ਪੰਜਾਬੀ ਸਾਹਿਤ ਸਭਾ ਹੁਸ਼ਿਆਰਪੁਰ ਨਾਲ ਜੁੜੇ ਸ਼ਾਇਰ ਮਹਿੰਦਰ ਦੀਵਾਨਾ ਦਾ ਦਿਹਾਂਤ
ਹੁਸ਼ਿਆਰਪੁਰ, 24 ਦਸੰਬਰ :
ਪੰਜਾਬੀ ਸਾਹਿਤ ਸਭਾ ਹੁਸ਼ਿਆਰਪੁਰ ਨੂੰ ਉਸ ਸਮੇਂ ਵੱਡਾ ਸਦਮਾ ਪਹੁੰਚਿਆ ਜਦੋਂ ਇਹ ਖ਼ਬਰ ਸੁਣੀ ਗਈ ਕਿ ਸ਼ਾਇਰ ਮਹਿੰਦਰ ਦੀਵਾਨਾ ਨਹੀਂ ਰਹੇ। ਦੀਵਾਨਾ ਸਾਹਿਬ ਨੱਬੇ ਵਰ੍ਹਿਆਂ ਦੇ ਸਨ ਤੇ ਕੈਂਸਰ ਦੀ ਨਾਮੁਰਾਦ ਬਿਮਾਰੀ ਦੀ ਗ੍ਰਿਫ਼ਤ ਵਿੱਚ ਸਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਪ੍ਰਧਾਨ ਜਸਬੀਰ ਸਿੰਘ ਧੀਮਾਨ ਅਤੇ ਜਨਰਲ ਸਕੱਤਰ ਡਾ. ਜਸਵੰਤ ਰਾਏ ਨੇ ਦੱਸਿਆ ਕਿ ਮਹਿੰਦਰ ਦੀਵਾਨਾ ਜ਼ਿੰਦਗੀ ਦੇ ਸੱਤ ਦਹਾਕੇ ਤੋਂ ਵੱਧ ਸਮੇਂ ਤੋਂ ਸਾਹਿਤਕ ਅਤੇ ਸਮਾਜਿਕ ਗਤੀਵਿਧੀਆਂ ਨਾਲ ਜੁੜੇ ਹੋਏ ਸਨ। ਪ੍ਰਗਤੀਸ਼ੀਲ ਵਿਚਾਰਾਂ ਦੇ ਧਾਰਨੀ ਦੀਵਾਨਾ ਸਾਹਿਬ ਸਾਹਿਤ ਦੀ ਗ਼ਜ਼ਲ ਵਿਧਾ ਨਾਲ ਜੁੜੇ ਹੋਏ ਸਨ। ਉਨ੍ਹਾਂ ਨੇ ਤਿੰਨ ਗ਼ਜ਼ਲ ਸੰਗ੍ਰਹਿ 'ਮਿੱਟੀ ਗੱਲ ਕਰੇ", 'ਭਵਿੱਖ ਸਾਡਾ ਹੈ' ਅਤੇ 'ਮੈਂ ਮੁਸਾਫ਼ਿਰ ਹਾਂ' ਪੰਜਾਬੀ ਸਾਹਿਤ ਦੀ ਝੋਲ਼ੀ ਪਾਏ। ਉਨ੍ਹਾਂ ਦੀ ਸ਼ਾਇਰੀ ਵਿੱਚ ਲੋਕ ਮੁੱਦੇ, ਲੋਕ ਪੀੜਾ, ਲੋਕ ਸੰਘਰਸ਼ ਤੇ ਮੁਹੱਬਤੀ ਰੰਗ ਹਮੇਸ਼ਾ ਮੋਹਰੀ ਸਫ਼ਾਂ ’ਤੇ ਰਿਹਾ। ਮਾਨਵੀ ਸੰਵੇਦਨਾ ਨਾਲ ਲਬਰੇਜ਼ ਦੀਵਾਨਾ ਦਾ ਕਾਵਿ ਬਿੰਬ ਬੜਾ ਸੌਖਾ ਅਤੇ ਵਿਚਾਰਧਾਰਕ ਤੌਰ ’ਤੇ ਬੜਾ ਪ੍ਰਤੀਬੱਧ ਹੈ। ਦੀਵਾਨਾ ਸਾਹਿਬ ਦੀਆਂ ਗ਼ਜ਼ਲਾਂ ’ਤੇ ਪੰਜਾਬੀ ਦੇ ਬਹੁਤ ਜ਼ਹੀਨ ਮਰਹੂਮ ਸ਼ਾਇਰ ਸੁਰਜੀਤ ਪਾਤਰ ਅਤੇ ਐੱਸ.ਐੱਸ ਮੀਸ਼ਾ ਵੀ ਆਪਣੀਆਂ ਟਿੱਪਣੀਆਂ ਪੇਸ਼ ਕਰਦੇ ਰਹੇ ਹਨ। ਸਾਹਿਤ ਸਭਾ ਹੁਸ਼ਿਆਰਪੁਰ ਦੇ ਸਾਰੇ ਮੈਂਬਰਾਂ ਨੇ ਦੁਖ ਦੀ ਇਸ ਘੜੀ ਵਿੱਚ ਸ਼ਰੀਕ ਹੁੰਦਿਆਂ ਦੀਵਾਨਾ ਸਾਹਿਬ ਦੇ ਪਰਿਵਾਰ ਨਾਲ ਸੰਵੇਦਨਾ ਪ੍ਰਗਟ ਕੀਤੀ। ਇਸ ਸਮੇਂ ਮਦਨ ਵੀਰਾ, ਡਾ. ਕਰਮਜੀਤ ਸਿੰਘ, ਕੁਲਤਾਰ ਸਿੰਘ ਕੁਲਤਾਰ, ਡਾ. ਮਨਮੋਹਨ ਸਿੰਘ ਤੀਰ, ਸਤੀਸ਼ ਕੁਮਾਰ, ਪ੍ਰਿੰਸੀਪਲ ਦਾਸ ਭਾਰਤੀ, ਪ੍ਰਿੰਸੀਪਲ ਗੁਰਦਿਆਲ ਸਿੰਘ ਫੁਲ, ਰਾਜ ਕੁਮਾਰ ਘਾਸੀਪੁਰੀਆ, ਡਾ. ਸੁਖਦੇਵ ਸਿੰਘ ਢਿੱਲੋਂ, ਤ੍ਰਿਪਤਾ ਕੇ ਸਿੰਘ, ਅੰਜੂ ਵੀ ਰੱਤੀ, ਲੈਕ ਲਖਵਿੰਦਰ ਰਾਮ, ਹਰਵਿੰਦਰ ਸਾਹਬੀ, ਹਰਜਿੰਦਰ ਹਰਗੜ੍ਹੀਆ, ਡਾ. ਦਰਸ਼ਨ ਸਿੰਘ ਦਰਸ਼ਨ ਹਾਜ਼ਰ ਸਨ।