ਮਾਧਵੀ ਹਿਡਮਾ ਦੀ ਰੀਲ ਪੋਸਟ ਪਾਉਣ ਬਦਲੇ ਪਰੇਸ਼ ਰਾਠਵਾ ਨੂੰ ਗ੍ਰਿਫ਼ਤਾਰ ਕਰਨ ਦੀ ਨਿਖੇਧੀ
ਅਸ਼ੋਕ ਵਰਮਾ
ਬਰਨਾਲਾ, 17 ਦਸੰਬਰ 2025: ਗੁਜਰਾਤ ਦੇ ਛੋਟਾਉਦੇਪੁਰ ਜ਼ਿਲ੍ਹੇ ਦੇ ਇੱਕ ਆਦਿਵਾਸੀ ਨਿਵਾਸੀ ਕਵਾਂਤ ਤਾਲੁਕਾ ਦੇ ਰਹਿਣ ਵਾਲੇ 31 ਸਾਲਾ ਪਰੇਸ਼ ਰਾਠਵਾ ਨੂੰ ਕਥਿਤ ਤੌਰ 'ਤੇ ਇੱਕ ਨਕਸਲੀ ਕਮਾਂਡਰ ਮਾਧਵੀ ਹਿਡਮਾ ਦੀ ਵਡਿਆਈ ਕਰਦੀ ਇੰਸਟਾਗ੍ਰਾਮ ਰੀਲ ਪੋਸਟ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਉਸ 'ਤੇ ਦੇਸ਼ ਦੀ ਪ੍ਰਭੂਸੱਤਾ ਨੂੰ ਖ਼ਤਰਾ ਪੈਦਾ ਕਰਨ ਅਤੇ ਜਨਤਕ ਸਦਭਾਵਨਾ ਨੂੰ ਭੰਗ ਕਰਨ ਨਾਲ ਜੁੜੇ ਅਪਰਾਧਾਂ ਲਈ ਮੁਕੱਦਮਾ ਦਰਜ ਕੀਤਾ ਹੈ। ਇਨਕਲਾਬੀ ਕੇਂਦਰ ਪੰਜਾਬ ਨੇ ਗੁਜਰਾਤ ਪੁਲਿਸ ਦੀ ਇਸ ਧੱਕੜਸ਼ਾਹੀ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਸਾਥੀ ਨਰਾਇਣ ਦੱਤ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਪੁਲਿਸ ਅਧਿਕਾਰੀਆਂ ਦੇ ਅਨੁਸਾਰ, ਇਹ ਰੀਲ ਇਸ ਹਫ਼ਤੇ ਦੇ ਸ਼ੁਰੂ ਵਿੱਚ ਅਪਲੋਡ ਕੀਤੀ ਗਈ ਸੀ।
ਉਹਨਾਂ ਕਿਹਾ ਕਿ ਇਸ ਵੀਡੀਓ ਵਿੱਚ ਹਿਡਮਾ ਨੂੰ ਆਂਧਰਾ ਪ੍ਰਦੇਸ਼ ਪੁਲਿਸ ਵੱਲੋਂ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰਨ ਦਾ ਦਾਅਵਾ ਕੀਤਾ ਗਿਆ ਹੈ। ਰਾਠਵਾ ਦੀ ਪੋਸਟ ਵਿੱਚ 'ਤੇ ਹਿਡਮਾ ਨੂੰ "ਆਜ਼ਾਦੀ ਘੁਲਾਟੀਏ" ਦੱਸਿਆ ਗਿਆ ਸੀ। ਆਗੂਆਂ ਨੇ ਕਿਹਾ ਕਿ ਇੱਕ ਰੀਲ ਪੋਸਟ ਕਰਨਾ ਮੁਲਕ ਦੇ ਅਮਨ ਕਾਨੂੰਨ ਨੂੰ ਖ਼ਤਰਾ ਹੈ ਪਰ ਛੱਤੀਸਗੜ੍ਹ, ਮੱਧ ਪ੍ਰਦੇਸ਼ ਅੰਦਰ ਹਜ਼ਾਰਾਂ ਆਦਿਵਾਸੀਆਂ ਨੂੰ ਉਜਾੜ ਕੇ ਜਲ, ਜੰਗਲ਼ ਅਤੇ ਜ਼ਮੀਨ ਕਾਰਪੋਰੇਟ ਘਰਾਣਿਆਂ ਨੂੰ ਸੌਂਪਣਾ ਕਾਨੂੰਨ ਦੀਆਂ ਨਜ਼ਰਾਂ 'ਚ ਵਿਕਾਸ ਹੈ। ਰਾਠਵਾ ਦੀ ਔਨਲਾਈਨ ਗਤੀਵਿਧੀ 'ਤੇ ਛੋਟਾਉਦੇਪੁਰ ਦੇ ਸਪੈਸ਼ਲ ਆਪ੍ਰੇਸ਼ਨ ਗਰੁੱਪ (SOG) ਦੁਆਰਾ ਕੁੱਝ ਸਮੇਂ ਤੋਂ ਨਿਗਰਾਨੀ ਕੀਤੀ ਜਾ ਰਹੀ ਸੀ।
ਉਹਨਾਂ ਕਿਹਾ ਕਿ SOG ਦੀ ਰਿਪੋਰਟ ਦੇ ਆਧਾਰ 'ਤੇ, ਕਾਵਾਂਤ ਪੁਲਿਸ ਸਟੇਸ਼ਨ ਵਿੱਚ ਇੱਕ FIR ਦਰਜ ਕੀਤੀ ਗਈ ਸੀ, ਅਤੇ ਰਾਠਵਾ ਨੂੰ ਬੁੱਧਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜੇਕਰ ਮਾਧਵੀ ਹਿਡਮਾ ਹਕੂਮਤ ਦੀਆਂ ਨਜ਼ਰਾਂ ਵਿੱਚ ਖ਼ਤਰਨਾਕ ਹੈ ਤਾਂ ਉਹ ਕਿਸੇ ਹੋਰ ਵਿਅਕਤੀ ਦੀਆਂ ਨਜ਼ਰਾਂ ਵਿੱਚ ਆਦਿਵਾਸੀ ਲੋਕਾਂ ਦੇ ਜਲ, ਜੰਗਲ਼, ਜ਼ਮੀਨ ਦਾ ਰਖਵਾਲਾ ਹੈ।ਅਜਿਹਾ ਰਾਠਵਾ ਸਮੇਤ ਹਰ ਵਿਅਕਤੀ ਦੇ ਲਿਖਣ, ਬੋਲਣ, ਵਿਚਾਰ ਪ੍ਰਗਟਾਵੇ ਦੀ ਅਜ਼ਾਦੀ ਉੱਪਰ ਹਮਲਾ ਹੈ। ਇਨਕਲਾਬੀ ਕੇਂਦਰ ਪੰਜਾਬ ਦੇ ਆਗੂਆਂ ਮੁਖਤਿਆਰ ਪੂਹਲਾ, ਜਗਜੀਤ ਲਹਿਰਾ ਮੁਹੱਬਤ ਅਤੇ ਜਸਵੰਤ ਜੀਰਖ ਆਦਿ ਆਗੂਆਂ ਕਿਹਾ ਕਿ ਹਜ਼ਾਰਾਂ ਹਜ਼ਾਰ ਆਦਿਵਾਸੀਆਂ ਨੂੰ ਸਾਲਾਂ ਬੱਧੀ ਸਮੇਂ ਤੋਂ ਮੋਦੀ ਹਕੂਮਤ ਵੱਲੋਂ ਉਨ੍ਹਾਂ ਦੇ ਜੀਵਨ ਬਸਰ ਦੇ ਇੱਕੋ ਇੱਕ ਸੋਮੇ ਜ਼ਮੀਨ ਤੋਂ ਬੇਦਖ਼ਲ ਕਰਨ ਦੀ ਕੂਟਨੀਤਕ ਸਾਜ਼ਿਸ਼ ਚੱਲੀ ਜਾ ਰਹੀ ਹੈ। ਮੋਦੀ ਹਕੂਮਤ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਦੀ ਪੂਰਤੀ ਲਈ ਅਪ੍ਰੇਸ਼ਨ 'ਕਗਾਰ' ਜਿਹੇ ਜਾਬਰ ਕਦਮਾਂ ਰਾਹੀਂ ਮਾਓਵਾਦੀਆਂ/ਆਦਿਵਾਸੀਆਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰ ਮੁਕਾਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਮਾਰਚ 26 ਤੱਕ ਨਕਸਲਵਾਦ ਨੂੰ ਖ਼ਤਮ ਕਰਨ ਦੇ ਦਾਅਵੇ ਕਰ ਰਹੀ ਹੈ।
ਪੁਲਿਸ ਅਧਿਕਾਰੀ ਸ਼ੇਖ ਦਾ ਇਹ ਦਾਅਵਾ ਕਿ ਅਜਿਹੀ ਸਮੱਗਰੀ ਦੇਸ਼ ਦੀ ਪ੍ਰਭੂਸੱਤਾ ਅਤੇ ਏਕਤਾ ਨੂੰ ਚੁਣੌਤੀ ਦਿੰਦੀ ਹੈ ਅਤੇ ਅੰਦਰੂਨੀ ਸੁਰੱਖਿਆ ਲਈ ਖ਼ਤਰਾ ਪੈਦਾ ਕਰਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਪੋਸਟ ਇਸ ਤਰੀਕੇ ਨਾਲ ਤਿਆਰ ਕੀਤੀ ਗਈ ਜਾਪਦੀ ਹੈ ਜੋ ਦੇਸ਼ ਦੇ ਅੰਦਰ ਵੱਖ-ਵੱਖ ਸਮੂਹਾਂ ਵਿੱਚ ਮਤਭੇਦ ਪੈਦਾ ਕਰ ਸਕਦੀ ਹੈ। ਨਿਰਾ ਬਕਵਾਸ ਅਤੇ ਝੂਠ ਹੈ। ਸਮੂਹਾਂ ਵਿੱਚ ਵੰਡੀਆਂ ਪਾ ਰਹੀਆਂ ਆਰ.ਐਸ.ਐਸ.ਦੀ ਅਗਵਾਈ ਵਿੱਚ ਫ਼ਿਰਕੂ ਫਾਸ਼ੀ ਏਜੰਡਾ ਅੱਗੇ ਵਧਾ ਰਹੀਆਂ ਨਫ਼ਰਤੀ ਵਿਸ਼ਵ ਹਿੰਦੂ ਪ੍ਰੀਸ਼ਦ ਵਰਗੀਆਂ ਸੰਸਥਾਵਾਂ ਹਕੂਮਤੀ ਸ਼ਹਿ 'ਤੇ ਵਧ ਫੁੱਲ ਰਹੀਆਂ ਹਨ। ਪੁਲਿਸ ਅਤੇ ਕਾਨੂੰਨ ਦੀ ਇਨ੍ਹਾਂ ਉੱਪਰ ਸਵੱਲੀ ਨਜ਼ਰ ਹੈ ਜੋ ਮੁਸਲਿਮ ਅਤੇ ਹੋਰ ਧਾਰਮਿਕ ਘੱਟ ਗਿਣਤੀਆਂ ਨੂੰ ਗਿਣ ਮਿਥ ਕੇ ਨਿਸ਼ਾਨਾ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹਾ ਆਦਿਵਾਸੀਆਂ ਦੇ ਜਲ, ਜੰਗਲ਼ ਅਤੇ ਜ਼ਮੀਨ ਦੀ ਰਾਖ਼ੀ ਲਈ ਚੱਲ ਰਹੇ ਸੰਘਰਸ਼ ਪ੍ਰਤੀ ਲੋਕਾਂ ਵਿੱਚ ਨਫ਼ਰਤ ਪੈਦਾ ਕਰਨ ਲਈ ਕੀਤਾ ਜਾ ਰਿਹਾ ਹੈ।