ਮੋਰਿੰਡਾ: ਰੋਡ ਰੇਜ ਦੌਰਾਨ ਫਾਇਰਿੰਗ ਕਰਨ ਦੇ ਮਾਮਲੇ 'ਚ ਇੱਕ ਦੋਸ਼ੀ ਗ੍ਰਿਫ਼ਤਾਰ
ਮੋਰਿੰਡਾ, 5 ਅਗਸਤ: ਡੀਐਸਪੀ (ਡੀ) ਰਾਜਪਾਲ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਰਿੰਦਰ ਸਿੰਘ ਉਰਫ਼ ਮਾਵੀ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਸਲੇਮਪੁਰ, ਥਾਣਾ ਸਦਰ ਮੋਰਿੰਡਾ ਦੇ ਬਿਆਨਾਂ ਦੇ ਆਧਾਰ 'ਤੇ ਥਾਣਾ ਸਦਰ ਮੋਰਿੰਡਾ ਵਿਖੇ ਮੁਕੱਦਮਾ ਨੰਬਰ 93 ਮਿਤੀ 04-08-2026 ਅਧੀਨ ਧਾਰਾ 109, 126(2), 140(1), 62, 324(4) ਬੀ.ਐਨ.ਐਸ. ਅਤੇ 25, 54, 59 ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਆਪਣੇ ਬਿਆਨਾਂ ਵਿੱਚ ਦੱਸਿਆ ਕਿ ਉਹ ਆਪਣੇ ਸਾਥੀ ਹਰਜਿੰਦਰ ਸਿੰਘ ਉਰਫ਼ ਹੈਪੀ ਨਾਲ ਬਲੈਰੋ ਗੱਡੀ ਵਿੱਚ ਖਰੜ ਤੋਂ ਆਪਣੇ ਪਿੰਡ ਸਲੇਮਪੁਰ ਜਾ ਰਿਹਾ ਸੀ। ਰਸੂਲਪੁਰ ਦੇ ਗੁਰਦੁਆਰਾ ਸਾਹਿਬ ਨੇੜੇ ਇੱਕ ਥਾਰ ਗੱਡੀ ਦੇ ਚਾਲਕ ਨੇ ਤੇਜ਼ ਰਫ਼ਤਾਰ ਨਾਲ ਉਨ੍ਹਾਂ ਦੀ ਗੱਡੀ ਨੂੰ ਓਵਰਟੇਕ ਕਰਕੇ ਰੋਕਿਆ ਅਤੇ ਫਾਇਰਿੰਗ ਕੀਤੀ। ਇਸ ਤੋਂ ਬਾਅਦ ਜਦੋਂ ਉਹ ਸਲੇਮਪੁਰ ਪਹੁੰਚੇ ਤਾਂ ਥਾਰ ਚਾਲਕ ਵੀ ਉਨ੍ਹਾਂ ਦੇ ਪਿੱਛੇ ਪਿੰਡ ਤੱਕ ਆ ਗਿਆ। ਇਸ ਦੌਰਾਨ ਉਸ ਨੇ ਬਲੈਰੋ ਗੱਡੀ ਵਿੱਚ ਟੱਕਰ ਮਾਰੀ, ਹਰਜਿੰਦਰ ਸਿੰਘ ਉਰਫ਼ ਹੈਪੀ ਨੂੰ ਹਥਿਆਰ ਦੇ ਜ਼ੋਰ 'ਤੇ ਗੱਡੀ ਵਿੱਚ ਬਿਠਾਉਣ ਦੀ ਕੋਸ਼ਿਸ਼ ਕੀਤੀ ਅਤੇ 2-3 ਫਾਇਰ ਵੀ ਕੀਤੇ। ਇਸ ਉਪਰੰਤ ਦੋਵੇਂ ਵਿਅਕਤੀਆਂ ਨੇ ਭੱਜ ਕੇ ਆਪਣੀ ਜਾਨ ਬਚਾਈ।
ਡੀਐਸਪੀ (ਡੀ) ਨੇ ਦੱਸਿਆ ਕਿ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਥਾਰ ਗੱਡੀ ਨੰਬਰ PB65BF-7648 ਦੇ ਚਾਲਕ ਜਸਵੀਰ ਸਿੰਘ ਉਰਫ਼ ਕਾਲਾ ਪੁੱਤਰ ਭਾਗ ਸਿੰਘ ਵਾਸੀ ਪਿੰਡ ਸਮਰੌਲੀ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਦੇ ਕਬਜ਼ੇ ਵਿੱਚੋਂ ਫਾਇਰਿੰਗ ਵਿੱਚ ਵਰਤੀ ਗਈ 32 ਬੋਰ ਰਿਵਾਲਵਰ, 6 ਖੋਲ ਅਤੇ ਥਾਰ ਗੱਡੀ ਬਰਾਮਦ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਇਹ ਘਟਨਾ ਰੋਡ ਰੇਜ ਨਾਲ ਸਬੰਧਤ ਹੈ। ਦੋਸ਼ੀ ਨੂੰ ਪੁਲਿਸ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਜਾਰੀ ਹੈ। ਅੱਜ ਦੋਸ਼ੀ ਨੂੰ ਦੁਬਾਰਾ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਤਾਂ ਜੋ ਅਗਲੇ ਰਿਮਾਂਡ ਲਈ ਬੇਨਤੀ ਕੀਤੀ ਜਾ ਸਕੇ।
ਇਸ ਮੌਕੇ ਥਾਣਾ ਸਦਰ ਮੋਰਿੰਡਾ ਦੇ ਮੁਖੀ ਐਸ.ਐੱਚ.ਓ. ਸਿਮਰਨਜੀਤ ਸਿੰਘ ਵੀ ਹਾਜ਼ਰ ਸਨ।
- Download Babushahi App
-
-