ਭਾਰਤੀ ਕਮਿਊਨਿਸਟ ਪਾਰਟੀ ਨੇ 23 ਮਾਰਚ ਦੇ ਸ਼ਹੀਦਾਂ ਦੀ ਲਾਸਾਨੀ ਕੁਰਬਾਨੀ ਨੂੰ ਕੀਤਾ ਯਾਦ
ਅਸ਼ੋਕ ਵਰਮਾ
ਬਠਿੰਡਾ , 23 ਮਾਰਚ 2026:ਸ਼ਹੀਦ ਏ-ਆਜਮ ਭਗਤ ਸਿੰਘ, ਰਾਜ ਗੁਰੂ ਤੇ ਸੁਖਦੇਵ ਦੀ 95 ਵੀ ਸ਼ਹੀਦੀ ਬਰਸੀ ਮੌਕੇ ਅੱਜ ਸੀ ਪੀ ਆਈ ਵੱਲੋਂ ਸ਼ਹੀਦਾਂ ਦੀ ਦੇਸ਼ ਖ਼ਾਤਰ ਕੀਤੀ ਲਾਸਾਨੀ ਕੁਰਬਾਨੀ ਨੂੰ ਯਾਦ ਕੀਤਾ ਗਿਆ। ਆਗੂਆਂ ਨੇ ਮੰਗ ਕੀਤੀ ਕਿ ਸ਼ਹੀਦ ਭਗਤ ਸਿੰਘ ਦੀ ਫੋਟੋ ਪਾਰਲੀਮੈਂਟ ਵਿਚ ਸਥਾਪਤ ਕੀਤੀ ਜਾਵੇ ਅਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੀ ਗਰੰਟੀ ਦੇਣ ਲਈ ਭਗਤ ਸਿੰਘ ਕੌਮੀ ਇੰਪਲਾਏਮੈਟ ਗਰੰਟੀ ਐਕਟ ( BNEGA ) ਪਾਸ ਕੀਤਾ ਜਾਵੇ। ਇਸ ਮੌਕੇ ਆਪਣੇ ਸੰਬੋਧਨ ਵਿਚ ਸੀਨੀਅਰ ਕਮਿਊਨਿਸਟ ਆਗੂ ਜਗਜੀਤ ਸਿੰਘ ਜੋਗਾ ਨੇ ਕਿਹਾ ਕਿ ਭਗਤ ਸਿੰਘ ਦੇਸ਼ ਵਿਚ ਸਰਮਾਏਦਾਰੀ ਲੁੱਟ ਖਸੁੱਟ ਨੂੰ ਖਤਮ ਕਰਕੇ ਸਮਾਜਵਾਦੀ ਰਾਜ ਪ੍ਰਬੰਧ ਸਥਾਪਤ ਕਰਨ ਦਾ ਹਾਮੀ ਅਤੇ ਸਾਮਰਾਜੀ ਤਾਕਤਾਂ ਖ਼ਿਲਾਫ਼ ਲੋਕ ਸੰਘਰਸ਼ ਉਸਾਰਨ ਦਾ ਮੁਦਈ ਸੀ।
ਉਨ੍ਹਾਂ ਕਿਹਾ ਕਿ ਅੱਜ ਦੁਨੀਆ ਵਿਚ ਅਮਰੀਕੀ ਸਾਮਰਾਜ ਦੀ ਅਗਵਾਈ ਵਿਚ ਤੀਜੀ ਵਿਸ਼ਵ ਜੰਗ ਦਾ ਮਹੌਲ ਬਣਾਇਆ ਜਾ ਰਿਹਾ ਹੈ ਤਾਂ ਕਿ ਵਿਕਾਸ ਸ਼ੀਲ ਦੇਸ਼ਾਂ ਵਿਚ ਰਾਜ ਪਲਟੇ ਕਰਕੇ ਉੱਥੇ ਕੱਠੁਤਲੀਆ ਸਰਕਾਰਾਂ ਬਣਾਕੇ ਉਹਨਾਂ ਦੇ ਕੁਦਰਤੀ ਸੋਮਿਆਂ ਅਤੇ ਅਰਥਚਾਰੇ ਉੱਤੇ ਸਾਮਰਾਜੀਆਂ ਦਾ ਕਬਜ਼ਾ ਕਰਵਾਇਆ ਜਾ ਸਕੇ ਜਿਸ ਕਰਕੇ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਸਾਮਰਾਜ ਵਿਰੋਧੀ ਦਿਹਾੜੇ ਵਜੋਂ ਯਾਦ ਕੀਤਾ ਜਾ ਰਿਹਾ ਹੈ। ਕਾਮਰੇਡ ਜੋਗਾ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਸ਼ਹੀਦ ਭਗਤ ਸਿੰਘ ਦੀ ਸੋਚ ਦੇ ਉਲਟ ਦੇਸ਼ ਨੂੰ ਅਮਰੀਕਨ ਸਾਮਰਾਜ ਦੇ ਥੱਲੇ ਲਾ ਰਹੀ ਹੈ। ਇਸ ਮੌਕੇ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੀ ਕੌਮੀ ਕੌਂਸਲ ਦੇ ਮੈਂਬਰ ਸੁਰਜੀਤ ਸਿੰਘ ਸੋਹੀ, ਪੰਜਾਬ ਖੇਤ ਮਜ਼ਦੂਰ ਸਭਾ ਦੇ ਆਗੂ ਸੁਰਜੀਤ ਸਿੰਘ ਸਰਦਾਰਗੜ੍ਹ, ਸੁਖਨ ਲਾਲ ਝੁੰਬਾ, ਠਾਕੁਰ ਸਿੰਘ ਕੋਟਸ਼ਮੀਰ, ਰੂਪ ਸਿੰਘ ਭਾਈ ਬਖਤੌਰ, ਕਾਕਾ ਸਿੰਘ ਬਠਿੰਡਾ ਤੇ ਸੀ ਪੀ ਆਈ ਆਗੂਆਂ ਬੀਬੀ ਜਸਵੀਰ ਕੌਰ ਸਰਾਂ ਤੇ ਬਲਜਿੰਦਰ ਸਿੰਘ ਜੋਗਾ ਨੰਦ ਨੇ ਵੀ ਸੰਬੋਧਨ ਕੀਤਾ। ਇਹਨਾ ਆਗੂਆਂ ਨੇ ਨਰੇਗਾ ਕਾਨੂੰਨ ਨੂੰ ਬੇਅਸਰ ਕਰਕੇ ਮੋਦੀ ਸਰਕਾਰ ਵੱਲੋਂ ਗਰੀਬਾਂ ਦੀ ਥਾਲੀ ਵਿੱਚੋਂ ਰੋਟੀ ਖੋਹੇ ਜਾਣ ਦੀ ਨਿੰਦਾ ਕੀਤੀ।
Click to Follow Babushahi Facebook page →