ਮਨਪ੍ਰੀਤ ਇਯਾਲੀ ਦਾ ਪਲਟਵਾਰ: "ਸੱਚ ਕਦੇ ਛੁਪਦਾ ਨਹੀਂ, ਤੇ ਸਿਧਾਂਤ ਕਦੇ ਵਿਕਦੇ ਨਹੀਂ"
ਲੁਧਿਆਣਾ, 4 ਅਪ੍ਰੈਲ 2026: ਅਕਾਲੀ MLA ਮਨਪ੍ਰੀਤ ਸਿੰਘ ਇਯਾਲੀ ਨੇ ਵਿਰੋਧੀਆਂ ਅਤੇ ਸਾਥ ਛੱਡ ਕੇ ਗਏ ਆਗੂਆਂ ਵੱਲੋਂ ਲਗਾਏ ਇਲਜ਼ਾਮਾਂ 'ਤੇ ਆਪਣਾ ਪੱਖ ਸਪੱਸ਼ਟ ਕੀਤਾ ਹੈ। ਉਨ੍ਹਾਂ ਕਿਹਾ ਕਿ ਰਾਜਨੀਤੀ ਵਿੱਚ ਚਿੱਕੜ ਉਛਾਲਣਾ ਸਭ ਤੋਂ ਸੌਖਾ ਕੰਮ ਹੈ, ਪਰ ਉਹ ਸੱਚ ਦੀ ਰਾਹ 'ਤੇ ਅਡੋਲ ਖੜ੍ਹੇ ਰਹਿਣਗੇ। ਇਯਾਲੀ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਮਕਸਦ ਕੋਈ ਨਿੱਜੀ ਅਹੁਦਾ ਜਾਂ ਕੁਰਸੀ ਪ੍ਰਾਪਤ ਕਰਨਾ ਨਹੀਂ ਹੈ। ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਅਨੁਸਾਰ ਪੰਥ ਦੀ ਭਲਾਈ ਅਤੇ ਕੌਮ ਦੀਆਂ ਮਹਾਨ ਸੰਸਥਾਵਾਂ ਦੀ ਮਰਿਆਦਾ ਨੂੰ ਬਹਾਲ ਕਰਨ ਲਈ ਨਿਰਸੁਆਰਥ ਹੋ ਕੇ ਨਿਕਲੇ ਹਨ। ਉਨ੍ਹਾਂ ਕਿਹਾ ਕਿ ਸੱਚ ਦੇ ਰਸਤੇ 'ਤੇ ਚੱਲਦਿਆਂ ਕਈ ਵਾਰ ਆਪਣੇ ਹੀ ਸਾਥ ਛੱਡ ਜਾਂਦੇ ਹਨ, ਪਰ ਉਨ੍ਹਾਂ ਨੂੰ ਇਸ ਦੀ ਪ੍ਰਵਾਹ ਨਹੀਂ ਹੈ। ਉਹ ਪੰਥ ਅਤੇ ਪੰਜਾਬ ਦੇ ਹਿੱਤਾਂ ਲਈ ਆਖਰੀ ਦਮ ਤੱਕ ਡਟੇ ਰਹਿਣਗੇ।
ਸਿਸਟਮ 'ਤੇ ਕਾਬਜ਼ ਧਿਰਾਂ 'ਤੇ ਨਿਸ਼ਾਨਾ
ਮਨਪ੍ਰੀਤ ਇਯਾਲੀ ਨੇ ਦੋਸ਼ ਲਾਇਆ ਕਿ ਜਦੋਂ ਵੀ ਕੋਈ ਪਾਰਟੀ ਜਾਂ ਪੰਥਕ ਸੰਸਥਾਵਾਂ ਵਿੱਚ ਸੁਧਾਰ ਦੀ ਗੱਲ ਕਰਦਾ ਹੈ, ਤਾਂ ਸਿਸਟਮ 'ਤੇ ਕਾਬਜ਼ ਧਿਰਾਂ ਉਨ੍ਹਾਂ ਨੂੰ ਡਰਾਉਣ ਲਈ ਚਿੱਕੜ ਉਛਾਲਦੀਆਂ ਹਨ। ਉਨ੍ਹਾਂ ਕਿਹਾ, ਇਹ ਲੜਾਈ ਸਿਸਟਮ ਵਿੱਚ ਸੁਧਾਰ ਲਿਆਉਣ ਦੀ ਹੈ, ਜਿਸ ਤੋਂ ਘਬਰਾ ਕੇ ਵਿਰੋਧੀ ਧਿਰਾਂ ਗਲਤ ਪ੍ਰਚਾਰ ਕਰ ਰਹੀਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਸੱਚ ਦੇ ਕਾਫ਼ਲੇ ਅਜਿਹੀਆਂ ਸਾਜ਼ਿਸ਼ਾਂ ਨਾਲ ਕਦੇ ਰੁਕਿਆ ਨਹੀਂ ਕਰਦੇ।
ਜ਼ਿਕਰਯੋਗ ਹੈ ਕਿ ਬਰਜਿੰਦਰ ਸਿੰਘ ਮੱਖਣ ਬਰਾੜ ਵੱਲੋਂ ਇਯਾਲੀ 'ਤੇ ਕੇਂਦਰੀ ਏਜੰਸੀਆਂ ਅਤੇ ਸਰਕਾਰ ਨਾਲ ਮਿਲੀਭੁਗਤ ਦੇ ਗੰਭੀਰ ਇਲਜ਼ਾਮ ਲਗਾ ਕੇ ਅਸਤੀਫ਼ਾ ਦਿੱਤਾ ਗਿਆ ਸੀ। ਇਯਾਲੀ ਦਾ ਇਹ ਬਿਆਨ ਉਨ੍ਹਾਂ ਇਲਜ਼ਾਮਾਂ ਦੇ ਜਵਾਬ ਵਜੋਂ ਦੇਖਿਆ ਜਾ ਰਿਹਾ ਹੈ, ਜਿਸ ਵਿੱਚ ਉਨ੍ਹਾਂ ਨੇ ਆਪਣੀ ਨਿਰਪੱਖਤਾ ਅਤੇ ਸਿਧਾਂਤਾਂ 'ਤੇ ਪਹਿਰਾ ਦੇਣ ਦੀ ਗੱਲ ਕਹੀ ਹੈ।
Click to Follow Babushahi Facebook page →