ਪੰਜਾਬ ਪਾਵਰ ਕਾਰਪੋਰੇਸ਼ਨ ਨੇ ਲੇਡੀ ਅਫ਼ਸਰ ਨੂੰ ਲਾਇਆ ਡਾਇਰੈਕਟਰ (ਕਮਰਸ਼ੀਅਲ)
ਪਾਵਰ ਕਾਰਪੋਰੇਸ਼ਨ ਦੀ ਸਾਬਕਾ ਇੰਜੀਨੀਅਰ-ਇਨ-ਚੀਫ਼ ਨੂੰ ਮਿਲੀ 2 ਸਾਲਾਂ ਲਈ ਅਹਿਮ ਜ਼ਿੰਮੇਵਾਰੀ
ਚੰਡੀਗੜ੍ਹ 20 ਫਰਵਰੀ 2026: ਪੰਜਾਬ ਸਰਕਾਰ ਵੱਲੋਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਦੇ ਪ੍ਰਬੰਧਕੀ ਢਾਂਚੇ ਵਿੱਚ ਇੱਕ ਅਹਿਮ ਨਿਯੁਕਤੀ ਕਰਦਿਆਂ ਹਰਸ਼ਰਨ ਕੌਰ ਨੂੰ ਡਾਇਰੈਕਟਰ (ਕਮਰਸ਼ੀਅਲ) ਵਜੋਂ ਨਿਯੁਕਤ ਕੀਤਾ ਗਿਆ ਹੈ। ਹਰਸ਼ਰਨ ਕੌਰ ਪਾਵਰ ਕਾਰਪੋਰੇਸ਼ਨ ਵਿੱਚ ਇੱਕ ਤਜ਼ਰਬੇਕਾਰ ਟੈਕਨੋਕ੍ਰੇਟ ਵਜੋਂ ਜਾਣੇ ਜਾਂਦੇ ਹਨ। ਇਹ ਨਿਯੁਕਤੀ ਅਹੁਦਾ ਸੰਭਾਲਣ ਦੀ ਮਿਤੀ ਤੋਂ ਦੋ ਸਾਲਾਂ ਦੇ ਸਮੇਂ ਲਈ ਹੋਵੇਗੀ।
ਹਰਸ਼ਰਨ ਕੌਰ ਪਾਵਰ ਕਾਰਪੋਰੇਸ਼ਨ ਤੋਂ ਇੰਜੀਨੀਅਰ-ਇਨ-ਚੀਫ਼ (Engineer-in-Chief) ਵਜੋਂ ਸੇਵਾਮੁਕਤ ਹੋਏ ਹਨ। ਉਨ੍ਹਾਂ ਕੋਲ ਬਿਜਲੀ ਖੇਤਰ, ਖਾਸ ਕਰਕੇ ਡਿਜ਼ਾਈਨ ਅਤੇ ਵਪਾਰਕ ਗਤੀਵਿਧੀਆਂ ਵਿੱਚ ਕਈ ਦਹਾਕਿਆਂ ਦਾ ਵਿਸ਼ਾਲ ਤਜ਼ਰਬਾ ਹੈ। ਹਰਸ਼ਰਨ ਕੌਰ ਦਾ PSPCL ਨਾਲ ਰਿਸ਼ਤਾ ਕਾਫ਼ੀ ਪੁਰਾਣਾ ਹੈ। ਉਹ 1987 ਵਿੱਚ ਬਤੌਰ ਸਹਾਇਕ ਇੰਜੀਨੀਅਰ ਭਰਤੀ ਹੋਏ ਸਨ ਅਤੇ ਸਾਲ 2021 ਵਿੱਚ ਉਹ ਪਾਵਰ ਕਾਰਪੋਰੇਸ਼ਨ ਦੀ ਪਹਿਲੀ ਮਹਿਲਾ ਇੰਜੀਨੀਅਰ-ਇਨ-ਚੀਫ਼ ਬਣਨ ਦਾ ਮਾਣ ਹਾਸਲ ਕਰ ਚੁੱਕੇ ਹਨ।
ਉਨ੍ਹਾਂ ਨੇ ਆਪਣੇ ਕਰੀਅਰ ਦੌਰਾਨ ਥਰਮਲ ਡਿਜ਼ਾਈਨ, ਹਾਈਡਲ ਡਿਜ਼ਾਈਨ ਅਤੇ ਸਬ-ਸਟੇਸ਼ਨ ਡਿਜ਼ਾਈਨ ਵਰਗੇ ਮਹੱਤਵਪੂਰਨ ਵਿਭਾਗਾਂ ਵਿੱਚ ਸੇਵਾਵਾਂ ਨਿਭਾਈਆਂ ਹਨ। ਪੰਜਾਬ ਵਿੱਚ ਬਿਜਲੀ ਦੀ ਵੱਧਦੀ ਮੰਗ ਅਤੇ ਵਪਾਰਕ ਚੁਣੌਤੀਆਂ ਦੇ ਦਰਮਿਆਨ ਹਰਸ਼ਰਨ ਕੌਰ ਦੀ ਇਹ ਨਿਯੁਕਤੀ ਕਾਫ਼ੀ ਅਹਿਮ ਮੰਨੀ ਜਾ ਰਹੀ ਹੈ। ਉਨ੍ਹਾਂ ਦੇ ਤਜ਼ਰਬੇ ਦਾ ਲਾਭ ਪਾਵਰ ਕਾਰਪੋਰੇਸ਼ਨ ਦੀਆਂ ਵਪਾਰਕ ਨੀਤੀਆਂ ਅਤੇ ਬਿਜਲੀ ਸੁਧਾਰਾਂ ਨੂੰ ਮਿਲਣ ਦੀ ਉਮੀਦ ਹੈ।