ਪੰਜਾਬੀ ਮਾਂ-ਬੋਲੀ ਚੇਤਨਾ ਮਾਰਚ ਫਗਵਾੜਾ ਵਿਖੇ ਕੱਢਿਆ ਗਿਆ
*ਮੈਂਬਰ ਪਾਰਲੀਮੈਂਟ ਡਾ:ਰਾਜਕੁਮਾਰ ਚੱਬੇਵਾਲ, ਹਰਜੀ ਮਾਨ, ਸੰਤ ਅਨੂਪ ਸਿੰਘ, ਸੰਤ ਗੁਰਚਰਨ ਸਿੰਘ, ਮੇਅਰ ਰਾਮ ਪਾਲ ਉੱਪਲ ਨੇ ਦਿੱਤੀ ਮਾਰਚ ਨੂੰ ਹਰੀ ਝੰਡੀ
*ਫਗਵਾੜਾ ਵਿਖੇ ਗੁਰੂ ਨਾਨਕ ਮਿਊਂਸਪਲ ਲਾਇਬ੍ਰੇਰੀ ਦੀ ਮੁੜ ਉਸਾਰੀ ਲਈ ਕਾਰਪੋਰੇਸ਼ਨ ਵੱਲੋਂ 22.5 ਲੱਖ ਅਤੇ ਐੱਮ.ਪੀ. ਫੰਡ ਵਿੱਚੋਂ 20 ਲੱਖ ਰੁਪਏ ਮਨਜ਼ੂਰ
* ਪੰਜਾਬੀ ਬੋਲੀ ਨੂੰ ਸਰਕਾਰੀ ਦਫ਼ਤਰਾਂ, ਅਦਾਲਤਾਂ ਅਤੇ ਕਾਰੋਬਾਰੀ ਅਦਾਰਿਆਂ ਵਿੱਚ ਪੂਰਨ ਰੂਪ ਵਿੱਚ ਲਾਗੂ ਕੀਤਾ ਜਾਵੇ - ਕਿੰਨੜਾ - ਪਲਾਹੀ
ਫਗਵਾੜਾ, 21 ਫਰਵਰੀ ( ) – ਪੰਜਾਬੀ ਕਲਾ ਅਤੇ ਸਾਹਿਤ ਕੇਂਦਰ, ਸੰਗੀਤ ਦਰਪਣ, ਪੰਜਾਬੀ ਵਿਰਸਾ ਟਰੱਸਟ ਅਤੇ ਸਹਾਰਾ ਵੈਲਫੇਅਰ ਕਲੱਬ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੰਜਾਬੀ ਮਾਂ-ਬੋਲੀ ਚੇਤਨਾ ਮਾਰਚ ਫਗਵਾੜਾ ਵਿਖੇ ਆਯੋਜਿਤ ਕੀਤਾ ਗਿਆ। ਇਹ ਵਿਸ਼ਾਲ ਮਾਰਚ ਬਲੱਡ ਬੈਂਕ, ਗੁਰੂ ਹਰਿਗੋਬਿੰਦ ਨਗਰ ਫਗਵਾੜਾ ਤੋਂ ਸ਼ੁਰੂ ਹੋਇਆ ਅਤੇ ਸੈਂਟਰਲ ਟਾਊਨ, ਲੋਹਾ ਮੰਡੀ, ਗਾਂਧੀ ਚੌਂਕ ਛੱਤੀ ਖੂਹੀ, ਗਊਸ਼ਾਲਾ ਬਜ਼ਾਰ , ਬਾਂਸਾ ਬਜ਼ਾਰ ਤੋਂ ਹੁੰਦਾ ਹੋਇਆ ਪੁਰਾਣਾ ਡਾਕਖਾਨਾ, ਸਕੂਲ ਆਫ਼ ਐਮੀਨੈਂਸ ਤੋਂ ਬਾਅਦ ਬਲੱਡ ਬੈਂਕ ਦੇ ਸਾਹਮਣੇ ਪਾਰਕ ਵਿੱਚ ਸਮਾਪਤ ਹੋਇਆ। ਮੈਂਬਰ ਪਾਰਲੀਮੈਂਟ ਡਾ:ਰਾਜਕੁਮਾਰ ਚੱਬੇਵਾਲ, ਹਰਜੀ ਮਾਨ, ਸੰਤ ਅਨੂਪ ਸਿੰਘ ਊਨਾ ਸਾਹਿਬ , ਸੰਤ ਗੁਰਚਰਨ ਸਿੰਘ, ਮੇਅਰ ਰਾਮ ਪਾਲ ਉੱਪਲ, ਡੀ.