ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਮੈਗਜ਼ੀਨ "ਸ਼ਬਦ" ਦਾ ‘ਗਿਆਨੀ ਸੋਹਣ ਸਿੰਘ ਸੀਤਲ’ ਵਿਸ਼ੇਸ਼ ਅੰਕ ਲੋਕ-ਅਰਪਣ
Babushahi Network
ਲੁਧਿਆਣਾ, 11 ਨਵੰਬਰ 2026- ਸਿਰਮੌਰ ਢਾਡੀ, ਸ਼ਾਇਰ, ਪੰਜਾਬੀ ਨਾਵਲਕਾਰ ਅਤੇ ਸਿੱਖ ਇਤਿਹਾਸਕਾਰ ਗਿਆਨੀ ਸੋਹਣ ਸਿੰਘ ਸੀਤਲ ਜੀ ਨੂੰ ਸਮਰਪਿਤ ਜਲੰਧਰ ਤੋਂ ਜਿੰਦਰ ਦੀ ਸੰਪਾਦਨਾ ਹੇਠ ਛਪਦੇ ‘ਸ਼ਬਦ’ ਮੈਗਜ਼ੀਨ ਦਾ ਵਿਸ਼ੇਸ਼ ਅੰਕ ਲੋਕ-ਅਰਪਣ ਕੀਤਾ ਗਿਆ। ਪੰਜਾਬ ਸਰਕਾਰ ਦੇ ਡਿਪਟੀ ਡਾਇਰੈਕਟਰ ਲੋਕ ਸੰਪਰਕ ਅਤੇ ਉੱਘੇ ਖੇਡ ਲੇਖਕ ਨਵਦੀਪ ਸਿੰਘ ਗਿੱਲ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਇਹ ਰਸਮ ਅਦਾ ਕੀਤੀ।
ਸ਼ਬਦ ਦੇ ਇਸ ਵਿਸ਼ੇਸ਼ ਅੰਕ ਵਿੱਚ ਗਿਆਨੀ ਸੋਹਣ ਸਿੰਘ ਸੀਤਲ ਜੀ ਦੇ ਜੀਵਨ, ਸਾਹਿਤਕ ਯੋਗਦਾਨ ਅਤੇ ਇਤਿਹਾਸ ਨੂੰ ਦੇਣ ਬਾਰੇ ਖੋਜ ਭਰਪੂਰ ਲੇਖ ਪ੍ਰਕਾਸ਼ਿਤ ਕੀਤੇ ਗਏ ਹਨ। ਢੰਗ ਨਾਲ ਮੈਗਜ਼ੀਨ ਦੀ ਭੂਮਿਕਾ ਖਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਅਤੇ ਉੱਘੇ ਚਿੰਤਕ ਡਾ. ਆਤਮ ਸਿੰਘ ਰੰਧਾਵਾ ਨੇ ਲਿਖੀ ਹੈ।
ਇਸ ਵੱਡ ਆਕਾਰੀ ਵਿਸ਼ੇਸ਼ ਅੰਕ ਬਾਰੇ ਜਾਣਕਾਰੀ ਦੇਂਦਿਆਂ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਗਿਆਨੀ ਸੋਹਣ ਸਿੰਘ ਸੀਤਲ ਜੀ ਦੀ ਸਰਬਾਗੀ ਸ਼ਖ਼ਸੀਅਤ ਸੀ। ਉਨ੍ਹਾਂ ਦੀ ਢਾਡੀ ਰਾਗ, ਸ਼ਾਇਰੀ, ਨਾਵਲਕਾਰੀ ਤੇ ਸਿੱਖ ਇਤਿਹਾਸਕਾਰੀ ਕਾਰਨ ਉਨ੍ਹਾਂ ਨੂੰ ਕਿਸੇ ਇੱਕ ਫਰੇਮ ਵਿੱਚ ਕੈਦ ਨਹੀਂ ਕੀਤਾ ਜਾ ਸਕਦਾ। ਉਹ ਪੰਜਾਬੀਅਤ ਦੇ ਭਰ ਵਗਦੇ ਦਰਿਆ ਸਨ ਜਿੰਨ੍ਹਾਂ ਦਾ ਲਿਖਿਆ ਗੀਤ ਕੀਮਾ ਮਲਕੀ ਤਾਂ ਲੋਕ ਗੀਤ ਦਾ ਰੁਤਬਾ ਹਾਸਲ ਕਰ ਚੁੱਕਾ ਹੈ।
