ਰਿਫਾਇਨਰੀ ਦੇ ਗੁਣਗਾਣ ਕਰਨ ਲੱਗੀ ਤਲਵੰਡੀ ਸਾਬੋ ਹਲਕੇ ਤੋਂ ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ
ਅਸ਼ੋਕ ਵਰਮਾ
ਬਠਿੰਡਾ: ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੀ ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ ਨੇ ਬਠਿੰਡਾ ਵਿਖੇ ਲੱਗੇ ਤਿੰਨ ਦਿਨਾਂ ਵਿਰਾਸਤੀ ਮੇਲੇ ਵਿੱਚ ਐਚਐਮਈਐਲ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਵੱਲੋਂ ਲਾਏ ਸਟਾਲ ਦਾ ਦੌਰਾ ਕੀਤਾ ਅਤੇ ਉੱਥੇ ਪਿੰਡ ਪੱਕਾ ਕਲਾਂ ਵਿੱਚ ਚਲਾਏ ਜਾ ਰਹੇ ਸਵੈ ਸਹਾਇਤਾ ਸਮੂਹਾਂ ਦੀਆਂ ਔਰਤਾਂ ਦੇ ਸਟਾਲਾਂ ਦੀ ਭਰਵੀਂ ਸ਼ਲਾਘਾ ਕੀਤੀ। ਇਸ ਤੋਂ ਪਹਿਲਾਂ ਪ੍ਰੋਫੈਸਰ ਬਲਜਿੰਦਰ ਕੌਰ ਰਿਫਾਇਨਰੀ ਵੱਲੋਂ ਕੀਤੇ ਗਏ ਕੰਮਕਾਜ ਦੀ ਆਲੋਚਨਾ ਕਰਦੇ ਰਹੇ ਹਨ। ਇਹ ਦੂਸਰੀ ਵਾਰ ਹੋਇਆ ਹੈ ਕਿ ਵਿਧਾਇਕ ਰਿਫਾਇਨਰੀ ਦੇ ਕਿਸੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ ਹਨ।ਇਸ ਮੌਕੇ ਹਲਕਾ ਤਲਵੰਡੀ ਸਾਬੋ ਦੀ ਵਿਧਾਇਕ ਪ੍ਰੋ. ਬਲਜਿੰਦਰ ਕੌਰ ਨੇ ਸਟਾਲਾਂ ਦਾ ਦੌਰਾ ਕਰਕੇ ਮਹਿਲਾਵਾਂ ਨਾਲ ਗੱਲਬਾਤ ਕੀਤੀ। ਮਹਿਲਾਵਾਂ ਨੇ ਆਪਣੇ ਬਣਾਏ ਉਤਪਾਦਾਂ ਅਤੇ ਸਮੂਹਾਂ ਦੇ ਕੰਮ ਬਾਰੇ ਜਾਣਕਾਰੀ ਦਿੱਤੀ। ਵਿਧਾਇਕ ਨੇ ਮਹਿਲਾਵਾਂ ਦੇ ਇਸ ਯਤਨ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਹੋਰ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ।
ਪੰਜਾਬ ਰਾਜ ਪੇਂਡੂ ਆਜੀਵਿਕਾ ਮਿਸ਼ਨ ਤਹਿਤ “ਪੰਜਾਬ ਸਖੀ ਸ਼ਕਤੀ ਮੇਲਾ – ਮਹਿਲਾ ਉੱਦਮੀਆਂ ਦਾ ਸਸ਼ਕਤੀਕਰਨ” ਥੀਮ ਅਧੀਨ ਸਵੈ ਸਹਾਇਤਾ ਸਮੂਹਾਂ ਨੂੰ ਆਪਣੀ ਕਲਾ ਵਿਖਾਉਣ ਦਾ ਮੌਕਾ ਦਿੱਤਾ ਗਿਆ। ਐਚਐਮਈਐਲ ਦੇ ਸਹਿਯੋਗ ਨਾਲ ਪੱਕਾ ਕਲਾਂ ਵਿੱਚ ਚੱਲ ਰਹੇ ਫਤਿਹ ਸਵੈ ਸਹਾਇਤਾ ਸਮੂਹ ਵੱਲੋਂ ਪ੍ਰਿੰਟਿਡ ਸੂਟ, ਸਤਿਗੁਰੂ ਸਮੂਹ ਵੱਲੋਂ ਨੋਟਬੁੱਕ ਅਤੇ ਗਿਆਨ ਸਮੂਹ ਵੱਲੋਂ ਬੈਗਾਂ ਦੀਆਂ ਸਟਾਲਾਂ ਲਗਾਈਆਂ ਗਈਆਂ। ਮਹਿਲਾਵਾਂ ਨੇ ਲੈਪਟਾਪ ਬੈਗ, ਫੁਲਕਾਰੀ ਬੈਗ, ਪ੍ਰਿੰਟਿਡ ਬੈਗ, ਸੂਟ ਅਤੇ ਹੋਰ ਹੱਥੋਂ ਬਣੇ ਉਤਪਾਦ ਪ੍ਰਦਰਸ਼ਿਤ ਕੀਤੇ।ਐਚਐਮਈਐਲ ਵੱਲੋਂ ਪੱਕਾ ਕਲਾਂ ਵਿੱਚ ਮਹਿਲਾ ਸਸ਼ਕਤੀਕਰਨ ਲਈ ਲਗਭਗ 35 ਸਵੈ ਸਹਾਇਤਾ ਸਮੂਹ ਚਲਾਏ ਜਾ ਰਹੇ ਹਨ, ਜਿਨ੍ਹਾਂ ਵਿੱਚੋਂ 16 ਸਮੂਹਾਂ ਨੂੰ ਉਦਯੋਗ ਨਾਲ ਜੋੜ ਕੇ ਕਰੀਬ 170 ਮਹਿਲਾਵਾਂ ਨੂੰ ਆਤਮਨਿਰਭਰ ਬਣਾਇਆ ਗਿਆ ਹੈ। ਇੱਥੇ ਸਕੂਲ ਯੂਨੀਫਾਰਮ, ਬੈਗ, ਲੈਦਰ ਬੈਗ, ਲੈਪਟਾਪ ਬੈਗ, ਲੋਅਰ, ਨੋਟਬੁੱਕ, ਸੈਨਿਟਰੀ ਪੈਡ, ਅਚਾਰ ਆਦਿ ਦੇ ਕਈ ਯੂਨਿਟ ਸਫਲਤਾਪੂਰਵਕ ਚੱਲ ਰਹੇ ਹਨ।
ਇਨ੍ਹਾਂ ਯਤਨਾਂ ਦੇ ਨਤੀਜੇ ਵਜੋਂ ਪਿੰਡ ਦੀ ਰੂਪਿੰਦਰ ਕੌਰ ਨੂੰ ਹਾਲ ਹੀ ਵਿੱਚ ਨਵੀਂ ਦਿੱਲੀ ਵਿੱਚ ਹੋਏ ਰਾਸ਼ਟਰੀ ਆਜੀਵਿਕਾ ਸੰਮੇਲਨ ਵਿੱਚ “ਲਖਪਤੀ ਦੀਦੀ” ਸਨਮਾਨ ਮਿਲਿਆ। ਉਨ੍ਹਾਂ ਨੇ ਦੇਸ਼ ਭਰ ਤੋਂ ਆਈਆਂ ਮਹਿਲਾਵਾਂ ਨਾਲ ਆਪਣੀ ਪ੍ਰੇਰਣਾਦਾਇਕ ਯਾਤਰਾ ਸਾਂਝੀ ਕੀਤੀ।ਇਸ ਤੋਂ ਇਲਾਵਾ, ਸਤਿਗੁਰੂ ਸਵੈ ਸਹਾਇਤਾ ਸਮੂਹ ਦੀ ਮਮਤਾ ਅਰੋੜਾ ਨੇ ਵੀ ਦਿੱਲੀ ਵਿੱਚ ਹੋਏ “ਸਸਟੇਨੇਬਲ ਮਾਡਲਜ਼ ਦੇ ਰਾਹੀਂ ਮਹਿਲਾ ਉਦਮਾਂ ਨੂੰ ਅੱਗੇ ਵਧਾਉਣਾ” ਵਿਸ਼ੇ ‘ਤੇ ਕਰਵਾਏ ਰਾਸ਼ਟਰੀ ਮਹਿਲਾ ਉਦਮੀਤਾ ਸੰਮੇਲਨ ਵਿੱਚ ਭਾਗ ਲਿਆ ਅਤੇ ਆਪਣੇ ਅਨੁਭਵ ਸਾਂਝੇ ਕੀਤੇ।ਪਿੰਡ ਦੀ ਸ਼ੀਲਾ ਦੇਵੀ ਫਤਿਹ ਸਵੈ ਸਹਾਇਤਾ ਸਮੂਹ ਦੀ ਨੁਮਾਇੰਦਗੀ ਕਰਦਿਆਂ ਪ੍ਰਿੰਟਿਡ ਸੂਟ ਤਿਆਰ ਕਰ ਰਹੀ ਹੈ ਅਤੇ ਹੋਰ ਮਹਿਲਾਵਾਂ ਲਈ ਆਤਮਨਿਰਭਰਤਾ ਦੀ ਮਿਸਾਲ ਬਣ ਰਹੀ ਹੈ।
Click to Follow Babushahi Facebook page →