ਰਮਨ ਬਹਿਲ ਪਟਾਕਾ ਮਾਰਕੀਟ ਵਿਚ ਇੱਕ-ਇੱਕ ਕਾਊਂਟਰ ਤੇ ਜਾ ਕੇ ਪੁੱਛਿਆ ਹਾਲ ਚਾਲ ਤੇ ਸਮੱਸਿਆ
ਕਹਿੰਦੇ ਜੇਕਰ ਕੋਈ ਨਾਜਾਇਜ਼ ਤੰਗ ਕਰੇ ਤਾਂ ਤੁਰੰਤ ਉਹਨਾਂ ਨਾਲ ਕੀਤਾ ਜਾਏ ਸੰਪਰਕ
ਰੋਹਿਤ ਗੁਪਤਾ
ਗੁਰਦਾਸਪੁਰ
ਕੁਝ ਲੋਕ ਦਿਵਾਲੀ ਦਾ ਤਿਉਹਾਰ ਇਸ ਲਈ ਉਡੀਕਦੇ ਹਨ ਕਿਉਂਕਿ ਉਹਨਾਂ ਦਾ ਰੁਜਗਾਰ ਪਟਾਕੇ ਵੇਚ ਕੇ ਚਲਦਾ ਹੈ । ਪਟਾਕੇ ਵੇਚ ਕੇ ਉਹਨਾਂ ਨੂੰ ਇੰਨੇ ਕੁ ਪੈਸੇ ਮਿਲ ਜਾਂਦੇ ਹਨ ਕਿ ਉਹ ਆਪਣਾ ਕਾਰੋਬਾਰ ਸ਼ੁਰੂ ਕਰ ਸਕਣ ਅਤੇ ਸਾਰਾ ਸਾਲ ਉਸ ਨਾਲ ਆਪਣੀ ਰੋਜੀ ਰੋਟੀ ਚਲਾ ਸਕਣ। ਇਸ ਲਈ ਪ੍ਰਸ਼ਾਸਨ ਵੱਲੋਂ ਸ਼ਹਿਰ ਦੇ ਬਾਹਰਵਾਰ ਬਣਾਈ ਗਈ ਆਰਜੀ ਪਟਾਕਾ ਮਾਰਕੀਟ ਵਿੱਚ ਛੋਟੇ ਛੋਟੇ ਸੈਂਕੜਿਆਂ ਸਟਾਲ ਲੱਗਦੇ ਹਨ ਪਰ ਇਨੀਂ ਦਿਨੀਂ ਅਜਿਹੀਆਂ ਸ਼ਿਕਾਇਤਾਂ ਵੀ ਆਉਂਦੀਆਂ ਹਨ ਕਿ ਕੁਝ ਲਾਲਚੀ ਕਿਸਮ ਦੇ ਮੁਲਾਜ਼ਮ ਇਹਨਾਂ ਗਰੀਬ ਪਟਾਕਿਆਂ ਦੇ ਸਟਾਲ ਲਗਾਉਣ ਵਾਲਿਆ ਨੂੰ ਨਜਾਇਜ਼ ਤੰਗ ਕਰਦੇ ਹਨ ਤੇ ਪੈਸੇ ਮੰਗਦੇ ਹਨ । ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰਮਨ ਬਹਿਲ ਦੁਪਹਿਰ ਬਾਅਦ ਪਟਾਕਾ ਮਾਰਕੀਟ ਵਿੱਚ ਅਚਾਨਕ ਪਹੁੰਚੇ ਅਤੇ ਪਟਾਕਿਆਂ ਦੇ ਇੱਕ-ਇੱਕ ਸਟਾਲ ਤੇ ਜਾ ਕੇ ਪਟਾਕਾ ਵੇਚਣ ਵਾਲਿਆਂ ਕੋਲੋਂ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਉਹਨਾਂ ਦਾ ਹਾਲ ਚਲ ਜਾਣਿਆ ਤੇ ਨਾਲ ਹੀ ਉਹਨਾਂ ਨੂੰ ਦਿਵਾਲੀ ਦੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਮਨ ਬਹਿਲ ਨੇ ਕਿਹਾ ਕਿ ਇੱਥੇ ਸਟਾਲ ਲਾਉਣ ਵਾਲੇ ਜਿਆਦਾਤਰ ਗਰੀਬ ਘਰਾਂ ਨਾਲ ਸਬੰਧ ਰੱਖਣ ਵਾਲੇ ਲੋਕ ਹੁੰਦੇ ਹਨ ਜੋ ਪਟਾਕੇ ਵੇਚ ਕੇ ਆਪਣੀ ਰਾਸ ਬਣਾ ਕੇ ਸਾਰਾ ਸਾਲ ਉਸ ਨਾਲ ਆਪਣਾ ਰੋਜ਼ਗਾਰ ਚਲਾਉਂਦੇ ਹਨ । ਇਸ ਲਈ ਉਹ ਇਹਨਾਂ ਵਿੱਚ ਇਹਨਾਂ ਦੀਆਂ ਸਮੱਸਿਆਵਾਂ ਜਾਣਨ ਲਈ ਪਹੁੰਚੇ ਹਨ ਅਤੇ ਨਾਲ ਹੀ ਇਹਨਾਂ ਨੂੰ ਕਿਹਾ ਹੈ ਕਿ ਜੇਕਰ ਕੋਈ ਵੀ ਮੁਲਾਜ਼ਮ ਉਹਨਾਂ ਨੂੰ ਨਜਾਇਜ਼ ਤੰਗ ਕਰਦਾ ਜਾਂ ਪੈਸੇ ਮੰਗਦਾ ਹੈ ਤਾਂ ਤੁਰੰਤ ਇਸਦੀ ਸੂਚਨਾ ਉਹਨਾਂ ਨੂੰ ਦਿੱਤੀ ਜਾਵੇ ।
ਉਥੇ ਹੀ ਪਟਾਕਾ ਮਾਰਕੀਟ ਵਿੱਚ ਪਟਾਕਾ ਸਟਾਲ ਲਗਾਉਣ ਵਾਲਿਆਂ ਨੇ ਰਮਨ ਬਹਿਲ ਦਾ ਧੰਨਵਾਦ ਕੀਤਾ ਤੇ ਨਾਲ ਹੀ ਉਹਨਾਂ ਦੇ ਹੱਕ ਵਿੱਚ ਜੋਰਦਾਰ ਨਾਰੇਬਾਜ਼ੀ ਵੀ ਕੀਤੀ । ਇਸ ਮੌਕੇ ਰਮਨ ਬਹਿਲ ਦੇ ਨਾਲ, ਅਜੇ ਬਹਿਲ, ਹਿਤੇਸ਼ ਮਹਾਜਨ , ਰਜਿੰਦਰ ਨਈਅਰ ਰੂਪੇਸ਼ ਬਿੱਟੂ ਆਦਿ ਵੀ ਹਾਜ਼ਰ ਸਨ।