ਨਸ਼ਾ ਮੁਕਤ ਮੁਹਿੰਮ ਦਾ ਸੱਚ ਪਿੰਡ ਭਾਈ ਬਖਤੌਰ ਨੇ ਪਰਤੱਖ ਕੀਤਾ - ਕਾਮਰੇਡ ਸੁਖਵਿੰਦਰ ਸਿੰਘ ਸੇਖੋਂ
ਅਸ਼ੋਕ ਵਰਮਾ
ਬਠਿੰਡਾ, 4 ਜੂਨ 2025:ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਵਾਅਦਾ ਤੇ ਦਾਅਵਾ ਕਰਨ ਵਾਲੀ ਮੁੱਖ ਮੰਤਰੀ ਦੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਦਾ ਅਸਲ ਸੱਚ ਜਿਲ੍ਹਾ ਬਠਿੰਡਾ ਦੇ ਪਿੰਡ ਭਾਈ ਬਖਤੌਰ ਨੇ ਸਾਹਮਣੇ ਲਿਆਂਦਾ ਹੈ। ਇਹ ਵਿਚਾਰ ਪ੍ਰਗਟ ਕਰਦਿਆਂ ਸੀ ਪੀ ਆਈ ਐੱਮ ਪੰਜਾਬ ਦੇ ਸਕੱਤਰ ਕਾ: ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਸਰਕਾਰ ਤੇ ਪੁਲਿਸ ਇਸ ਸੱਚ ਨੂੰ ਦਬਾਉਣ ਲਈ ਹਰ ਸੰਭਵ ਯਤਨ ਕਰ ਰਹੀਆਂ ਹਨ, ਜਿਸ ਸਦਕਾ ਪੰਜਾਬ ਦੇ ਲੋਕਾਂ ਵਿੱਚ ਨਿਰਾਸ਼ਤਾ ਫੈਲ ਰਹੀ ਹੈ। ਇਸ ਪਿੰਡ ਦੇ ਕੁੱਝ ਸਮਾਜ ਸੇਵਕਾਂ ਵੱਲੋਂ ਨਸ਼ੇ ਰੋਕਣ ਲਈ ਪਿੰਡ ਵਿੱਚ ਯਤਨ ਅਰੰਭੇ ਗਏ, ਪਰ ਸਬੰਧਤ ਥਾਣਾ ਕੋਟਫੱਤਾ ਦੇ ਮੁਖੀ ਵੱਲੋਂ ਇਹਨਾਂ ਸਮਾਜ ਸੇਵਕਾਂ ਨੂੰ ਡਰਾਵੇ ਤੇ ਧਮਕੀਆਂ ਦੇਣੀਆਂ ਸੁਰੂ ਕਰ ਦਿੱਤੀਆਂ ਗਈਆਂ।
ਉਹਨਾਂ ਕਿਹਾ ਕਿ ਪਿੰਡ ਦੇ ਇੱਕ ਸਾਬਕਾ ਫੌਜੀ ਰਣਬੀਰ ਸਿੰਘ ਦੀਆਂ ਨਸ਼ਾ ਵੇਚਣ ਵਾਲਿਆਂ ਨੇ ਲੱਤਾਂ ਤੋੜ ਦਿੱਤੀਆਂ, ਉਹ ਹਸਪਤਾਲ ਵਿੱਚ ਇਲਾਜ ਅਧੀਨ ਹੈ। ਪੁਲਿਸ ਨਸ਼ਾ ਤਸ਼ਕਰਾਂ ਦਾ ਪੱਖ ਪੂਰ ਰਹੀ ਸੀ। ਆਖ਼ਰ ਪਿੰਡ ਦੇ ਇੱਕ ਨੌਜਵਾਨ ਨੇ ਇਸ ਦੁੱਖ ਚੋਂ ਨਿਕਲਣ ਲਈ ਰੋਸ਼ ਪ੍ਰਗਟ ਕਰਦਿਆਂ ਪਿੰਡ ਵਿੱਚ ‘‘ਸਾਡਾ ਪਿੰਡ ਵਿਕਾਊ ਹੈ’’ ਦੇ ਪੋਸਟਰ ਲਾ ਦਿੱਤੇ। ਸਬੰਧਤ ਪੁਲਿਸ ਨੇ ਨਸ਼ਾ ਵੇਚਣ ਵਾਲਿਆਂ ਨੂੰ ਤਾਂ ਹੱਥ ਨਾ ਪਾਇਆ, ਬਲਕਿ ਪੋਸਟਰ ਲਾਉਣ ਵਾਲੇ ਨੌਜਵਾਨ ਲਖਵੀਰ ਸਿੰਘ ਉਰਫ ਲੱਖਾ ਨੂੰ ਧਮਕੀਆਂ ਦੇਣੀਆਂ ਸੁਰੂ ਕਰ ਦਿੱਤੀਆਂ ਕਿ ਤੇਰੇ ਖਿਲਾਫ ਅਫ਼ਵਾਹਾਂ ਫੈਲਾਉਣ ਦਾ ਪਰਚਾ ਦਰਜ ਕਰਾਂਗੇ। ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਥਾਨਾ ਮੁਖੀ ਲੋਕਾਂ ਤੇ ਇਹ ਦਬਾਅ ਪਾ ਰਿਹਾ ਸੀ ਕਿ ਤੁਸੀਂ ਇਹ ਬਿਆਨ ਦਿਓ ਕਿ ‘‘ਸਾਡੇ ਪਿੰਡ ਵਿੱਚ ਤਾਂ ਨਸ਼ਾ ਵਿਕਦਾ ਹੀ ਨਹੀਂ।’’
ਉਹਨਾਂ ਕਿਹਾ ਕਿ ਪਿੰਡ ਦੇ ਬਜੁਰਗਾਂ, ਔਰਤਾਂ, ਨੌਜਵਾਨਾਂ ਨੇ ਡਟ ਕੇ ਕੈਮਰੇ ਮੂਹਰੇ ਬਿਆਨ ਦਰਜ ਕਰਵਾਏ ਕਿ ਪਿੰਡ ਵਿੱਚ ਬਹੁਤ ਜਿਆਦਾ ਨਸ਼ਾ ਵਿਕਦਾ ਹੈ, ਧੀਆਂ ਭੈਣਾਂ ਸੁਰੱਖਿਅਤ ਨਹੀਂ ਹਨ, ਪੁਲਿਸ ਦੀ ਮਿਲੀਭੁਗਤ ਨਾਲ ਹੀ ਨਸ਼ਾ ਵਿਕ ਰਿਹਾ ਹੈ।ਕਾ: ਸੇਖੋਂ ਨੇ ਕਿਹਾ ਕਿ ਪੁਲਿਸ ਦੀ ਇਹ ਕਾਰਵਾਈ ਮਗਰਮੱਛ ਦੇ ਹੰਝੂ ਪੂੰਝਣ ਵਾਲੀ ਹੈ। ਲਾਈਨ ਹਾਜਰ ਕਰਨਾ ਕੋਈ ਸਜਾ ਨਹੀਂ। ਇੱਥੇ ਹੀ ਬੱਸ ਨਹੀਂ ਮੁੱਖ ਮੰਤਰੀ ਭਗਵੰਤ ਮਾਨ ਵੀ ਮੀਡੀਆ ’ਚ ਬਿਆਨ ਦੇ ਰਹੇ ਹਨ ਕਿ ਜੇ ਪਿੰਡ ਵਿਕਾਊ ਦਾ ਪੋਸਟਰ ਲੱਗ ਗਿਆ ਤਾਂ ਕੀ ਹੋ ਗਿਆ। ਕੀ ਇਹ ਬਿਆਨ ਨਸ਼ਾ ਰੋਕਣ ਵਾਲਿਆਂ ਦੇ ਹੱਕ ਵਿੱਚ ਹੈ ਜਾਂ ਨਸ਼ਾ ਤਸਕਰਾਂ ਦੀ ਪੁਸਤ ਪਨਾਹੀ ਕਰਦਾ ਹੈ? ਕਾ: ਸੇਖੋਂ ਨੇ ਕਿਹਾ ਕਿ ਸਰਕਾਰ ‘ਯੁੱਧ ਨਸ਼ਿਆਂ ਵਿਰੁੱਧ’ ਦੀ ਸਫਲਤਾ ਦਾ ਪ੍ਰਚਾਰ ਕਰ ਰਹੀ ਹੈ, ਪਰ ਅਸਲ ਸੱਚ ਕੀ ਹੈ? ਇਹ ਭਾਈ ਬਖਤੌਰ ਦੇ ਲੋਕਾਂ ਨੇ ਪਰਤੱਖ ਕਰ ਦਿੱਤਾ ਹੈ।