ਰਾਣਾ ਬਲਾਚੌਰੀਆ ਕਤਲ ਕੇਸ; ਪੱਛਮੀ ਬੰਗਾਲ ਤੋਂ ਦੋ ਸ਼ੂਟਰਾਂ ਸਮੇਤ ਤਿੰਨ ਦੋਸ਼ੀ ਕਾਬੂ
*— ਸਿੱਕਮ ਪੁਲਿਸ, ਮੁੰਬਈ ਪੁਲਿਸ, ਪੱਛਮੀ ਬੰਗਾਲ ਐਸਟੀਐਫ, ਕੇਂਦਰੀ ਏਜੰਸੀਆਂ ਅਤੇ ਸਥਾਨਕ ਹਾਵੜਾ ਪੁਲਿਸ ਦੀ ਸਹਾਇਤਾ ਨਾਲ ਦੋਸ਼ੀਆਂ ਨੂੰ ਕੀਤਾ ਗ੍ਰਿਫ਼ਤਾਰ*
*— ਮਾਮਲੇ ਨੂੰ ਮੁਕੰਮਲ ਤੌਰ ‘ਤੇ ਸੁਲਝਾਉਣ ਲਈ ਬਾਕੀ ਸਾਥੀਆਂ ਦੀ ਪਛਾਣ ਕਰਨ ਅਤੇ ਕਾਬੂ ਕਰਨ ਲਈ ਯਤਨ ਜਾਰੀ: ਡੀਜੀਪੀ ਗੌਰਵ ਯਾਦਵ*
ਚੰਡੀਗੜ੍ਹ, 12 ਜਨਵਰੀ:
ਪੰਜਾਬ, ਮਹਾਰਾਸ਼ਟਰ, ਕਰਨਾਟਕ, ਪੱਛਮੀ ਬੰਗਾਲ ਅਤੇ ਸਿੱਕਮ ਵਿੱਚ ਖੁਫੀਆ ਜਾਣਕਾਰੀ ਅਧਾਰਤ ਕੀਤੀ ਕਾਰਵਾਈ ਸਦਕਾ, ਪੰਜਾਬ ਪੁਲਿਸ ਦੀ ਐਂਟੀ-ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਦੀ ਟੀਮ ਨੇ ਪੱਛਮੀ ਬੰਗਾਲ ਦੇ ਹਾਵੜਾ ਤੋਂ ਕਬੱਡੀ ਪ੍ਰਮੋਟਰ ਕੰਵਰ ਦਿਗਵਿਜੇ ਸਿੰਘ ਉਰਫ਼ ਰਾਣਾ ਬਲਾਚੌਰੀਆ ਦੇ ਕਤਲ ਵਿੱਚ ਸ਼ਾਮਲ ਦੋ ਸ਼ੂਟਰਾਂ ਅਤੇ ਉਨ੍ਹਾਂ ਦੇ ਸਾਥੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਕਰਨ ਪਾਠਕ ਉਰਫ਼ ਕਰਨ ਡਿਫਾਲਟਰ ਵਾਸੀ ਅੰਮ੍ਰਿਤਸਰ; ਤਰਨਦੀਪ ਸਿੰਘ ਵਾਸੀ ਬਰ੍ਹੇਵਾਲ, ਲੁਧਿਆਣਾ ਅਤੇ ਆਕਾਸ਼ਦੀਪ ਵਾਸੀ ਉੱਪਲ, ਤਰਨ ਤਾਰਨ ਵਜੋਂ ਹੋਈ ਹੈ। ਮੁਲਜ਼ਮਾਂ ਨੂੰ ਸਿੱਕਮ ਪੁਲਿਸ, ਮੁੰਬਈ ਪੁਲਿਸ, ਪੱਛਮੀ ਬੰਗਾਲ ਐਸਟੀਐਫ, ਕੇਂਦਰੀ ਏਜੰਸੀਆਂ ਅਤੇ ਸਥਾਨਕ ਹਾਵੜਾ ਪੁਲਿਸ ਦੀ ਸਹਾਇਤਾ ਨਾਲ ਗ੍ਰਿਫ਼ਤਾਰ ਕੀਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ 15 ਦਸੰਬਰ, 2025 ਨੂੰ ਸੋਹਾਣਾ, ਐਸਏਐਸ ਨਗਰ ਵਿਖੇ ਇੱਕ ਕਬੱਡੀ ਟੂਰਨਾਮੈਂਟ ਦੌਰਾਨ ਹਮਲਾਵਰਾਂ ਨੇ ਰਾਣਾ ਬਲਾਚੌਰੀਆ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਮਾਮਲੇ ਵਿੱਚ ਹੁਣ ਤੱਕ ਕੁੱਲ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਬਾਕੀ ਦੋ ਮੁਲਜ਼ਮਾਂ ਦੀ ਪਛਾਣ ਐਸ਼ਦੀਪ ਸਿੰਘ ਅਤੇ ਦਵਿੰਦਰ ਵਜੋਂ ਹੋਈ ਹੈ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਕਰਨ ਪਾਠਕ ਅਤੇ ਤਰਨਦੀਪ ਸਿੰਘ ਸ਼ੂਟਰ ਹਨ ਜਦੋਂਕਿ ਆਕਾਸ਼ਦੀਪ ਵਿਦੇਸ਼ੀ ਹੈਂਡਲਰ ਅਮਰ ਖਾਬੇ ਰਾਜਪੂਤਾ ਦੇ ਨਜ਼ਦੀਕੀ ਰਿਸ਼ਤੇਦਾਰ ਹੈ ਅਤੇ ਉਸ ਨੂੰ ਸ਼ੂਟਰਾਂ ਨੂੰ ਪਨਾਹ ਅਤੇ ਲੌਜਿਸਟਿਕ ਸਹਾਇਤਾ ਪ੍ਰਦਾਨ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਸਾਰੇ ਗ੍ਰਿਫ਼ਤਾਰ ਵਿਅਕਤੀਆਂ ਨੂੰ ਅਗਲੇਰੀ ਜਾਂਚ ਲਈ ਪੰਜਾਬ ਲਿਆਂਦਾ ਜਾ ਰਿਹਾ ਹੈ।
