ਪੁਲ ’ਤੇ ਰੇਲਿੰਗ ਨਾ ਲੱਗਣ ਕਾਰਨ ਰੋਜ਼ਾਨਾ ਹੋ ਰਹੇ ਨੇ ਹਾਦਸੇ
ਮੰਤਰੀ ਦੇ ਸਖ਼ਤ ਹੁਕਮਾਂ ਨੂੰ ਵੀ ਅਫ਼ਸਰਾਂ ਨੇ ਜਾਨੀਆ ਟਿੱਚ
ਕਾਗਜ਼ੀ ਕਾਰਵਾਈ ’ਚ ਫਸਿਆ ਰੇਲਿੰਗ ਦਾ ਕੰਮ
ਜਗਰਾਉਂ, (ਦੀਪਕ ਜੈਨ)
ਝਾਂਸੀ ਰਾਣੀ ਚੌਂਕ ਨੇੜੇ ਸਥਿਤ ਰੇਲਵੇ ਪੁਲ ਦੀ ਸੁਰੱਖਿਆ ਰੇਲਿੰਗ ਦਾ ਮਾਮਲਾ ਹੁਣ ਦਿਨੋਂ-ਦਿਨ ਗੰਭੀਰ ਹੁੰਦਾ ਜਾ ਰਿਹਾ ਹੈ। ਕਰੀਬ ਚਾਰ ਮਹੀਨੇ ਪਹਿਲਾਂ ਹਟਾਈ ਗਈ ਰੇਲਿੰਗ ਅਜੇ ਤੱਕ ਮੁੜ ਨਾ ਲੱਗਣ ਕਾਰਨ ਪੁਲ ਤੋਂ ਲੰਘਣ ਵਾਲੇ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ’ਤੇ ਵੱਡਾ ਸਵਾਲੀਆ ਨਿਸ਼ਾਨ ਖੜ੍ਹਾ ਹੋ ਗਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਰੇਲਿੰਗ ਨਾ ਹੋਣ ਕਾਰਨ ਰੋਜ਼ਾਨਾ ਹਾਦਸੇ ਹੋ ਰਹੇ ਹਨ ਅਤੇ ਪ੍ਰਸ਼ਾਸਨ ਕਿਸੇ ਵੱਡੀ ਘਟਨਾ ਦੀ ਉਡੀਕ ਕਰਦਾ ਨਜ਼ਰ ਆ ਰਿਹਾ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਰੇਲਿੰਗ ਲਗਾਉਣ ਲਈ ਲੋੜੀਂਦਾ ਸਮਾਨ ਵੀ ਮੌਜੂਦ ਹੋਣ ਦੀ ਗੱਲ ਸਾਹਮਣੇ ਆ ਚੁੱਕੀ ਹੈ। ਇਸ ਦੇ ਬਾਵਜੂਦ ਕੰਮ ਮਹੀਨਿਆਂ ਤੋਂ ਲਟਕਦਾ ਰਿਹਾ। ਹੁਣ ਸਵਾਲ ਇਹ ਹੈ ਕਿ ਜਦੋਂ ਸਮਾਨ ਮੌਜੂਦ ਹੈ ਤਾਂ ਫਿਰ ਰੇਲਿੰਗ ਲਗਾਉਣ ਵਿੱਚ ਰੁਕਾਵਟ ਕਿੱਥੇ ਹੈ ਅਤੇ ਇਸ ਦੇਰੀ ਲਈ ਜ਼ਿੰਮੇਵਾਰ ਕੌਣ ਹੈ ਪ੍ਰਸ਼ਾਸਨ ਨੂੰ ਇਸ ਦਾ ਜਵਾਬ ਜਨਤਾ ਸਾਹਮਣੇ ਦੇਣਾ ਚਾਹੀਦਾ ਹੈ। ਪਿਛਲੇ ਦਿਨੀਂ ਜਦੋਂ ਪੀ.ਡਬਲਯੂ.ਡੀ. ਦੇ ਅਧਿਕਾਰੀ ਰੇਲਿੰਗ ਲਗਾਉਣ ਲਈ ਮੌਕੇ ’ਤੇ ਪਹੁੰਚੇ ਤਾਂ ਮਾਮਲਾ ਹੋਰ ਵੀ ਵਿਵਾਦਤ ਹੋ ਗਿਆ। ਦੋ ਦੁਕਾਨਦਾਰਾਂ ਵੱਲੋਂ ਆਪਣੇ ਨਿੱਜੀ ਹਿਤਾਂ ਲਈ ਸਰਕਾਰੀ ਕੰਮ ਵਿੱਚ ਵਿਘਨ ਪਾਉਣ ਅਤੇ ਬਾਹਰੋਂ ਕੁਝ ਲੋਕਾਂ ਨੂੰ ਬੁਲਾ ਕੇ ਧਰਨਾ ਲਗਵਾਉਣ ਦੇ ਦੋਸ਼ ਲੱਗੇ, ਜਿਸ ਕਾਰਨ ਰੇਲਿੰਗ ਲਗਾਉਣ ਦਾ ਕੰਮ ਰੁਕ ਗਿਆ। ਇੱਕ ਪਾਸੇ ਲੋਕ ਪੁਲ ’ਤੇ ਸੁਰੱਖਿਆ ਰੇਲਿੰਗ ਦੀ ਮੰਗ ਕਰ ਰਹੇ ਹਨ, ਦੂਜੇ ਪਾਸੇ ਕੰਮ ਸ਼ੁਰੂ ਹੁੰਦੇ ਹੀ ਉਸ ਨੂੰ ਰੋਕ ਦਿੱਤਾ ਗਿਆ, ਜਿਸ ਨਾਲ ਲੋਕਾਂ ਵਿੱਚ ਰੋਸ ਹੋਰ ਵਧ ਗਿਆ ਹੈ।
ਮੰਤਰੀ ਦੇ ਸਖ਼ਤ ਹੁਕਮ, ਪਰ ਜ਼ਮੀਨੀ ਪੱਧਰ ’ਤੇ ਕੰਮ ਫਿਰ ਵੀ ਠੱਪ!
