ਪੰਜਾਬ ਫੂਡ ਕਮਿਸ਼ਨ ਦੇ ਮੈਂਬਰ ਵੱਲੋਂ ਸਕੂਲਾਂ ਦੇ ਆਰ.ਓਜ਼ ਦਾ ਤੁਰੰਤ ਟੀ.ਡੀ.ਐਸ ਚੈੱਕ ਕਰਵਾਉਣ ਦੀ ਹਦਾਇਤ
ਅਸ਼ੋਕ ਵਰਮਾ
ਬਠਿੰਡਾ, 5 ਅਗਸਤ 2025: ਬਠਿੰਡਾ ਜ਼ਿਲ੍ਹੇ ਦੇ ਸਾਰੇ ਸਕੂਲਾਂ ਦੇ ਆਰ.ਓਜ਼ ਦਾ ਤੁਰੰਤ ਟੀ.ਡੀ.ਐਸ ਚੈੱਕ ਕਰਵਾਇਆ ਜਾਵੇ ਤਾਂ ਜੋ ਬੱਚਿਆਂ ਨੂੰ ਗੰਦੇ ਪਾਣੀ ਤੋਂ ਲੱਗਣ ਵਾਲੀਆਂ ਬਿਮਾਰੀਆਂ ਤੋਂ ਬਚਾਇਆ ਜਾ ਸਕੇ। ਇਹਨਾਂ ਗੱਲਾਂ ਦਾ ਪ੍ਰਗਟਾਵਾ ਪੰਜਾਬ ਰਾਜ ਫੂਡ ਕਮਿਸ਼ਨ ਦੇ ਮੈਂਬਰ ਸ. ਜਸਵੀਰ ਸਿੰਘ ਸੇਖੋਂ ਵੱਲੋਂ ਅੱਜ ਜ਼ਿਲ੍ਹਾ ਪ੍ਰੀਸ਼ਦ ਵਿਖੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਮੈਡਮ ਕੰਚਨ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪੰਜਾਬ ਰਾਜ ਫੂਡ ਕਮਿਸ਼ਨ ਦੇ ਮੈਂਬਰ ਸ. ਜਸਵੀਰ ਸਿੰਘ ਸੇਖੋਂ ਨੇ ਜ਼ਿਲ੍ਹੇ ਅੰਦਰ ਚੱਲ ਰਹੀ ਰਾਸ਼ਨ ਵੰਡ ਪ੍ਰਣਾਲੀ, ਮਿਡ ਡੇਅ ਮੀਲ ਅਤੇ ਆਂਗਨਵਾੜੀ ਕੇਂਦਰਾਂ ਦੇ ਕੰਮ-ਕਾਜ ਦੀ ਸਮੀਖਿਆ ਕਰਦਿਆਂ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਵੀ ਦਿੱਤੇ।
ਇਸ ਮੌਕੇ ਸ. ਜਸਵੀਰ ਸਿੰਘ ਸੇਖੋਂ ਨੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਸਕੂਲਾਂ ਵਿੱਚ ਜਿੱਥੇ ਆਰ.ਓ ਨਹੀਂ ਲੱਗੇ ਹਨ ਉਥੇ ਤੁਰੰਤ ਲਗਾਏ ਜਾਣ, ਜੇਕਰ ਖ਼ਰਾਬ ਹਨ ਤਾਂ ਉਨ੍ਹਾਂ ਦੀ ਰਿਪੇਅਰ ਕਰਵਾਉਣੀ ਲਾਜ਼ਮੀ ਬਣਾਈ ਜਾਵੇ। ਉਹਨਾਂ ਇਹ ਵੀ ਕਿਹਾ ਕਿ ਕਮਿਸ਼ਨ ਦੀ ਪਹਿਲਕਦਮੀ ਉੱਤੇ ਸੂਬੇ ਦੇ ਹਰੇਕ ਸਕੂਲ ਵਿੱਚ ਕਿਚਨ ਗਾਰਡਨ ਬਣਾਏ ਗਏ ਹਨ ਉਨ੍ਹਾਂ ਦੀ ਸਾਂਭ-ਸੰਭਾਲ ਕਰਨੀ ਲਾਜ਼ਮੀ ਬਣਾਈ ਜਾਵੇ। ਇਨ੍ਹਾਂ ਕਿਚਨ ਗਾਰਡਨਾਂ ਵਿੱਚ ਤਿਆਰ ਹੋਣ ਵਾਲੀਆਂ ਜ਼ਹਿਰ ਰਹਿਤ ਸਬਜ਼ੀਆਂ ਅਤੇ ਸਲਾਦ ਆਦਿ ਬੱਚਿਆਂ ਨੂੰ ਖਵਾਇਆ ਜਾਵੇ।
ਇਸ ਮੌਕੇ ਮੈਂਬਰ ਸ. ਜਸਵੀਰ ਸਿੰਘ ਸੇਖੋਂ ਨੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਮਾਤਰੂ ਵੰਦਨਾ ਯੋਜਨਾ ਦਾ ਵੱਧ ਤੋਂ ਵੱਧ ਲਾਭਪਾਤਰੀਆਂ ਨੂੰ ਲਾਭ ਦਿਵਾਉਣ ਲਾਜ਼ਮੀ ਬਣਾਇਆ ਜਾਵੇ ਤਾਂ ਜੋ ਕੋਈ ਵੀ ਯੋਗ ਲਾਭਪਾਤਰੀ ਇਨ੍ਹਾਂ ਸਕੀਮਾਂ ਤੋਂ ਵਾਂਝਾ ਨਾ ਰਹੇ। ਇਸ ਤੋਂ ਇਲਾਵਾ ਉਨ੍ਹਾਂ ਅਧਿਕਾਰੀਆਂ ਨੂੰ ਆਂਗਨਵਾੜੀ ਕੇਂਦਰਾਂ ਦੀ ਕਾਰਗੁਜ਼ਾਰੀ ਉੱਤੇ ਪੂਰੀ ਤਰ੍ਹਾਂ ਧਿਆਨ ਰੱਖਣ ਦੀ ਹਦਾਇਤ ਕੀਤੀ।
