ਨਜਾਇਜ਼ ਸ਼ਰਾਬ ਵਿਰੁੱਧ ਆਬਕਾਰੀ ਵਿਭਾਗ ਪਟਿਆਲਾ ਵੱਲੋਂ ਥਾਂ-ਥਾਂ ਛਾਪਾਮਾਰੀ ਕਰਕੇ ਵੱਡੀਆਂ ਕਾਰਵਾਈਆਂ ਜਾਰੀ
- ਸ਼ੱਕੀ ਥਾਵਾਂ ਉਤੇ ਛਾਪੇ, 150 ਲੀਟਰ ਲਾਹਨ, 35 ਲੀਟਰ ਘਰ ਦੀ ਕੱਢੀ ਨਜਾਇਜ ਸ਼ਰਾਬ ