BIG BREAKING: ਬਠਿੰਡਾ ਅਦਾਲਤ ਵੱਲੋਂ ਬਲਾਤਕਾਰ ਮਾਮਲੇ ’ਚ ਛੋਟੇ ਥਾਣੇਦਾਰ ਨੂੰ ਤਾਉਮਰ ਕੈਦ ਦੀ ਸਜ਼ਾ
ਅਸ਼ੋਕ ਵਰਮਾ
ਬਠਿੰਡਾ ,11 ਫਰਵਰੀ 2026: ਬਠਿੰਡਾ ਜਿਲ੍ਹੇ ਦੇ ਪਿੰਡ ਬਾਠ ਵਿੱਚ ਇੱਕ ਵਿਧਵਾ ਔਰਤ ਨਾਲ ਜਬਰਦਸਤੀ ਬਲਾਤਕਾਰ ਕਰਨ ਦੇ ਮਾਮਲੇ ’ਚ ਜਿਲ੍ਹਾ ਅਦਾਲਤ ਬਠਿੰਡਾ ਨੇ ਏਐਸਆਈ ਗੁਰਵਿੰਦਰ ਸਿੰਘ ਨੂੰ ਤਾਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਸ਼ੀ ਪੁਲਿਸ ਮੁਲਾਜਮ ਨੂੰ ਜੁਰਮਾਨਾ ਵੀ ਲਾਇਆ ਹੈ। ਹਾਲਾਂਕਿ ਅਦਾਲਤ ਦੇ ਵੇਰਵਿਆਂ ਸਾਹਿਤ ਹੁਕਮ ਆੳਣੇ ਬਾਕੀ ਹਨ ਪਰ ਮੁਢਲੇ ਤੌਰ ਤੇ ਸਾਹਮਣੇ ਆਈ ਜਾਣਕਾਰੀ ਅਨੁਸਾਰ ਹੁਣ ਇਹ ਬਰਖਾਸਤ ਏਐਸਆਈ ਜਿੰਦਗੀ ਭਰ ਜੇਲ੍ਹ ਚੋਂ ਬਾਹਰ ਨਹੀਂ ਆ ਸਕੇਗਾ। ਜਦੋਂ ਇਹ ਘਟਨਾ ਵਾਪਰੀ ਤਾਂ ਉਦੋਂ ਏਐਸਆਈ ਗੁਰਵਿੰਦਰ ਸਿੰਘ ਸੀਆਈਏ ਸਟਾਫ ਬਠਿੰਡਾ ’ਚ ਤਾਇਨਾਤ ਸੀ। ਸੂਤਰ ਦੱਸਦੇ ਹਨ ਕਿ ਮਾਮਲੇ ਦੀ ਤਫਤੀਸ਼ ਅਤੇ ਸੁਣਵਾਈ ਦੌਰਾਨ ਏਐਸਆਈ ਨੇ ਪੀੜਤਾ ਨੂੰ ਥਿਰਕਾਉਣ ਲਈ ਕਈ ਤਰਾਂ ਦਾ ਦਬਾਅ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਅਤੇ ਲਾਲਚ ਵੀ ਦਿੱਤੇ ਪਰ ਉਹ ਝੁਕੀ ਨਹੀਂ ’ਤੇ ਇਨਸਾਫ ਹਾਸਲ ਕਰਕੇ ਹੀ ਸਾਹ ਲਿਆ ਹੈ।
ਪੀੜਤਾ ਦੇ ਵਕੀਲ ਐਡਵੋਕੇਟ ਗੁਰਪ੍ਰੀਤ ਸਿੰਘ ਭਸੀਨ ਨੇ ਛੋਟੇ ਥਾਣੇਦਾਰ ਨੂੰ ਅਦਾਲਤ ਵੱਲੋਂ ਸਜ਼ਾ ਦੇਣ ਦੀ ਪੁਸ਼ਟੀ ਕੀਤੀ ਹੈ। ਦੱਸਣਯੋਗ ਹੈ ਕਿ ਪੁਲਿਸ ਨੇ ਮਈ 2021 ’ਚ ਪਿੰਡ ਬਾਠ ਦੀ ਇੱਕ ਵਿਧਵਾ ਔਰਤ ਦੇ ਪੁੱਤਰ ਖਿਲਾਫ ਨਸ਼ਾ ਤਸਕਰੀ ਦਾ ਝੂਠਾ ਕੇਸ ਦਰਜ ਕੀਤਾ ਸੀ। ਪੀੜਤਾ ਨੇ ਉਦੋਂ ਦੱਸਿਆ ਸੀ ਕਿ ਸਭ ਤੋਂ ਪਹਿਲਾਂ ਏ ਐਸ ਆਈ ਗੁਰਵਿੰਦਰ ਸਿੰਘ ਨੇ ਬਠਿੰਡਾ ਰਾਮਪੁਰਾ ਸੜਕ ਤੇ ਪੈਂਦੇ ਇੱਕ ਹਸਪਤਾਲ ਲਾਗੇ ਉਸ ਨਾਲ ਜਬਰਦਸਤੀ ਸਰੀਰਕ ਸਬੰਧ ਬਣਾਏ ਸਨ। ਆਪਣੇ ਯਤਨ ’ਚ ਕਾਮਯਾਬ ਹੋਣ ਤੋਂ ਬਾਅਦ ਏ ਐਸ ਆਈ ਦਾ ਹੌਂਸਲਾ ਐਨਾ ਵਧ ਗਿਆ ਕਿ ਉਸ ਨੇ ਔਰਤ ਦੇ ਘਰ ਆਉਣ ਦੀ ਜਿਦ ਫੜ੍ਹ ਲਈ। ਪੀੜਤ ਔਰਤ ਪਹਿਲਾਂ ਤਾਂ ਆਪਣੇ ਪੁੱਤ ਨੂੰ ਬਚਾਉਣ ਖਾਤਰ ਸਭ ਕੁੱਝ ਝੱਲਦੀ ਰਹੀ ਪਰ ਜਦੋਂ ਪਾਣੀ ਸਿਰ ਤੋਂ ਦੀ ਲੰਘ ਗਿਆ ਤਾਂ ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਤੋਂ ਇਲਾਵਾ ਪਿੰਡ ਵਾਸੀਆਂ ਨੂੰ ਆਪਣੀ ਹੱਡਬੀਤੀ ਸੁਣਾ ਦਿੱਤੀ।
ਇਸ ਮੌਕੇ ਥਾਣੇਦਾਰ ਨੂੰ ਸਮਝਾਉਣ ਦੀਆਂ ਕੋਸ਼ਿਸਾਂ ਵੀ ਹੋਈਆਂ ਪਰ ਵਰਦੀ ਦੇ ਦਾਬੇ ਨਾਲ ਇਸ ਨੂੰ ਟਿੱਚ ਜਾਣਿਆ ਅਤੇ ਔਰਤ ਨੂੰ ਤੰਗ ਪ੍ਰੇਸ਼ਾਨ ਕਰਨਾ ਜਾਰੀ ਰੱਖਿਆ। ਅੰਤ ਨੂੰ ਥਾਣੇਦਾਰ ਦੀਆਂ ਵਧੀਕੀਆਂ ਤੋਂ ਅੱਕੇ ਪਿੰਡ ਵਾਸੀਆਂ ਨੇ ਗੁਰਵਿੰਦਰ ਸਿੰਘ ਨੂੰ ਰੰਗੇ ਹੱਥੀਂ ਫੜ੍ਹਨ ਦੀ ਸਕੀਮ ਬਣਾ ਲਈ। ਜਦੋਂ ਥਾਣੇਦਾਰ ਇਸ ਔਰਤ ਦੇ ਘਰ ਆਇਆ ਅਤੇ ਉਸ ਨਾਲ ਸਰੀਰਕ ਸਬੰਧ ਬਨਾਉਣੇ ਸ਼ੁਰੂ ਕਰ ਦਿੱਤੇ ਤਾਂ ਇਸ ਮੌਕੇ ਪਿੰਡ ਵਾਸੀਆਂ ਨੇ ਵਿਧਵਾ ਦੇ ਘਰ ਪੁੱਜਕੇ ਏ ਐਸ ਆਈ ਗੁਰਵਿੰਦਰ ਸਿੰਘ ਦੀ ਵੀਡੀਓ ਬਨਾਉਣ ਤੋਂ ਬਾਅਦ ਰੰਗੇ ਹੱਥੀਂ ਦਬੋਚ ਲਿਆ। ਇਹ ਵੀਡੀਓ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋਈ ਸੀ ਜਿਸ ’ਚ ਥਾਣੇਦਾਰ ਪੂਰੀ ਤਰਾਂ ਨਿਰਵਸਤਰ ਦਿਖਾਈ ਦੇ ਰਿਹਾ ਸੀ। ਪਿੰਡ ਵਾਸੀਆਂ ਨੇ ਥਾਣੇਦਾਰ ਵੱਲੋਂ ਕੀਤੇ ਇਸ ਕਾਂਡ ਦੀ ਜਾਣਕਾਰੀ ਥਾਣਾ ਨਥਾਣਾ ਪੁਲਿਸ ਨੂੰ ਦਿੱਤੀ ਜਿਸ ਨੇ ਏ ਐਸ ਆਈ ਨੂੰ ਗ੍ਰਿਫਤਾਰ ਕਰ ਲਿਆ।
ਮਾਮਲਾ ਮੀਡੀਆ ਦੀਆਂ ਸੁਰਖੀਆਂ ਬਣਨ ਤੇ ਐਸਐਸਪੀ ਬਠਿੰਡਾ ਨੇ ਸਹਾਇਕ ਥਾਣੇਦਾਰ ਗੁਰਵਿੰਦਰ ਸਿੰਘ ਨੂੰ ਨੌਕਰੀਓਂ ਕੱਢ ਦਿੱਤਾ ਸੀ। ਸਮਾਜ ’ਚ ਹੋਈ ਬਦਨਾਮੀ ਨੂੰ ਦੇਖਦਿਆਂ ਏਐਸਆਈ ਨੇ ਖੁਦਕਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਦੋਂ ਉਸ ਨੂੰ ਬਚਾਅ ਲਿਆ ਗਿਆ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਹਾਈਕੋਰਟ ਨੇ ਐਸਆਈਟੀ ਤੋਂ ਜਾਂਚ ਦੇ ਆਦੇਸ਼ ਦਿੱਤੇ ਸਨ। ਐਸਆਈਟੀ ਦੀ ਜਾਂਚ ਰਿਪੋਰਟ ਦੇ ਅਧਾਰ ਤੇ ਗੁਰਵਿੰਦਰ ਸਿੰਘ ਖਿਲਾਫ ਚਲਾਨ ਪੇਸ਼ ਕੀਤਾ ਗਿਆ ਸੀ। ਕਰੀਬ 4 ਸਾਲ ਬਾਅਦ ਹੁਣ ਜਿਲ੍ਹਾ ਅਦਾਲਤ ਨੇ ਇਸ ਬਲਾਤਕਾਰ ਮਾਮਲੇ ’ਚ ਆਪਣਾ ਮਿਸਾਲੀ ਫੈਸਲਾ ਸੁਣਾਉਂਦਿਆਂ ਏਐਸਆਈ ਗੁਰਵਿੰਦਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਜੋ ਉਸ ਦੀ ਮੌਤ ਹੋਣ ਤੱਕ ਜਾਰੀ ਰਹੇਗੀ। ਐਡਵੋਕੇਟ ਗੁਰਪ੍ਰੀਤ ਸਿੰਘ ਭਸੀਨ ਦਾ ਕਹਿਣਾ ਸੀ ਕਿ ਅਦਾਲਤ ਦੇ ਇਸ ਫੈਸਲੇ ਨਾਲ ਲੋਕਾਂ ਦਾ ਨਿਆਂ ਪ੍ਰਣਾਲੀ ’ਚ ਭਰੋਸਾ ਪੱਕਾ ਹੋਵੇਗਾ ਕਿਉਂਕਿ ਇਸ ਮਾਮਲੇ ’ਚ ਦੋਸ਼ੀ ਪੰਜਾਬ ਪੁਲਿਸ ਦਾ ਇੱਕ ਮੁਲਾਜਮ ਸੀ।
Click to Follow Babushahi Facebook page →