ਮਜ਼ਦੂਰਾਂ ਦੇ ਘਰ ਧੱਕੇ ਨਾਲ ਢਾਹੁਣ ਦੇ ਫੈਸਲੇ ਵਿਰੁੱਧ ਪਿੰਡ ਰਾਮ ਨਗਰ ਵਿੱਚ ਰੋਸ ਮੁਜ਼ਾਹਰਾ
ਅਸ਼ੋਕ ਵਰਮਾ
ਮੌੜ ਮੰਡੀ,29ਜਨਵਰੀ 2026: ਪਿੰਡ ਰਾਮਨਗਰ ਵਿਖੇ ਮਜ਼ਦੂਰਾਂ ਦੇ ਘਰਾਂ ਨੂੰ ਧੱਕੇ ਨਾਲ ਢਾਹੁਣ ਦੇ ਫੈਸਲੇ ਵਿਰੁੱਧ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਮੌੜ ਦੇ ਪ੍ਰਧਾਨ ਰਾਜਵਿੰਦਰ ਸਿੰਘ ਰਾਮਨਗਰ , ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਅਤੇ ਜਨਰਲ ਸਕੱਤਰ ਗੁਰਮੇਲ ਸਿੰਘ ਬਬਲੀ ਭੂੰਦੜ ਦੀ ਅਗਵਾਈ ਹੇਠ ਅੱਜ ਪਿੰਡ ਵਿੱਚ ਮੁਜ਼ਾਹਰਾ ਕੀਤਾ ਗਿਆ।
ਇਸ ਮੌਕੇ ਆਗੂਆਂ ਨੇ ਐਲਾਨ ਕੀਤਾ ਕਿ ਉਹ ਮਜ਼ਦੂਰਾਂ ਦੇ ਘਰਾਂ ਅਤੇ ਗੁਜ਼ਾਰੇ ਜੋਗੀ ਜਮੀਨ ਤੇ ਕਬਜ਼ਾ ਨਹੀਂ ਹੋਣ ਦੇਣਗੇ। ਉਨ੍ਹਾਂ ਨੇ ਕਿਹਾ ਕਿ ਕਰੀਬ 1960 ਤੋ ਲੈਕੇ ਮਜ਼ਦੂਰ ਪਰਿਵਾਰਾਂ ਦਾ ਇਸ ਜ਼ਮੀਨ ਤੇ ਕਬਜ਼ਾ ਹੈ ਅਤੇ ਘਰ ਪਾਕੇ ਰਹਿਣ ਦੇ ਨਾਲ ਨਾਲ ਥੋਹੜੀ ਜ਼ਮੀਨ ਕਨਾਲਾਂ ਮਰਲਿਆਂ ਵਿਚ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕਰ ਰਹੇ ਹਨ ਪਰ ਹੁਣ ਵਕਫ਼ ਬੋਰਡ ਵੱਲੋਂ ਅਦਾਲਤੀ ਹੁਕਮਾਂ ਦਾ ਸਹਾਰਾ ਲੈਕੇ ਪੰਜਾਬ ਸਰਕਾਰ ਇਹਨਾਂ ਮਜ਼ਦੂਰਾਂ ਨੂੰ ਘਰੋਂ ਬੇਘਰ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਮੁਸਲਿਮ ਭਾਈਚਾਰਾ ਤੇ ਦਲਿਤ ਸਮਾਜ ਭਾਈ ਚਾਰਾ ਕੇਂਦਰ ਦੀ ਮੋਦੀ ਸਰਕਾਰ ਦੇ ਨਿਸ਼ਾਨੇ ਤੇ ਹਨ ਜਿਸ ਕਰਕੇ ਇਹਨਾਂ ਦੋਨਾਂ ਭਾਈਚਾਰਿਆਂ ਦੀ ਜੋਟੀ ਬਣਦੀ ਹੈ ਅਤੇ ਕੇਂਦਰ ਸਰਕਾਰ ਖ਼ਿਲਾਫ਼ ਸਾਝੀ ਲੜਾਈ ਬਣਦੀ ਹੈ ਪਰ ਇਸ ਬਹਾਨੇ ਪੰਜਾਬ ਤੇ ਸੈਂਟਰ ਸਰਕਾਰ ਇਸ ਬਹਾਨੇ ਦੋਨੋ ਭਾਈ ਚਾਰਿਆਂ ਨੂੰ ਆਪਸ ਵਿਚ ਦੁਸ਼ਮਣ ਬਣਾ ਰਹੀ ਹੈ ਉਨ੍ਹਾਂ ਮੁਸਲਿਮ ਭਾਈਚਾਰੇ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਨੂੰ ਆਪਸ ਭਾਈ ਚਾਰੇ ਵਿੱਚ ਬੈਠ ਕੇ ਨਜਿੱਠਣ ਅੱਜ ਦੇ ਇਕੱਠ ਨੂੰ ਜਮੂਹਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਸੁਖਮੰਦਰ ਸਿੰਘ ਧਾਲੀਵਾਲ ਅਤੇ ਪੰਜਾਬ ਖੇਤ ਮਜ਼ਦੂਰ ਸਭਾ ਦੇ ਆਗੂ ਸੁਖਦੇਵ ਸਿੰਘ ਕੁੱਬੇ ਨੇ ਸਮੂਹ ਕਿਰਤੀ ਲੋਕਾਂ ਨੂੰ ਸਰਕਾਰ ਦੇ ਇਸ ਹੱਲੇ ਨੂੰ ਰੋਕਣ ਲਈ ਕੱਲ 30 ਜਨਵਰੀ ਨੂੰ ਪਿੰਡ ਰਾਮਨਗਰ ਵਿਖੇ ਪਹੁੰਚਣ ਦੀ ਅਪੀਲ ਕੀਤੀ।
ਅੱਜ ਦੇ ਇਕੱਠ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਆਗੂ ਜਗਦੇਵ ਸਿੰਘ ਜੋਗੇਵਾਲਾ , ਜਸਵੀਰ ਸਿੰਘ ਸੇਮਾ, ਅਤੇ ਬਲਾਕ ਆਗੂ ਗੁਰਦੀਪ ਸਿੰਘ ਮਾਈਸਰਖਾਨਾ, ਸਿੰਕਦਰ ਸਿੰਘ ਘੁੰਮਣ, ਭਿੰਦਰ ਸਿੰਘ ਭਾਈ ਬਖਤੌਰ, ਕਲਕੱਤਾ ਸਿੰਘ ਮਾਣਕ ਖਾਨਾਂ , ਗੁਰਜੀਤ ਸਿੰਘ ਬੰਗੇਹਰ ਤੇ ਤਲਵੰਡੀ ਬਲਾਕ ਦੇ ਜਰਨਲ ਸਕੱਤਰ ਹਰਪ੍ਰੀਤ ਸਿੰਘ ਚੱਠੇ ਵਾਲਾ ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਨਛੱਤਰ ਸਿੰਘ ਚੱਠੇਵਾਲਾ ,ਗੁਲਾਬ ਸਿੰਘ ਮਾਈਸਰਖਾਨਾ, ਜਰਨੈਲ ਸਿੰਘ ਚਨਾਰਥਲ ਅਤੇ ਪਿੰਡ ਪ੍ਰਧਾਨ ਜਗਤਾਰ ਸਿੰਘ ਰਾਮਨਗਰ, ਸੁਖਜੀਵਨ ਸਿੰਘ ਰਾਮਨਗਰ ਤੇ ਔਰਤਾਂ ਭੈਣਾਂ ਕਿਸਾਨ ਮਜ਼ਦੂਰ ਸ਼ਾਮਲ ਸਨ।