ਸਤਨਾਮ ਸਿੰਘ ਮਾਣਕ ਦੀ ਗ਼ਜ਼ਲ ‘ਹਨੇਰੇ ਤੋਂ ਬਾਅਦ’ ਹੰਸ ਰਾਜ ਹੰਸ ਤੇ ਹੋਰ ਸ਼ਖ਼ਸੀਅਤਾਂ ਵਲੋਂ ਰਿਲੀਜ਼
-ਸਰੋਤਿਆਂ ਵਲੋਂ ਅਨਾਦੀ ਮਿਸ਼ਰਾ ਦੀ ਗਾਇਕੀ ਦੀ ਭਰਪੂਰ ਪ੍ਰਸੰਸਾ
ਫਗਵਾੜਾ, 30 ਜਨਵਰੀ :- ਅੱਜ ਇਥੇ ਇਕ ਪ੍ਰਭਾਵਸ਼ਾਲੀ ਸਮਾਗਮ ਵਿਚ ਸੀਨੀਅਰ ਪੱਤਰਕਾਰ ਸਤਨਾਮ ਸਿੰਘ ਮਾਣਕ ਦੀ ਗ਼ਜ਼ਲ ‘ਹਨੇਰੇ ਤੋਂ ਬਾਅਦ’ ਉਘੇ ਸੂਫ਼ੀ ਗਾਇਕ ਹੰਸ ਰਾਜ ਹੰਸ, ਅਰੁਣ ਮਿਸ਼ਰਾ, ਆਤਮ ਪ੍ਰਕਾਸ਼ ਸਿੰਘ, ਭੁਪਿੰਦਰ ਮੱਲ੍ਹੀ ਤੇ ਹੋਰ ਸ਼ਖ਼ਸੀਅਤਾਂ ਵਲੋਂ ਰਿਲੀਜ਼ ਕੀਤੀ ਗਈ। ਇਸ ਗ਼ਜ਼ਲ ਨੂੰ ਨੌਜਵਾਨ ਗਾਇਕ ਅਨਾਦੀ ਮਿਸ਼ਰਾ ਵਲੋਂ ਆਵਾਜ਼ ਦਿੱਤੀ ਗਈ ਹੈ।
ਇਸ ਅਵਸਰ 'ਤੇ ਬੋਲਦਿਆਂ ਹੰਸ ਰਾਜ ਹੰਸ ਨੇ ਕਿਹਾ ਕਿ ਸਤਨਾਮ ਸਿੰਘ ਮਾਣਕ ਨਾਲ ਉਨ੍ਹਾਂ ਦੇ ਕਈ ਦਹਾਕਿਆਂ ਤੋਂ ਸੰਬੰਧ ਚੱਲੇ ਆ ਰਹੇ ਹਨ। ਉਨ੍ਹਾਂ ਨੇ ਹਮੇਸ਼ਾ ਲਗਨ ਅਤੇ ਪ੍ਰਤੀਬੱਧਤਾ ਨਾਲ ਪੱਤਰਕਾਰੀ ਕੀਤੀ ਹੈ। ਪਰ ਇਸ ਦੇ ਨਾਲ-ਨਾਲ ਉਨ੍ਹਾਂ ਦੀ ਸਾਹਿਤ ਅਤੇ ਸੰਗੀਤ ਵਿਚ ਨਿਰੰਤਰ ਦਿਲਚਸਪੀ ਬਣੀ ਰਹੀ ਹੈ। ਮੈਨੂੰ ਇਸ ਗੱਲ ਦੀ ਬੇਹੱਦ ਖ਼ੁਸ਼ੀ ਹੈ ਕਿ ਉਨ੍ਹਾਂ ਨੇ ਹੁਣ ਕਾਵਿ ਸਿਰਜਣਾ ਵੀ ਸ਼ੁਰੂ ਕੀਤੀ ਹੈ, ਜਿਸ ਦੇ ਕਈ ਰੂਪ ਅੱਜ ਇਥੇ ਉਨ੍ਹਾਂ ਵਲੋਂ ਲਿਖੇ ਗਏ ਗੀਤਾਂ ਰਾਹੀਂ ਦੇਖੇ ਹਨ। ਉਨ੍ਹਾਂ ਨੇ ਕਿਹਾ ਕਿ ਮੈਨੂੰ ਇਸ ਗੱਲ ਦੀ ਵੀ ਵੱਡੀ ਸੰਤੁਸ਼ਟੀ ਹੈ ਕਿ ਸ਼ਾਸ਼ਤਰੀ ਸੰਗੀਤ ਨਾਲ ਜੁੜੇ ਮਿਸ਼ਰਾ ਪਰਿਵਾਰ ਦੇ ਨੌਜਵਾਨ ਗਾਇਕ ਅਨਾਦੀ ਮਿਸ਼ਰਾ ਨੇ ਸਤਨਾਮ ਸਿੰਘ ਮਾਣਕ ਵਲੋਂ ਲਿਖੀ ਗ਼ਜ਼ਲ ਨੂੰ ਆਪਣੀ ਆਵਾਜ਼ ਵਿਚ ਪੇਸ਼ ਕੀਤਾ ਹੈ। ਮੈਨੂੰ ਪੂਰੀ ਆਸ ਹੈ ਕਿ ਇਹ ਗ਼ਜ਼ਲ ਵੱਡੀ ਗਿਣਤੀ ਵਿਚ ਲੋਕਾਂ ਤੱਕ ਪਹੁੰਚੇਗੀ ਅਤੇ ਅਨਾਦੀ ਮਿਸ਼ਰਾ ਵੀ ਆਪਣੀ ਗਾਇਕੀ ਰਾਹੀਂ ਜ਼ਿੰਦਗੀ ਵਿਚ ਲੰਮਾ ਸਫ਼ਰ ਤੈਅ ਕਰੇਗਾ।
ਇਸ ਅਵਸਰ 'ਤੇ ਪੱਤਰਕਾਰਾਂ ਅਤੇ ਸੰਗੀਤ ਪ੍ਰੇਮੀਆਂ ਨੂੰ ਸੰਬੋਧਨ ਕਰਦਿਆਂ ਸਤਨਾਮ ਸਿੰਘ ਮਾਣਕ ਨੇ ਕਿਹਾ ਕਿ ਮੇਰੀ ਸਮਝ ਮੁਤਾਬਿਕ ਸਾਹਿਤ ਮਨੁੱਖ ਦੇ ਅੰਦਰ ਅਤੇ ਆਲੇ-ਦੁਆਲੇ ਵਾਪਰਦੇ ਘਟਨਾਕ੍ਰਮਾਂ ਦਾ ਪ੍ਰਤੀਕਰਮ ਹੁੰਦਾ ਹੈ, ਜੋ ਕਵਿਤਾ, ਕਹਾਣੀ, ਨਾਵਲ, ਨਾਟਕ ਅਤੇ ਵਾਰਤਿਕ ਦੇ ਰੂਪ ਵਿਚ ਸਾਹਮਣੇ ਆਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਪਿਛਲੇ ਸਮੇਂ ਵਿਚ ਮਹਿਸੂਸ ਕਰਦਾ ਰਿਹਾ ਹਾਂ ਕਿ ਕਵਿਤਾ ਰਾਹੀਂ ਤੁਸੀਂ ਆਪਣੀ ਗੱਲ ਥੋੜ੍ਹੇ ਸ਼ਬਦਾਂ ਵਿਚ ਪ੍ਰਭਾਵਸ਼ਾਲੀ ਢੰਗ ਨਾਲ ਲੋਕਾਂ ਤੱਕ ਪਹੁੰਚਾ ਸਕਦੇ ਹੋ। ਇਸੇ ਲਈ ਮੈਂ ਕਾਵਿ ਸਿਰਜਣਾ ਵੱਲ ਥੋੜ੍ਹਾ ਧਿਆਨ ਕੇਂਦਰਿਤ ਕੀਤਾ ਹੈ।
ਅਨਾਦੀ ਮਿਸ਼ਰਾ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਸਤਨਾਮ ਸਿੰਘ ਮਾਣਕ ਵਲੋਂ ਲਿਖੀ ਇਹ ਗ਼ਜ਼ਲ ਮੈਨੂੰ ਨੂੰ ਬਹੁਤ ਪਸੰਦ ਆਈ ਸੀ, ਜਦੋਂ ਉਨ੍ਹਾਂ ਨੇ ਮੈਨੂੰ ਗਾਉਣ ਲਈ ਭੇਜੀ ਸੀ, ਉਸੇ ਸਮੇਂ ਮੈਂ ਹਾਂ ਕਰ ਦਿੱਤੀ ਸੀ ਤੇ ਅੱਜ ਇਹ ਸਰੋਤਿਆਂ ਦੇ ਰੂ-ਬਰੂ ਪੇਸ਼ ਕਰਕੇ ਮੈਨੂੰ ਬੇਹੱਦ ਖ਼ੁਸ਼ੀ ਹੋਈ ਹੈ। ਅਨਾਦੀ ਮਿਸ਼ਰਾ ਦੇ ਪਿਤਾ ਜੀ ਡਾ. ਅਰੁਣ ਮਿਸ਼ਰਾ ਨੇ ਕਿਹਾ ਕਿ ਮੈਨੂੰ ਇਸ ਗੱਲ ਦੀ ਸੰਤੁਸ਼ਟੀ ਹੈ ਕਿ ਮੇਰਾ ਸਪੁੱਤਰ ਆਪਣੇ ਪਰਿਵਾਰ ਦੀ ਸੰਗੀਤਕ ਵਿਰਾਸਤ ਨੂੰ ਅੱਗੇ ਵਧਾ ਰਿਹਾ ਹੈ ਅਤੇ ਹੰਸ ਰਾਜ ਹੰਸ ਅਤੇ ਸਤਨਾਮ ਸਿੰਘ ਮਾਣਕ ਵਰਗੇ ਲੋਕਾਂ ਦੀ ਸੰਗਤ ਨਾਲ ਉਸ ਦੀ ਕਲਾ ਵਿਚ ਹੋਰ ਵੀ ਨਿਖਾਰ ਆ ਰਿਹਾ ਹੈ। ਮੈਨੂੰ ਅਨਾਦੀ ਮਿਸ਼ਰਾ 'ਤੇ ਪੂਰਾ-ਪੂਰਾ ਮਾਣ ਹੈ। ਇਥੇ ਵਰਨਣਯੋਗ ਹੈ ਕਿ ਸਤਨਾਮ ਸਿੰਘ ਮਾਣਕ ਨੇ ਕੋਰੋਨਾ ਕਾਲ ਵਿਚ ਕਾਵਿ ਸਿਰਜਣਾ ਸ਼ੁਰੂ ਕੀਤੀ ਸੀ। ਉਨ੍ਹਾਂ ਦੇ ‘ਆ ਦਿਲਾ’, ‘ਦਰਦ ਦਾ ਦਰਿਆ’, ‘ਸ਼ੇਰ ਪੰਜਾਬ ਦੇ’, ‘ਜ਼ਿੰਦਾਬਾਦ’ ਤੇ ‘ਕੰਢੇ ਸੰਤਾਲੀ ਵਾਲੇ’ ਆਦਿ ਗੀਤ ਵਿਸ਼ੇਸ਼ ਤੌਰ 'ਤੇ ਚਰਚਿਤ ਹੋਏ ਸਨ।
ਇਹ ਗ਼ਜ਼ਲ ਰਿਲੀਜ਼ ਕਰਨ ਸਮੇਂ ਰਾਕੇਸ਼ ਸ਼ਾਂਤੀਦੂਤ, ਸਵਰਨ ਸਿੰਘ ਟਹਿਣਾ, ਡੀ.ਆਰ. ਬੰਦਨਾ, ਬਲਜੀਤ ਬੱਲ, ਸੁਰਿੰਦਰਪਾਲ ਸਿੰਘ, ਸ਼ਿਵ ਸ਼ਰਮਾ, ਮਨਦੀਪ ਸ਼ਰਮਾ, ਜਤਿੰਦਰ ਪੰਮੀ, ਪ੍ਰੋ. ਕੁਲਜੀਤ ਕੌਰ, ਜਸਪਾਲ ਸਿੰਘ, ਹਰੀਸ਼ ਕੁਮਾਰ, ਆਰਟਿਸਟ ਇੰਦਰਜੀਤ ਸਿੰਘ, ਰਾਜੇਸ਼ ਥਾਪਾ, ਤਜਿੰਦਰ ਕੌਰ ਥਿੰਦ, ਸ਼ੀਤਲ ਠਾਕੁਰ, ਕੋਮਲ ਸ਼ਰਮਾ ਅਤੇ ਐਚ.ਐਮ.ਵੀ. ਦੀਆਂ ਵਿਦਿਆਰਥਣਾਂ ਮੌਜੂਦ ਸਨ।