਠਾਇਆ ਕਿ ਕੀ ਭਾਰਤੀ ਬਜਟ ਇੱਕ ਸੰਤੁਲਿਤ ਬਜਟ ਹੈ ਜਾਂ ਨਹੀਂ, ਅਤੇ ਪੰਜਾਬ ਦੀ ਅਰਥਵਿਵਸਥਾ ਉੱਤੇ ਇਸਦੇ ਪ੍ਰਭਾਵਾਂ ਬਾਰੇ ਵਿਦਿਆਰਥੀਆਂ ਨਾਲ ਗਹਿਰਾਈ ਨਾਲ ਵਿਚਾਰ ਸਾਂਝੇ ਕੀਤੇ।
ਅੰਤ ਵਿੱਚ ਕਮਰਸ ਵਿਭਾਗ ਦੇ ਮੁਖੀ ਡਾ. ਕਰਨਜੀਤ ਸ਼ਰਮਾ ਨੇ ਸਾਰੇ ਬੁਲਾਰਿਆਂ ਦੇ ਵਿਚਾਰਾਂ ਦਾ ਸੰਖੇਪ ਕਰਦਿਆਂ ਪੰਜਾਬ ਲਈ ਵੱਖਰਾ ਆਰਥਿਕ ਪੈਕੇਜ ਅਤੇ ਭਵਿੱਖ ਵਿੱਚ ਬਜਟ ਵਿੱਚ ਹੋਰ ਸੁਧਾਰਾਂ ਦੀ ਲੋੜ ‘ਤੇ ਸਹਿਮਤੀ ਪ੍ਰਗਟਾਈ।
ਸਮਾਗਮ ਦੌਰਾਨ ਪ੍ਰੋ. ਜਤਿੰਦਰ ਸਿੰਘ ਨੇ ਬਤੌਰ ਮੰਚ ਸੰਚਾਲਕ ਆਪਣੀ ਭੂਮਿਕਾ ਨਿਭਾਈ ਅਤੇ ਸੈਮੀਨਾਰ ਦੇ ਸਾਰੇ ਬੁਲਾਰਿਆਂ, ਵੀਡੀਓ ਗਰਾਫੀ ਲਈ ਪ੍ਰੋ. ਕਰਨਜੀਤ ਸਿੰਘ ਅਤੇ ਸਮੂਹ ਵਿਦਿਆਰਥੀਆਂ ਦਾ ਧੰਨਵਾਦ ਕੀਤਾ।
ਇਸ ਸੈਮੀਨਾਰ ਨੇ ਵਿਦਿਆਰਥੀਆਂ ਵਿੱਚ ਆਰਥਿਕ ਜਾਗਰੂਕਤਾ ਅਤੇ ਆਲੋਚਨਾਤਮਕ ਸੋਚ ਨੂੰ ਪ੍ਰੋਤਸਾਹਿਤ ਕੀਤਾ ਅਤੇ ਬਜਟ ਨੂੰ ਸਮਝਣ ਲਈ ਇੱਕ ਮਜ਼ਬੂਤ ਅਕਾਦਮਿਕ ਮੰਚ ਪ੍ਰਦਾਨ ਕੀਤਾ।