ਉਨ੍ਹਾਂ ਦੇ ਨਾਵਲ ਜੁਗ ਬਦਲ ਗਿਆ ਨੂੰ ਭਾਵੇਂ ਭਾਰਤੀ ਸਾਹਿੱਤ ਅਕਾਡਮੀ ਪੁਰਸਕਾਰ ਮਿਲਿਆ ਪਰ ਲੋਕ ਮਨਾਂ ਵਿੱਚ “ਤੂਤਾਂ ਵਾਲਾ ਖੂਹ” ਦੀ ਛਾਪ ਗੂੜ੍ਹੀ ਹੈ। ਨਵਦੀਪ ਸਿੰਘ ਗਿੱਲ ਨੇ ਕਿਹਾ ਕਿ ਗਿਆਨੀ ਸੋਹਣ ਸਿੰਘ ਸੀਤਲ ਦੇ ਨਾਵਲ ਤੂਤਾਂ ਵਾਲਾ ਖੂਹ ਨੂੰ ਸਲੇਬਸ ਵਿੱਚ ਪੜ੍ਹਨ ਵਾਲਿਆਂ ਦੀ ਗਿਣਤੀ ਭਾਵੇਂ ਲੱਖਾਂ ਹੈ ਪਰ ਮੁਹੰਮਦ ਸਦੀਕ ਦੇ ਗਾਏ ਗੀਤ “ਕੀਮਾ ਮਲਕੀ” ਕਾਰਨ ਉਨ੍ਹਾਂ ਦਾ ਨਾਮ ਕਰੋੜਾਂ ਪੰਜਾਬੀਆਂ ਦੇ ਮਨਾਂ ਵਿੱਚ ਵਸਿਆ ਹੋਇਆ ਹੈ। ਸਿੱਖ ਰਾਜ ਕਿਵੇਂ ਬਣਿਆ, ਸਿੱਖ ਰਾਜ ਕਿਵੇਂ ਗਿਆ, ਵਰਗੀਆਂ ਮੁੱਲਵਾਨ ਇਤਿਹਾਸਕ ਪੁਸਤਕਾਂ ਕਾਰਨ ਉਹ ਅਮਰ ਰਹਿਣਗੇ।
ਉਨ੍ਹਾਂ ਆਖਿਆ ਕਿ ਪ੍ਰੋ. ਮੋਹਨ ਸਿੰਘ ਯਾਦਗਾਰੀ ਮੇਲੇ ਵਿੱਚ ਉਨ੍ਹਾਂ ਦੀਆਂ ਢਾਡੀ ਪ੍ਰਸੰਗ ਪੇਸ਼ਕਾਰੀਆਂ ਹੁਣ ਵੀ ਯੂ ਟਿਉਬ ਤੋਂ ਮੈਂ ਅਕਸਰ ਸੁਣਦਾ ਹਾਂ। ਗਿਆਨੀ ਸੋਹਣ ਸਿੰਘ ਸੀਤਲ ਨੇ ਆਪਣੀ ਦਮਦਾਰ ਆਵਾਜ਼, ਵਿਲੱਖਣ ਪੇਸ਼ਕਾਰੀ ਅਤੇ ਇਤਿਹਾਸਕ ਸੂਝ ਰਾਹੀਂ ਪੰਜਾਬ ਦੇ ਇਤਿਹਾਸ ਨੂੰ ਲੋਕ-ਮਨਾਂ ਤੱਕ ਪਹੁੰਚਾਇਆ। ਇਸ ਕਰਕੇ ਉਨ੍ਹਾਂ ਨੂੰ ਪੰਜਾਬੀ ਲੋਕ-ਚੇਤਨਾ ਦਾ ਮਹੱਤਵਪੂਰਨ ਬਿਰਤਾਂਤ-ਸਿਰਜਕ ਕਿਹਾ ਜਾ ਸਕਦਾ ਹੈ।
ਪ੍ਹੋ. ਗੁਰਭਜਨ ਸਿੰਘ ਗਿੱਲ ਨੇ ਸ਼ਬਦ ਦੇ ਸੰਪਾਦਕ ਜਿੰਦਰ ਅਤੇ ਇਸ ਵਿਸ਼ੇਸ਼ ਅੰਕ ਦੇ ਮੁੱਖ ਸੂਤਰਧਾਰ ਡਾ. ਗੁਰਬੀਰ ਸਿੰਘ ਬਰਾੜ ਨੂੰ ਮੁਬਾਰਕ ਦੇਂਦਿਆਂ ਕਿਹਾ ਕਿ ਯੂਨੀਵਰਸਿਟੀਆਂ ਦੇ ਮਿਆਰ ਤੋਂ ਵੀ “ਸ਼ਬਦ” ਦਾ ਇਹ ਉਚੇਰਾ ਅੰਕ ਭਵਿੱਖ ਦੇ ਖੋਜਕਾਰਾਂ ਤੇ ਵਿਦਿਆਰਥੀਆਂ ਲਈ ਰਾਹ ਦਿਸੇਰਾ ਬਣੇਗਾ।
- Download Babushahi App
-
-