ਡੀਜੀਪੀ ਨੇ ਕਿਹਾ ਕਿ ਮਾਮਲੇ ਦੀ ਗੁੱਥੀ ਸੁਲਝਾਉਣ ਲਈ ਉਸਦੇ ਬਾਕੀ ਸਾਥੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਫੜਨ ਦੀਆਂ ਕੋਸ਼ਿਸ਼ਾਂ ਜਾਰੀ ਹਨ।
ਇਸ ਆਪਰੇਸ਼ਨ ਦੇ ਵੇਰਵੇ ਸਾਂਝੇ ਕਰਦਿਆਂ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ (ਡੀਆਈਜੀ) ਏਜੀਟੀਐਫ ਗੁਰਮੀਤ ਸਿੰਘ ਚੌਹਾਨ ਨੇ ਕਿਹਾ ਕਿ ਸੰਗਠਿਤ, ਗੈਂਗਸਟਰਾਂ ਦੀ ਆਪਸੀ ਦੁਸ਼ਮਣੀ ਅਤੇ ਵਿਦੇਸ਼-ਅਧਾਰਤ ਹੈਂਡਲਰਾਂ ਦੀ ਸ਼ਮੂਲੀਅਤ ਦੇ ਸਪੱਸ਼ਟ ਸੰਕੇਤ ਮਿਲਣ ਤੋਂ ਤੁਰੰਤ ਬਾਅਦ ਏਜੀਟੀਐਫ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ। ਉਨ੍ਹਾਂ ਕਿਹਾ ਕਿ ਸੀਸੀਟੀਵੀ ਫੁਟੇਜ ਦੀ ਜਾਂਚ ਰਾਹੀਂ ਏਜੀਟੀਐਫ ਅਤੇ ਐਸਏਐਸ ਨਗਰ ਪੁਲਿਸ ਨੇ ਮੁਲਜ਼ਮਾਂ ਦੀਆਂ ਅਪਰਾਧ ਤੋਂ ਪਹਿਲਾਂ ਅਤੇ ਬਾਅਦ ਦੀਆਂ ਗਤੀਵਿਧੀਆਂ ਨੂੰ ਜੋੜਦਿਆਂ ਅਪਰਾਧ ਵਿੱਚ ਵਰਤੇ ਗਏ ਵਾਹਨਾਂ ਦੀ ਪਛਾਣ ਕੀਤੀ ਅਤੇ ਪਾਨੀਪਤ ਟੋਲ ਪਲਾਜ਼ਾ ਤੱਕ ਉਹਨਾਂ ਦੇ ਭੱਜਣ ਦੇ ਰਸਤੇ ਦਾ ਪਤਾ ਲਗਾਇਆ।
ਡੀਆਈਜੀ ਨੇ ਕਿਹਾ ਕਿ ਮੁਲਜ਼ਮ ਮੁੰਬਈ, ਬੰਗਲੌਰ, ਸਿਲੀਗੁੜੀ, ਸਿੱਕਮ, ਗੰਗਟੋਕ ਅਤੇ ਕੋਲਕਾਤਾ ਵੱਲ ਫਰਾਰ ਹੋ ਗਏ ਅਤੇ ਇਹਨਾਂ ਸਥਾਨਾਂ ਤੋਂ ਮੁਲਜ਼ਮਾਂ ਦੀ ਪ੍ਰਾਪਤ ਡਿਜੀਟਲ ਜਾਣਕਾਰੀ ਰਾਹੀਂ ਐਸਟੀਐਫ ਕੋਲਕਾਤਾ ਦੇ ਸਹਿਯੋਗ ਨਾਲ ਡੀਐਸਪੀ ਰਾਜਨ ਪਰਮਿੰਦਰ ਦੀ ਅਗਵਾਈ ਵਾਲੀ ਏਜੀਟੀਐਫ ਟੀਮ ਨੇ ਮੁਲਜ਼ਮਾਂ ਨੂੰ ਪੱਛਮੀ ਬੰਗਾਲ ਦੇ ਹਾਵੜਾ ਤੋਂ ਗ੍ਰਿਫ਼ਤਾਰ ਕੀਤਾ। ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਸ਼ੂਟਰਾਂ ਦਾ ਅਪਰਾਧਿਕ ਰਿਕਾਰਡ ਹੈ ਅਤੇ ਇਸ ਸਬੰਧੀ ਅਗਲੇਰੀ ਜਾਂਚ ਜਾਰੀ ਹੈ।
ਇਸ ਸਬੰਧੀ ਕੇਸ ਥਾਣਾ ਸੋਹਾਣਾ, ਐਸਏਐਸ ਨਗਰ ਵਿਖੇ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੀ ਧਾਰਾ 103(1), 109, 3(5) ਅਤੇ 61(2) ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਐਫਆਈਆਰ ਨੰਬਰ 312 ਮਿਤੀ 16/12/2025 ਨੂੰ ਦਰਜ ਕੀਤਾ ਗਿਆ ਸੀ।