ਐੱਸ.ਪੀ. ਭਾਰਤ ਭੂਸ਼ਣ, ਪ੍ਰੋ: ਜਸਵੰਤ ਸਿੰਘ ਗੰਡਮ ਨੇ ਇਸ ਮਾਂ-ਬੋਲੀ ਮਾਰਚ ਨੂੰ ਹਰੀ ਝੰਡੀ ਦਿੱਤੀ ।
ਇਸ ਤੋਂ ਪਹਿਲਾਂ ਆਪਣੇ ਵਿਚਾਰ ਪੇਸ਼ ਕਰਦਿਆਂ ਡਾ: ਰਾਜਕੁਮਾਰ ਚੱਬੇਵਾਲ ਨੇ ਕਿਹਾ ਕਿ ਮਾਂ-ਬੋਲੀ ਪੰਜਾਬੀ ਨੂੰ ਪੰਜਾਬ ਵਿੱਚ ਪੂਰਾ ਸਥਾਨ ਮਿਲ ਰਿਹਾ ਹੈ ਅਤੇ ਸਰਕਾਰ ਵੱਲੋਂ ਇਸ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ। ਉਹਨਾਂ ਨੇ ਕਾਰਪੋਰੇਸ਼ਨ ਮੇਅਰ ਰਾਮ ਪਾਲ ਉੱਪਲ ਦੀ ਪ੍ਰਵਾਨਗੀ ਨਾਲ ਗੁਰੂ ਨਾਨਕ ਮਿਊਂਸਪਲ ਲਾਇਬ੍ਰੇਰੀ ਦੀ ਮੁੜ ਉਸਾਰੀ ਲਈ ਟੈਂਡਰ ਲਾਉਣ ਲਈ ਧੰਨਵਾਦ ਕਰਦਿਆਂ ਆਪਣੇ ਐੱਮ.ਪੀ. ਫੰਡ ਵਿੱਚੋਂ 20 ਲੱਖ ਰੁਪਏ ਹੋਰ ਦੇਣ ਦਾ ਐਲਾਨ ਵੀ ਕੀਤਾ। ਇਸ ਮੌਕੇ ਬੋਲਦਿਆਂ ਆਮ ਆਦਮੀ ਪਾਰਟੀ ਦੇ ਇੰਚਾਰਜ ਹਰਜੀ ਮਾਨ ਨੇ ਕਿਹਾ ਕਿ ਸਾਹਿਤਕ ਸੰਸਥਾਵਾਂ ਵੱਲੋਂ ਪੰਜਾਬੀ ਮਾਂ-ਬੋਲੀ ਦਾ ਚੇਤਨਾ ਮਾਰਚ ਬਹੁਤ ਹੀ ਸ਼ਲਾਘਾਯੋਗ ਉੱਦਮ ਹੈ। ਸੰਤ ਅਨੂਪ ਸਿੰਘ ਜੀ ਨੇ ਨਵੀਂ ਪੀੜ੍ਹੀ ਵਿੱਚ ਪੰਜਾਬੀ ਪ੍ਰਤੀ ਸਨੇਹ ਦੀ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਪੰਜਾਬੀ ਬੋਲੀ ਤੇ ਸੱਭਿਆਚਾਰ ਦੀ ਰਾਖੀ ਲਈ ਚੇਤਨਾ ਮਾਰਚ ਵਰਗਾ ਉਪਰਾਲਾ ਸਲਾਹੁਣਯੋਗ ਹੈ।