ਇਸ ਮੌਕੇ ਸ੍ਰ ਜਸਵੀਰ ਸਿੰਘ ਸੇਖੋਂ ਨੇ ਕਿਹਾ ਕਿ ਸਕੂਲਾਂ ਅਤੇ ਆਂਗਨਵਾੜੀ ਕੇਂਦਰਾਂ ਵਿੱਚ ਬੱਚਿਆਂ ਦੇ ਖਾਣਾ ਖਾਣ ਦੀ ਜਗ੍ਹਾ ਸਾਫ਼-ਸੁਥਰੀ ਅਤੇ ਹਵਾਦਾਰ ਤੋਂ ਇਲਾਵਾ ਸਮਾਨ ਰੱਖਣ ਲਈ ਢੁੱਕਵੀਂ ਜਗ੍ਹਾ ਹੋਣੀ ਚਾਹੀਦੀ ਹੈ।
ਇਸ ਮੌਕੇ ਉਨ੍ਹਾਂ ਨੇ ਜ਼ਿਲ੍ਹਾ ਖੁਰਾਕ ਅਤੇ ਸਪਲਾਈ ਕੰਟਰੋਲਰ ਤੋਂ ਰਾਸ਼ਨ ਵੰਡ ਦੇ ਕੰਮ ਦੀ ਪ੍ਰਗਤੀ ਦਾ ਵੀ ਜਾਇਜ਼ਾ ਲਿਆ। ਉਹਨਾਂ ਹਦਾਇਤ ਕੀਤੀ ਕਿ ਕਿਸੇ ਵੀ ਇਲਾਕੇ ਤੋਂ ਰਾਸ਼ਨ ਮੁੱਕਣ ਦੀਆਂ ਸ਼ਿਕਾਇਤਾਂ ਨਹੀਂ ਮਿਲਣੀਆਂ ਚਾਹੀਦੀਆਂ ਹਨ। ਈ.ਕੇ.ਵਾਈ.ਸੀ ਦੇ ਕੰਮ ਨੂੰ ਪਹਿਲ ਦੇ ਆਧਾਰ ਉੱਤੇ ਮੁਕੰਮਲ ਕੀਤਾ ਜਾਵੇ। ਉਹਨਾਂ ਸੰਬਧਤ ਅਧਿਕਾਰੀਆਂ ਨੂੰ ਕਿਹਾ ਕਿ ਆਂਗਣਵਾੜੀ ਸੈਂਟਰਾਂ, ਮਿਡ ਡੇਅ ਮੀਲ ਸਥਾਨਾਂ, ਰਾਸ਼ਨ ਡਿਪੂਆਂ ‘ਤੇ ਸਾਇਨ ਬੋਰਡ ਅਤੇ ਕਮਿਸ਼ਨ ਦਾ ਹੈਲਪ ਲਾਈਨ ਨੰਬਰ 98767-64545 ਲਿਖਣਾ ਯਕੀਨੀ ਬਣਾਇਆ ਜਾਵੇ। ਇਸ ਤੋਂ ਇਲਾਵਾ ਸ਼ਿਕਾਇਤ ਬਕਸੇ ਵੀ ਲਗਾਉਣੇ ਲਾਜ਼ਮੀ ਬਣਾਏ ਜਾਣ।
ਇਸ ਉਪਰੰਤ ਸ. ਜਸਵੀਰ ਸਿੰਘ ਸੇਖੋਂ ਨੇ ਵਾਤਾਵਰਨ ਦੀ ਸ਼ੁੱਧਤਾ ਨੂੰ ਬਰਕਰਾਰ ਰੱਖਣ ਦੇ ਮੱਦੇਨਜ਼ਰ ਸਥਾਨਕ ਸ਼ਹੀਦ ਮੇਜਰ ਰਵੀ ਇੰਦਰ ਸਿੰਘ ਸੰਧੂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਵਿਖੇ ਬੂਟਾ ਵੀ ਲਗਾਇਆ।
ਇਸ ਮੌਕੇ ਜ਼ਿਲ੍ਹਾ ਸਿਹਤ ਅਫਸਰ ਡਾ. ਊਸ਼ਾ ਗੋਇਲ, ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਮੈਡਮ ਮਮਤਾ ਖੁਰਾਣਾ, ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਮੈਡਮ ਮਨਿੰਦਰ ਕੌਰ, ਜ਼ਿਲ੍ਹਾ ਖਰਾਕ ਤੇ ਸਪਲਾਈ ਕੰਟਰੋਲਰ ਡਾ. ਰਵਿੰਦਰ ਕੌਰ, ਖੁਰਾਕ ਤੇ ਸਪਲਾਈ ਅਫਸਰ ਸ਼੍ਰੀ ਹਰਸ਼ਿਤ ਮਹਿਤਾ, ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ, ਜ਼ਿਲ੍ਹਾ ਪ੍ਰੋਗਰਾਮ ਅਫਸਰ ਸ਼੍ਰੀ ਪੰਕਜ ਮੌਰੀਆ ਆਦਿ ਅਧਿਕਾਰੀ ਹਾਜ਼ਰ ਸਨ।