ਇਸ ਗੰਭੀਰ ਮਾਮਲੇ ਸਬੰਧੀ ਜਦੋਂ ਪੰਜਾਬ ਦੇ ਪੀ.ਡਬਲਯੂ.ਡੀ. ਮੰਤਰੀ ਹਰਭਜਨ ਸਿੰਘ ਈ.ਟੀ.ਓ. ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਸਖ਼ਤ ਰੁਖ ਅਪਣਾਉਂਦਿਆਂ ਸਪੱਸ਼ਟ ਕੀਤਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ ਅਤੇ ਝਾਂਸੀ ਰਾਣੀ ਚੌਂਕ ਨੇੜੇ ਰੇਲਵੇ ਪੁਲ ਦੀ ਸੁਰੱਖਿਆ ਰੇਲਿੰਗ ਹਰ ਹਾਲਤ ਵਿੱਚ ਲਗਵਾਈ ਜਾਵੇਗੀ।
ਮੰਤਰੀ ਵੱਲੋਂ ਅਧਿਕਾਰੀਆਂ ਨੂੰ ਤੁਰੰਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਜਾਣ ਦੇ ਬਾਵਜੂਦ ਹੁਣ ਮਾਮਲਾ ਮੁੜ ਕਾਗਜ਼ੀ ਕਾਰਵਾਈ ਵਿੱਚ ਫਸਿਆ ਦਿਖਾਈ ਦੇ ਰਿਹਾ ਹੈ। ਅਧਿਕਾਰੀ ਪੁਲਿਸ ਸਹਾਇਤਾ ਲੈਣ ਲਈ ਕਾਗਜ਼ੀ ਕਾਰਵਾਈ ਪੂਰੀ ਕਰਨ ਵਿੱਚ ਲੱਗੇ ਹੋਏ ਹਨ।
ਲੋਕਾਂ ਦਾ ਸਿੱਧਾ ਸਵਾਲ—ਹੋਰ ਕਿੰਨੀ ਕਾਗਜ਼ੀ ਕਾਰਵਾਈ?
ਲੋਕਾਂ ਦਾ ਸਵਾਲ ਹੈ ਕਿ ਜਦੋਂ ਮੰਤਰੀ ਵੱਲੋਂ ਸਪੱਸ਼ਟ ਹੁਕਮ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਮਾਮਲਾ ਲੋਕਾਂ ਦੀ ਸੁਰੱਖਿਆ ਨਾਲ ਸਿੱਧਾ ਜੁੜਿਆ ਹੋਇਆ ਹੈ ਤਾਂ ਫਿਰ ਕਾਰਵਾਈ ਵਿੱਚ ਇੰਨੀ ਦੇਰੀ ਕਿਉਂ? ਕੀ ਅਧਿਕਾਰੀ ਕਿਸੇ ਵੱਡੇ ਹਾਦਸੇ ਤੋਂ ਬਾਅਦ ਹੀ ਜਾਗਣਗੇ?
ਰੇਲਿੰਗ ਦਾ ਮਾਮਲਾ ਹੁਣ ਸਿਰਫ਼ ਇੱਕ ਨਿਰਮਾਣ ਕਾਰਜ ਨਹੀਂ ਰਿਹਾ, ਸਗੋਂ ਇਹ ਲੋਕਾਂ ਦੀ ਸੁਰੱਖਿਆ ਨਾਲ ਜੁੜਿਆ ਗੰਭੀਰ ਮੁੱਦਾ ਬਣ ਚੁੱਕਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਕਾਗਜ਼ੀ ਕਾਰਵਾਈ ਤੋਂ ਬਾਹਰ ਨਿਕਲ ਕੇ ਕਦੋਂ ਮੌਕੇ ’ਤੇ ਕੰਮ ਸ਼ੁਰੂ ਕਰਵਾਉਂਦਾ ਹੈ ਅਤੇ ਲੋਕਾਂ ਨੂੰ ਇਸ ਹਾਦਸਿਆਂ ਕਦੋਂ ਰਾਹਤ ਮਿਲਦੀ ਹੈ।
- Download Babushahi App
-
-