ਪ੍ਰੋ. ਜਸਵੰਤ ਸਿੰਘ ਗੰਡਮ ਨੇ ਮਾਂ-ਬੋਲੀ ਦੀ ਵਿਸ਼ੇਸ਼ਤਾ ਅਤੇ ਮਨੁੱਖੀ ਸਖ਼ਸ਼ੀਅਤ ਵਿੱਚ ਇਸ ਦੀ ਅਹਿਮੀਅਤ ਬਾਰੇ ਵਿਸ਼ੇਸ਼ ਤੌਰ ‘ਤੇ ਚਾਨਣਾ ਪਾਇਆ ਅਤੇ ਪੰਜਾਬੀਆਂ ਨੂੰ ਆਪਣੀ ਮਾਂ-ਬੋਲੀ ਪੰਜਾਬੀ ਨਾਲ ਜੁੜੇ ਰਹਿਣ ਦੀ ਅਪੀਲ ਕੀਤੀ ਅਤੇ ਅਫ਼ਸਰ ਸਾਹਿਬਾਨਾਂ ਨੂੰ ਖ਼ਾਸ ਤੌਰ 'ਤੇ ਬੇਨਤੀ ਕੀਤੀ ਕਿ ਉਹ ਆਪਣੇ ਦਫ਼ਤਰਾਂ ਵਿੱਚ ਪੰਜਾਬੀ ਬੋਲੀ ਦੀ ਵਰਤੋਂ ਯਕੀਨੀ ਬਣਾਉਣ। ਉਹਨਾਂ ਨੇ ਗੁਰੂ ਨਾਨਕ ਮਿਊਂਸਪਲ ਲਾਇਬ੍ਰੇਰੀ ਦੀ ਮੁੜ ਸੁਰਜੀਤੀ ਲਈ ਡਾ: ਰਾਜ ਕੁਮਾਰ ਚੱਬੇਵਾਲ ਅਤੇ ਮੇਅਰ ਰਾਮ ਪਾਲ ਉੱਪਲ ਦੀ ਸ਼ਲਾਘਾ ਕੀਤੀ।
ਤਰਨਜੀਤ ਸਿੰਘ ਕਿੰਨੜਾ ਅਤੇ ਪ੍ਰਿੰ. ਗੁਰਮੀਤ ਸਿੰਘ ਪਲਾਹੀ, ਹਰੀ ਪਾਲ ਸਿੰਘ ਦੀ ਅਗਵਾਈ ਵਿੱਚ ਕਰਵਾਏ ਗਏ ਇਸ ਵਿਸ਼ਾਲ ਮਾਰਚ ਵਿੱਚ ਵੱਖੋ-ਵੱਖਰੀਆਂ ਪਾਰਟੀਆਂ ਦੇ ਸਿਆਸੀ ਆਗੂ, ਲੇਖਕ, ਪੱਤਰਕਾਰ, ਲੇਖਕ ਸਾਹਿਤ ਸਭਾਵਾਂ, ਗ਼ੈਰ-ਸਰਕਾਰੀ ਸੰਸਥਾਵਾਂ ਦੇ ਨੁਮਾਇੰਦੇ, ਪੰਜਾਬੀ ਪ੍ਰੇਮੀ, ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਹਿੱਸਾ ਲਿਆ। ਵਿਦਿਆਰਥੀਆਂ ਅਤੇ ਪੰਜਾਬੀ ਪ੍ਰੇਮੀਆਂ ਨੇ ਆਪਣੇ ਹੱਥਾਂ ਵਿੱਚ ਪੰਜਾਬੀ ਦੇ ਹੱਕ ਵਿੱਚ ਤਖ਼ਤੀਆਂ ਚੁੱਕੀਆਂ ਹੋਈਆਂ ਸਨ, ਹੱਥਾਂ 'ਚ ਬੈਨਰ ਜਿਹਨਾਂ ਉਤੇ ‘ਮਾਂ-ਬੋਲੀ ਨੂੰ ਭੁੱਲ ਜਾਓਗੇ, ਕੱਖਾਂ ਵਾਂਗਰ ਰੁਲ ਜਾਓਗੇ’, 'ਮਾਂ-ਬੋਲੀ ਦਾ ਸਤਿਕਾਰ ਕਰੋ', 'ਪੰਜਾਬੀ ਮੇਰੀ ਜਾਨ ਵਰਗੀ, ਪੰਜਾਬੀ ਮੇਰੀ ਪਹਿਚਾਣ ਵਰਗੀ', 