ਬਰਨਾਲਾ ਦੇ ਰਿਹਾਇਸ਼ੀ ਇਲਾਕੇ 'ਚ ਕਬਾੜ ਦੇ ਡੰਪ ਨੂੰ ਲੱਗੀ ਭਿਆਨਕ ਅੱਗ: ਖ਼ਤਰੇ 'ਚ ਪਈਆਂ ਜਾਨਾਂ, ਰਿਹਾਇਸ਼ੀ ਖੇਤਰਾਂ 'ਚੋਂ ਕਬਾੜ ਦੇ ਕਾਰੋਬਾਰ ਹਟਾਉਣ ਦੀ ਮੰਗ
Kamaljeet Singh
ਬਰਨਾਲਾ, 10 ਨਵੰਬਰ, 2026: ਬਰਨਾਲਾ ਦੇ ਏਕਤਾ ਸਟ੍ਰੀਟ, ਰਾਮਗੜ੍ਹੀਆ ਰੋਡ ਅਤੇ ਰਿਸ਼ੀ ਮੁਹੱਲੇ ਦੇ ਨੇੜੇ ਸੇਖਾ ਫਾਟਕ ਕੋਲ ਸਥਿਤ ਇੱਕ ਕਬਾੜ ਦੇ ਡੰਪ ਵਿੱਚ ਭਿਆਨਕ ਅੱਗ ਲੱਗਣ ਨਾਲ ਇਲਾਕੇ ਅੰਦਰ ਅਫ਼ਰਾ-ਤਫ਼ਰੀ ਮਚ ਗਈ। ਅੱਗ ਦੀਆਂ ਉੱਚੀਆਂ ਲਪਟਾਂ ਦੇਖ ਕੇ ਸਥਾਨਕ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ 3 ਗੱਡੀਆਂ ਅਤੇ 112 ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਕੇ ਕਰੀਬ ਅੱਧੇ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਵੱਡੀ ਮਾਤਰਾ ਵਿੱਚ ਪਿਆ ਕਬਾੜ ਸੜ ਕੇ ਸਵਾਹ ਹੋ ਗਿਆ।
ਇਲਾਕਾ ਨਿਵਾਸੀਆਂ ਦਲਵੀਰ ਸਿੰਘ ਅਤੇ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਰਿਹਾਇਸ਼ੀ ਖੇਤਰ ਵਿੱਚ ਲੰਬੇ ਸਮੇਂ ਤੋਂ ਗੈਰ-ਕਾਨੂੰਨੀ ਢੰਗ ਨਾਲ ਕਬਾੜ ਦਾ ਕਾਰੋਬਾਰ ਚੱਲ ਰਿਹਾ ਹੈ, ਜਿਸ ਨਾਲ ਹਰ ਵੇਲੇ ਹਾਦਸੇ ਦਾ ਡਰ ਬਣਿਆ ਰਹਿੰਦਾ ਸੀ। ਅੱਗ ਲੱਗਣ 'ਤੇ ਤੁਰੰਤ ਬਿਜਲੀ ਦੀ ਸਪਲਾਈ ਬੰਦ ਕਰਵਾਈ ਗਈ, ਜਿਸ ਨਾਲ ਵੱਡਾ ਨੁਕਸਾਨ ਹੋਣੋਂ ਬਚ ਗਿਆ। ਉਨ੍ਹਾਂ ਇਹ ਵੀ ਸ਼ਿਕਾਇਤ ਕੀਤੀ ਕਿ ਇਲਾਕੇ ਦੇ ਸੇਖਾ ਫਾਟਕ ਬਾਰ-ਬਾਰ ਬੰਦ ਹੋਣ ਕਾਰਨ ਫਾਇਰ ਬ੍ਰਿਗੇਡ ਦੀਆਂ ਵੱਡੀਆਂ ਗੱਡੀਆਂ ਨੂੰ ਪਹੁੰਚਣ ਵਿੱਚ 15-20 ਮਿੰਟ ਦੀ ਦੇਰੀ ਹੋਈ। ਫਾਇਰ ਅਧਿਕਾਰੀ ਸੁਖਪ੍ਰੀਤ ਸਿੰਘ ਅਤੇ ਪੀਸੀਆਰ ਕਰਮੀ ਸੰਦੀਪ ਸਿੰਘ ਨੇ ਕਿਹਾ ਕਿ ਦੀਵਾਲੀ ਦੇ ਪਟਾਕਿਆਂ ਦੀ ਚੰਗਿਆੜੀ ਅੱਗ ਦਾ ਕਾਰਨ ਹੋ ਸਕਦੀ ਹੈ। ਇਲਾਕਾ ਨਿਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਰਿਹਾਇਸ਼ੀ ਇਲਾਕਿਆਂ ਵਿੱਚੋਂ ਕਬਾੜ ਦੇ ਡੰਪਾਂ ਨੂੰ ਤੁਰੰਤ ਸ਼ਹਿਰ ਤੋਂ ਬਾਹਰ ਕੀਤਾ ਜਾਵੇ ਅਤੇ ਸੇਖਾ ਫਾਟਕ ਦੀ ਸਮੱਸਿਆ ਦਾ ਪੱਕਾ ਹੱਲ ਕੱਢਿਆ ਜਾਵੇ।
- Download Babushahi App
-
-