ਪ੍ਰਾਈਵੇਟ ਕੰਪਨੀ ਦੇ ਗੈਸ ਕਨੈਕਸ਼ਨ ਲੈਣ ਦੀਆਂ ਸਲਾਹਾਂ ਦੇਣ ਲੱਗਾ ਮੁਕਤਸਰ ਪ੍ਰਸ਼ਾਸ਼ਨ
ਅਸ਼ੋਕ ਵਰਮਾ
ਸ੍ਰੀ ਮੁਕਤਸਰ ਸਾਹਿਬ, 06 ਅਪ੍ਰੈਲ: ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਪ੍ਰਸ਼ਾਸਨ ਨੇ ਐਲਪੀਜੀ ਸਪਲਾਈ ਦੀ ਘਾਟ ਨਾ ਹੋਣ ਸਬੰਧੀ ਵੀ ਕਿਹਾ ਹੈ ਅਤੇ ਲੋਕਾਂ ਨੂੰ ਪੀਐਨਜੀ ਗੈਸ ਦੇ ਕਨੈਕਸ਼ਨ ਲੈਣ ਦੀ ਸਲਾਹ ਵੀ ਦਿੱਤੀ ਹੈ। ਇਸ ਸੰਬੰਧ ਵਿੱਚ ਮੁਕਤਸਰ ਪ੍ਰਸ਼ਾਸਨ ਨੇ ਜ਼ਿਲ੍ਹਾ ਲੋਕ ਸੰਪਰਕ ਦਫਤਰ ਰਾਹੀਂ ਇੱਕ ਪ੍ਰੈੱਸ ਬਿਆਨ ਜਾਰੀ ਕੀਤਾ ਹੈ ਜਿਸ ਅਨੁਸਾਰ ਭਾਰਤ ਸਰਕਾਰ ਵੱਲੋਂ ਐਲ.ਪੀ.ਜੀ. ਅਤੇ ਪੀ.ਐਨ.ਜੀ. ਗੈਸ ਸਬੰਧੀ ਵੀਡੀਓ ਕਾਨਫਰੰਸ ਰਾਂਹੀ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਮੁਕਤਸਰ ਸਾਹਿਬ ਸ਼੍ਰੀ ਡੈਵੀ ਗੋਇਲ ਦੀ ਅਗਵਾਈ ਵਿੱਚ ਜ਼ਿਲ੍ਹਾ ਖੁਰਾਕ ਸਪਲਾਈਜ ਕੰਟਰੋਲਰ ਸ੍ਰੀ ਮੁਕਤਸਰ ਸਾਹਿਬ, ਸ਼੍ਰੀ ਹਿਮਾਂਸ਼ੂ ਕੁੱਕੜ ਅਤੇ ਗੁਜਰਾਤ ਗੈਸ ਪੀ.ਐਨ.ਜੀ. ਕੰਪਨੀ ਦੇ ਤਕਨੀਕੀ ਹੈੱਡ ਸ੍ਰੀ ਧਨੰਜੇ ਵੱਲੋਂ ਮੀਟਿੰਗ ਵਿੱਚ ਸ਼ਮੂਲੀਅਤ ਕੀਤੀ ਗਈ।ਇਸ ਸਬੰਧ ਵਿੱਚ ਭਾਰਤ ਸਰਕਾਰ ਵੱਲੋਂ ਦੱਸਿਆ ਗਿਆ ਕਿ ਦੇਸ਼ ਵਿੱਚ ਘਰੇਲੂ ਗੈਸ ਦੀ ਕੋਈ ਵੀ ਕਮੀ ਨਹੀਂ ਹੈ ਅਤੇ ਦੇਸ਼ ਵਾਸੀਆਂ ਨੂੰ ਪੀ.ਐਨ.ਜੀ. ਗੈਸ ਪਾਈਪਲਾਈਨ ਦੇ ਵੱਧ ਤੋਂ ਵੱਧ ਕੁਨੈਕਸ਼ਨ ਲੈਣ ਦੀ ਅਪੀਲ ਕੀਤੀ ਗਈ ਅਤੇ ਪੀ.ਐਨ.ਜੀ. ਗੈਸ ਪਾਈਲਾਈਨ ਦੇ ਲਾਭ ਦੱਸੇ ਗਏ।
ਇਸ ਸਬੰਧੀ ਸ੍ਰੀ ਧਨੰਜੇ ਵੱਲੋਂ ਦੱਸਿਆ ਗਿਆ ਕਿ ਪੀ.ਐਨ.ਜੀ. ਗੈਸ ਦੀ ਕੀਮਤ ਐਲ.ਪੀ.ਜੀ. ਦੇ ਮੁਕਾਬਲੇ ਪ੍ਰਤੀ ਕਿਲੋ ਲਗਭਗ 59/- ਰੁਪਏ ਘੱਟ ਹੈ ਅਤੇ ਇਸ ਦੀ ਸਪਲਾਈ ਲਗਾਤਾਰ ਹੀ ਬਿਨ੍ਹਾਂ ਕਿਸੇ ਰੁਕਾਵਟ ਦੇ ਜਾਰੀ ਰਹਿੰਦੀ ਹੈ। ਇਸ ਦਾ ਬਿੱਲ ਇਸ ਦੀ ਖਪਤ ਕਰਨ ਉਪਰੰਤ ਹੀ ਆਉਂਦਾ ਹੈ। ਮੋਜੂਦਾ ਸਮੇ ਵਿੱਚ ਪੀ.ਐਨ.ਜੀ. ਸਪਲਾਈ ਵਰਦਾਨ ਸਾਬਤ ਹੋ ਰਹੀ ਹੈ। ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸ਼ਹਿਰ ਸ੍ਰੀ ਮੁਕਤਸਰ ਸਾਹਿਬ ਵਿੱਚ ਪੀ.ਐਨ.ਜੀ. ਗੈਸ ਪਾਈਪਲਾਈਨ ਦੇ ਕੁਨੈਕਸ਼ਨ ਚੱਲ ਰਹੇ ਹਨ, ਜਿਸ ਵਿੱਚ ਸ੍ਰੀ ਦਰਬਾਰ ਸਾਹਿਬ ਅਤੇ ਸੇਤੀਆ ਪੇਪਰ ਮਿੱਲ ਵਿੱਚ ਵੀ ਇਹਨਾਂ ਦੀ ਸਪਲਾਈ ਲਗਾਤਾਰ ਜਾਰੀ ਹੈ। ਜਿਲ੍ਹੇ ਵਿੱਚ ਪੀ.ਐਨ.ਜੀ. ਗੈਸ ਦੇ 1340 ਘਰੇਲੂ ਅਤੇ 6 ਕਮਰਸ਼ੀਅਲ ਕੁਨੈਕਸ਼ਨ ਚੱਲ ਰਹੇ ਹਨ। ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਡੈਵੀ ਗੋਇਲ ਵੱਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਵੱਧ ਤੋਂ ਵੱਧ ਪੀ.ਐਨ.ਜੀ. ਗੈਸ ਦੇ ਕੁਨੈਕਸ਼ਨ ਲਏ ਜਾਣ । ਸ਼੍ਰੀ ਮੁਕਤਸਰ ਸਾਹਿਬ ਸ਼ਹਿਰ ਵਿੱਚ ਪੀ.ਐਨ.ਜੀ. ਗੈਸ ਦੀ ਸਪਲਾਈ ਮਲੋਟ ਰੋਡ, ਕੋਟਕਪੂਰਾ ਰੋਡ, ਬਠਿੰਡਾ ਰੋਡ, ਗੋਨਿਆਣਾ ਚੋਂਕ ਅਤੇ ਸ੍ਰੀ ਦਰਬਾਰ ਸਾਹਿਬ ਦੇ ਆਸ-ਪਾਸ ਦੇ ਏਰੀਏ ਵਿੱਚ ਚੱਲ ਰਹੀ ਹੈ।
Click to Follow Babushahi Facebook page →