'ਬੋਲੀ ਜਿਊਂਦੀ ਰਹੀ ਤਾਂ ਪੰਜਾਬੀ ਜਿਊਂਦੇ ਰਹਿਣਗੇ' ਆਦਿ ਫੜੇ ਹੋਏ ਸਨ ਅਤੇ ਉਹ ਨਾਹਰੇ ਮਾਰਦੇ ਬਜ਼ਾਰਾਂ ਵਿੱਚ ਆਪਣੀ ਅਵਾਜ਼ ਨਾਲ ਲੋਕਾਂ ਨੂੰ ਆਪਣੀ ਮਾਂ-ਬੋਲੀ ਪੰਜਾਬੀ ਨਾਲ ਪਿਆਰ ਕਰਨ ਦਾ ਸੁਨੇਹਾ ਦੇ ਰਹੇ ਸਨ। ਬਜ਼ਾਰ ਵਿੱਚ ਥਾਂ-ਥਾਂ 'ਤੇ ਵੱਖੋ-ਵੱਖਰੀਆਂ ਸੰਸਥਾਵਾਂ ਜਿਹਨਾਂ ਵਿੱਚ ਗੁਰੂ ਰਵਿਦਾਸ ਮੰਦਰ ਕਮੇਟੀ ਦੇ ਪ੍ਰਧਾਨ ਅਤੇ ਸ਼ੂਅਜ਼ ਐਸੋਸੀਏਸ਼ਨ ਦੇ ਪ੍ਰਧਾਨ ਦਵਿੰਦਰ ਕੁਲਥਮ ਹੋਰ ਦੁਕਾਨਦਾਰਾਂ ਵੱਲੋਂ ਉਹਨਾਂ ਉੱਤੇ ਥਾਂ-ਥਾਂ ਫੁੱਲਾਂ ਦੀ ਵਰਖਾ ਕੀਤੀ ਗਈ ਤੇ ਕੁਲਥਮ ਸ਼ੂਜ ਦੇ ਵੱਲੋਂ ਬੱਚਿਆਂ ਨੂੰ ਪਾਣੀ ਵਰਤਾਇਆ ਗਿਆ ।
ਮਾਰਚ ਵਿੱਚ ਰਾਮਗੜ੍ਹੀਆ ਕਾਲਜ ਆਫ ਐਜੂਕੇਸ਼ਨ, ਕਮਲਾ ਨਹਿਰੂ ਸਕੂਲ, ਆਰੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ, ਰਾਮਗੜ੍ਹੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਤੇ ਲੜਕੀਆਂ, ਐੱਸ.ਡੀ.ਮਾਡਲ ਸੀਨੀਅਰ ਸੈਕੰਡਰੀ ਸਕੂਲ, ਬੀ.ਕੇ.ਜੇ. ਐਪਲ ਔਰਚਰਡ ਸਕੂਲ, ਮਾਂ ਅੰਬੇ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਅਤੇ ਅਧਿਆਪਕ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਇਸ ਸਮੇਂ ਹੋਰਨਾਂ ਤੋਂ ਬਿਨਾਂ ਹਰਬੰਸ ਲਾਲ ਮੀਤ ਪ੍ਰਧਾਨ ਬਲੱਡ ਬੈਂਕ, ਡਾ: ਜਸਜੀਤ ਸਿੰਘ ਵਿਰਕ, ਅਸ਼ੋਕ ਸੇਠੀ, ਦੀਪਕ ਕੋਹਲੀ , ਮੁਖਿੰਦਰ ਸਿੰਘ, ਪ੍ਰੋ.