ਨੌਕਰੀ ਲੱਭਣ ਵਾਲੇ ਬਣਨ ਦੀ ਬਜਾਏ ਨੌਕਰੀ ਦੇਣ ਵਾਲੇ ਬਣਨ ਵਿਦਿਆਰਥੀ: ਪ੍ਰੋ. ਜਸਵਿੰਦਰ ਸਿੰਘ ਬਰਾੜ
ਪੰਜਾਬੀ ਯੂਨੀਵਰਸਿਟੀ ਵਿਖੇ ਮੱਛੀ ਪਾਲਣ ਅਤੇ ਉੱਦਮ ਵਿਕਾਸ ਬਾਰੇ ਪੰਜ ਰੋਜ਼ਾ ਸਿਖਲਾਈ ਵਰਕਸ਼ਾਪ ਸੰਪੰਨ
ਪਟਿਆਲਾ, 7 ਫਰਵਰੀ 2026- ਪੰਜਾਬੀ ਯੂਨੀਵਰਸਿਟੀ ਵਿਖੇ ਮੱਛੀ ਪਾਲਣ ਅਤੇ ਉੱਦਮ ਵਿਕਾਸ ਬਾਰੇ ਕਰਵਾਈ ਗਈ ਪੰਜ ਰੋਜ਼ਾ ਸਿਖਲਾਈ ਵਰਕਸ਼ਾਪ ਸਫਲਤਾਪੂਰਵਕ ਸੰਪੰਨ ਹੋ ਗਈ। ਯੂਨੀਵਰਸਿਟੀ ਦੇ ਪ੍ਰਾਣੀ ਵਿਗਿਆਨ ਅਤੇ ਵਾਤਾਵਰਣ ਵਿਗਿਆਨ ਵਿਭਾਗ ਵੱਲੋਂ 'ਐਂਟਰਪ੍ਰੀਨਿਓਰਸ਼ਿਪ, ਇਨੋਵੇਸ਼ਨ ਐਂਡ ਕਰੀਅਰ ਹੱਬ' (ਏ. ਆਈ. ਸੀ. ਐੱਚ.) ਦੇ ਸਹਿਯੋਗ ਨਾਲ਼ 'ਪ੍ਰੋਫੈਸ਼ਨਲ ਟ੍ਰੇਨਿੰਗ ਪ੍ਰੋਗਰਾਮ ਇਨ ਫਿਸ਼ ਐਂਡ ਫਿਸ਼ਰੀਜ਼ ਫਾਰ ਐਂਟਰਪ੍ਰਾਈਜ਼ ਡਿਵੈਲਪਮੈਂਟ' ਸਿਰਲੇਖ ਤਹਿਤ ਕਰਵਾਈ ਇਸ ਵਰਕਸ਼ਾਪ ਦੇ ਸਮਾਪਤੀ ਸਮਾਰੋਹ ਦੌਰਾਨ ਡੀਨ ਅਕਾਦਮਿਕ ਮਾਮਲੇ ਪ੍ਰੋ. ਜਸਵਿੰਦਰ ਸਿੰਘ ਬਰਾੜ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਪ੍ਰੋ. ਜਸਵਿੰਦਰ ਸਿੰਘ ਬਰਾੜ ਨੇ ਆਪਣੇ ਭਾਸ਼ਣ ਦੌਰਾਨ ਵਿਦਿਆਰਥੀਆਂ ਨੂੰ ਨੌਕਰੀ ਲੱਭਣ ਵਾਲੇ ਬਣਨ ਦੀ ਬਜਾਏ ਨੌਕਰੀ ਦੇਣ ਵਾਲੇ ਬਣਨ ਲਈ ਪ੍ਰੇਰਿਤ ਕੀਤਾ। ਵਰਕਸ਼ਾਪ ਦੇ ਵਿਸ਼ੇ ਸਬੰਧੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਵਿਗਿਆਨਕ ਅਤੇ ਤਕਨੀਕੀ ਪੱਖ ਤੋਂ ਸਮਰੱਥ ਹੋਣਾ ਕਿਸੇ ਵੀ ਪੇਸ਼ੇ ਦੀ ਸਫਲਤਾ ਦਰ ਨੂੰ ਬਹੁਤ ਵਧਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਇਸ ਪੱਖੋਂ ਜਨਤਕ ਅਦਾਰਿਆਂ ਨੂੰ ਅੱਗੇ ਆ ਕੇ ਅਜਿਹੇ ਸਿਖਲਾਈ ਪ੍ਰੋਗਰਾਮ ਕਰਨੇ ਚਾਹੀਦੇ ਹਨ ਤਾਂ ਜੋ ਖੇਤੀਬਾੜੀ ਅਧਾਰਿਤ ਆਰਥਿਕਤਾ ਵਾਲ਼ੇ ਸਾਡੇ ਸੂਬੇ ਵਿੱਚ ਮੱਛੀ ਪਾਲਣ ਜਿਹੇ ਸਹਾਇਕ ਧੰਦੇ ਹੋਰ ਪ੍ਰਫੁੱਲਤ ਹੋ ਸਕਣ ਅਤੇ ਸੂਬੇ ਦੀ ਆਰਥਿਕਤਾ ਨੂੰ ਹੋਰ ਹੁਲਾਰਾ ਮਿਲ ਸਕੇ।
ਵਰਕਸ਼ਾਪ ਕਨਵੀਨਰ ਅਤੇ ਵਿਭਾਗ ਮੁਖੀ ਡਾ. ਉਂਕਾਰ ਸਿੰਘ ਬੜੈਚ ਨੇ ਦੱਸਿਆ ਕਿ ਵਰਕਸ਼ਾਪ ਵਿੱਚ ਵੱਖ-ਵੱਖ ਯੂਨੀਵਰਸਿਟੀਆਂ ਦੇ ਲਗਭਗ 50 ਪ੍ਰਤੀਭਾਗੀਆਂ ਨੇ ਹਿੱਸਾ ਲਿਆ। ਉਨ੍ਹਾਂ ਦੱਸਿਆ ਕਿ ਵਰਕਸ਼ਾਪ ਦੌਰਾਨ ਪ੍ਰਤੀਭਾਗੀਆਂ ਨੂੰ ਨੇੜਲੇ ਮੱਛੀ ਫਾਰਮਾਂ ਦਾ ਦੌਰਾ ਵੀ ਕਰਵਾਇਆ ਗਿਆ ਤਾਂ ਜੋ ਉਹ ਜਮੀਨੀ ਪੱਧਰ 'ਤੇ ਜਾਣਕਾਰੀ ਹਾਸਲ ਕਰ ਸਕਣ।
ਏ. ਆਈ. ਸੀ. ਐੱਚ. ਡਾਇਰੈਕਟਰ ਪ੍ਰੋ. ਹਿਮੇਂਦਰ ਭਾਰਤੀ ਨੇ ਆਪਣੇ ਵਿਸ਼ੇਸ਼ ਸ਼ਬਦਾਂ ਵਿੱਚ ਕਿਹਾ ਕਿ ਮੱਛੀ ਪਾਲਣ ਵਿੱਚ ਉੱਦਮਤਾ ਸਿਰਫ਼ ਆਰਥਿਕ ਲਾਭ ਲਈ ਨਹੀਂ, ਸਗੋਂ ਸਮਾਜਿਕ ਸ਼ਮੂਲੀਅਤ ਅਤੇ ਔਰਤਾਂ ਤੇ ਨੌਜਵਾਨਾਂ ਦੇ ਸ਼ਕਤੀਕਰਨ ਪੱਖੋਂ ਵੀ ਅਹਿਮ ਹੈ। ਅੰਤ ਵਿੱਚ ਡਾ. ਮਧੂ ਬਾਲਾ ਨੇ ਸਾਰਿਆਂ ਦਾ ਧੰਨਵਾਦ ਕੀਤਾ।
ਜ਼ਿਕਰਯੋਗ ਹੈ ਕਿ ਵਰਕਸ਼ਾਪ ਦੀ ਸ਼ੁਰੂਆਤ ਸਮੇਂ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਕੀਤੀ ਗਈ ਸੀ ਜਿਸ ਦੌਰਾਨ ਪੰਜਾਬ ਸਰਕਾਰ ਤੋਂ ਵਾਰਡਨ ਫਿਸ਼ਰੀਜ਼ ਡਾਇਰੈਕਟਰ ਸ. ਕਰਮਜੀਤ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ ਸਨ। ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਮੁੱਖ ਵਿਗਿਆਨੀ ਡਾ. ਵਿਨੀਤ ਇੰਦਰ ਕੌਰ ਨੇ ਮੁੱਖ-ਸੁਰ ਭਾਸ਼ਣ ਦਿੱਤਾ ਸੀ।