ਵੱਡੀ ਖ਼ਬਰ: CM ਭਗਵੰਤ ਮਾਨ ਨੂੰ ਲਾਹੌਰ 'ਚ ਹੋਣ ਵਾਲੀ 'ਵਰਲਡ ਪੰਜਾਬੀ ਕਾਨਫ਼ਰੰਸ' ਲਈ ਮਿਲਿਆ ਸੱਦਾ
Babushahi Network
ਚੰਡੀਗੜ੍ਹ, 23 ਅਕਤੂਬਰ 2026-ਪੰਜਾਬ ਵਿਧਾਨ ਸਭਾ ਦੇ ਇਜਲਾਸ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਅਹਿਮ ਅਤੇ ਦਿਲਚਸਪ ਬਿਆਨ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਪਾਕਿਸਤਾਨ ਦੇ ਲਾਹੌਰ ਸ਼ਹਿਰ ਤੋਂ ਵਿਸ਼ੇਸ਼ ਸੱਦਾ ਪੱਤਰ ਪ੍ਰਾਪਤ ਹੋਇਆ ਹੈ। ਸਦਨ ਦੀ ਕਾਰਵਾਈ ਦੌਰਾਨ ਬੋਲਦਿਆਂ ਮੁੱਖ ਮੰਤਰੀ ਨੇ ਖ਼ੁਲਾਸਾ ਕੀਤਾ ਕਿ ਲਾਹੌਰ ਵਿਖੇ ਆਯੋਜਿਤ ਹੋਣ ਜਾ ਰਹੀ 'ਵਰਲਡ ਪੰਜਾਬੀ ਕਾਨਫ਼ਰੰਸ' ਦੇ ਪ੍ਰਬੰਧਕਾਂ ਵੱਲੋਂ ਉਨ੍ਹਾਂ ਨੂੰ ਇਸ ਸਮਾਗਮ ਵਿੱਚ ਸ਼ਿਰਕਤ ਕਰਨ ਅਤੇ ਮੇਜ਼ਬਾਨੀ ਕਬੂਲਣ ਦਾ ਸੱਦਾ ਭੇਜਿਆ ਗਿਆ ਹੈ।
ਸਦਨ ਵਿੱਚ ਆਪਣੇ ਖ਼ਾਸ ਹਾਸ-ਰਸ ਅਤੇ ਤੰਜ਼ ਭਰੇ ਅੰਦਾਜ਼ ਵਿੱਚ ਬੋਲਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, "ਲਾਹੌਰ ਵਿੱਚ 27 ਨਵੰਬਰ ਨੂੰ ਵਰਲਡ ਪੰਜਾਬੀ ਕਾਨਫ਼ਰੰਸ ਹੋ ਰਹੀ ਹੈ। ਪ੍ਰਬੰਧਕਾਂ ਨੇ ਮੈਨੂੰ ਬਹੁਤ ਪਿਆਰ ਨਾਲ ਸੱਦਾ ਭੇਜਿਆ ਹੈ ਕਿ ਤੁਸੀਂ ਆਓ, ਅਸੀਂ ਤੁਹਾਡੀ ਮੇਜ਼ਬਾਨੀ ਕਰਾਂਗੇ। ਪਰ ਮੈਂ ਉਨ੍ਹਾਂ ਨੂੰ ਕਿਹਾ ਕਿ ਮੈਨੂੰ ਤਾਂ ਕੇਂਦਰ ਸਰਕਾਰ ਫਰਾਂਸ, ਜਪਾਨ ਵਰਗੇ ਦੇਸ਼ਾਂ ਵੱਲ ਹੀ ਨਹੀਂ ਜਾਣ ਦਿੰਦੀ, ਪਾਕਿਸਤਾਨ ਜਾਣ ਦੀ ਇਜਾਜ਼ਤ ਮੈਨੂੰ ਕਿੱਥੋਂ ਦੇਣਗੇ।" ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਦਾ ਇਹ ਇਸ਼ਾਰਾ ਕੇਂਦਰ ਸਰਕਾਰ ਵੱਲੋਂ ਉਨ੍ਹਾਂ ਦੇ ਵਿਦੇਸ਼ੀ ਦੌਰਿਆਂ ਲਈ ਮੰਗੀ ਜਾਂਦੀ ਪ੍ਰਵਾਨਗੀ (Clearance) ਨਾ ਮਿਲਣ ਜਾਂ ਦੇਰੀ ਹੋਣ ਦੇ ਮੁੱਦੇ ਵੱਲ ਸੀ।
- Download Babushahi App
-
-