ਜਸਵੰਤ ਸਿੰਘ ਗੰਡਮ, ਤਰਨਜੀਤ ਸਿੰਘ ਕਿੰਨੜਾ, ਪ੍ਰਿੰ: ਗੁਰਮੀਤ ਸਿੰਘ ਪਲਾਹੀ, ਐਡਵੋਕੇਟ ਸੰਤੋਖ ਲਾਲ ਵਿਰਦੀ, ਮੋਹਨ ਸਿੰਘ ਸਾਈਂ, ਰਜੇਸ਼ ਪਲਟਾ ਸ਼ਿਵ ਸੈਨਾ ਆਗੂ, ਗੁਰਦੀਪ ਸੈਣੀ ਸ਼ਿਵ ਸੈਨਾ, ਰਣਜੀਤ ਸਿੰਘ, ਐੱਮ.ਸੀ. ਬੰਟੀ ਵਾਲੀਆ, ਸਿੱਖ ਆਗੂ ਸੁਖਦੇਵ ਸਿੰਘ ਅਤੇ ਸਾਥੀ, ਪਿੰਦੂ ਜੌਹਲ ਯੂ.ਕੇ., ਪਰਵਿੰਦਰਜੀਤ ਸਿੰਘ, ਮੈਡਮ ਕਮਲੇਸ਼ ਸੰਧੂ, ਦਲਜੀਤ ਕੌਰ ਚਾਨਾ, ਰਵਿੰਦਰ ਚੋਟ, ਬਲਦੇਵ ਰਾਜ ਕੋਮਲ, ਹਰਦੇਵ ਸਿੰਘ ਨਾਮਧਾਰੀ, ਪ੍ਰੀਤਮ ਸਿੰਘ ਨਾਮਧਾਰੀ, ਪਾਲੀ ਨਾਮਧਾਰੀ, ਭੁਪਿੰਦਰ ਸਿੰਘ ਕਾਲੀ, ਰਿੰਪਲ ਪੁਰੀ, ਹਰੀਪਾਲ ਸਿੰਘ, ਮਾਸਟਰ ਸੁਖਦੇਵ ਸਿੰਘ, ਚੇਤਨ ਬਜਾਜ, ਪ੍ਰਿੰ: ਹਰਬੰਸ ਲਾਲ, ਅਮਿਤ ਤਰੇਹਨ, ਡਾ. ਰਮਨਦੀਪ ਸਿੰਘ ਕਿੰਨੜਾ, ਰਜਿੰਦਰ ਸਿੰਘ, ਹਰਦੀਪ ਸਿੰਘ, , ਗੁਰਬਖਸ਼ ਸਿੰਘ ਪਰਮਾਰ, ਹਰਜੀਤ ਸਿੰਘ ਪਰਮਾਰ, ਤਜਿੰਦਰ ਸਿੰਘ ਮੌਡਰਨ ਸ਼ੂਅਜ਼, ਰਾਮਪਾਲ ਸਾਹਨੀ, ਮਾਸਟਰ ਜੋਸ਼ੀ, ਮੈਡਮ ਦਲਜੀਤ ਕੌਰ, ਮੈਡਮ ਨੀਲਮ ਕੁਮਾਰੀ, ਕਮਲ ਬੱਗਾ, ਸਤਨਾਮ ਸਿੰਘ ਸੱਚਦੇਵਾ ਅਤੇ ਗੁਰਪ੍ਰੀਤ ਸਿੰਘ ਮੱਕੜ, ਯਸ਼ਪਾਲ ਰਾਏ ਬਾਵਾ ਮੈਡੀਕਲ ਹਾਲ, ਸੇਠੀ ਕੇਕ ਹਾਊਸ, ਗੁਰਸ਼ਰਨ ਸਿੰਘ ਸਾਬਕਾ ਸਰਪੰਚ, ਊਸ਼ਾ ਰਾਣੀ ਐੱਸ.ਐੱਚ.ਓ. ਥਾਣਾ ਸਿਟੀ, ਟ੍ਰੈਫ਼ਿਕ ਇੰਚਾਰਜ ਅਮਨਦੀਪ ਸਿੰਘ, ਤਹਿਸੀਲਦਾਰ ਮਨਵੀਰ ਸਿੰਘ ਢਿੱਲੋਂ, ਸੁਨੀਲ ਚੱਮ ਸਾਬਕਾ ਚੇਅਰਮੈਨ ਆਦਿ ਹਾਜ਼ਰ ਸਨ।
ਪ੍ਰੋਗਰਾਮ ਦੀ ਸਮਾਪਤੀ ਸਮਾਰੋਹ ਸਮੇਂ ਬੋਲਦਿਆਂ ਤਰਨਜੀਤ ਸਿੰਘ ਕਿੰਨੜਾ ਨੇ ਸ਼ਹਿਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਕਾਰੋਬਾਰ ਪੰਜਾਬੀ ਵਿੱਚ ਕਰਨ ਤਾਂ ਕਿ ਪੰਜਾਬੀ ਦਾ ਪਸਾਰਾ ਹੋ ਸਕੇ। ਉਹਨਾਂ ਨੇ ਸਕੂਲਾਂ, ਕਾਲਜਾਂ ਦੇ ਪ੍ਰਬੰਧਕਾਂ ਨੂੰ ਪੰਜਾਬੀ ਬੋਲੀ ਨੂੰ ਪੂਰਨ ਰੂਪ ਵਿੱਚ ਅਪਨਾਉਣ ਦੀ ਅਪੀਲ ਵੀ ਕੀਤੀ। ਪ੍ਰਿੰ. ਗੁਰਮੀਤ ਸਿੰਘ ਪਲਾਹੀ ਨੇ ਕਿਹਾ ਕਿ ਇਸ ਸਮੇਂ ਲੋੜ ਸਰਕਾਰੀ ਦਫ਼ਤਰਾਂ ਵਿੱਚ ਪੂਰਨ ਤੌਰ ‘ਤੇ ਪੰਜਾਬੀ ਲਾਗੂ ਕਰਨ ਦੀ ਹੈ। ਉਹਨਾਂ ਨੇ ਅਦਾਲਤਾਂ ਵਿੱਚ ਪੰਜਾਬੀ ਭਾਸ਼ਾ ਵਿੱਚ ਕੰਮ ਕਰਨ ਦੀ ਲੋੜ ‘ਤੇ ਜ਼ੋਰ ਵੀ ਦਿੱਤਾ। ਉਹਨਾਂ ਕਿਹਾ ਕਿ ਯੂਨੈਸਕੋ ਵੱਲੋਂ 21 ਫਰਵਰੀ ਦਾ ਦਿਹਾੜਾ ਮਾਂ-ਬੋਲੀ ਨੂੰ ਸਮਰਪਿਤ ਕੀਤਾ ਗਿਆ ਹੈ।
ਇਸ ਸਮੇਂ ਵੱਖੋ-ਵੱਖਰੀਆਂ ਸਕੂਲਾਂ ਦੇ ਅਧਿਆਪਕਾਂ ਅਤੇ ਸ਼ਾਮਲ ਸੰਸਥਾਵਾਂ ਦੇ ਅਹੁਦੇਦਾਰਾਂ ਅਤੇ ਸਖ਼ਸ਼ੀਅਤਾਂ ਨੂੰ ਪੰਜਾਬੀ ਦੀਆਂ ਪੁਸਤਕਾਂ ਪੰਜਾਬੀ ਵਿਰਸਾ ਟਰੱਸਟ (ਰਜਿ.) ਫਗਵਾੜਾ ਵੱਲੋਂ ਭੇਂਟ ਕੀਤੀਆਂ ਗਈਆਂ। ਮਾਰਚ ਵਿੱਚ ਸ਼ਾਮਲ ਧਾਰਮਿਕ ਸਮਾਜਿਕ, ਸਾਹਿਤਕ, ਸਿਆਸੀ, ਵਿੱਦਿਅਕ ਸੰਸਥਾਵਾਂ ਦਾ ਮਾਰਚ ਵਿੱਚ ਸ਼ਾਮਲ ਹੋਣ ਲਈ ਧੰਨਵਾਦ ਤਰਨਜੀਤ ਸਿੰਘ ਕਿੰਨੜਾ ਅਤੇ ਪ੍ਰਿੰ. ਗੁਰਮੀਤ ਸਿੰਘ ਪਲਾਹੀ ਵੱਲੋਂ ਕੀਤਾ ਗਿਆ ।
Click to Follow Babushahi Facebook page →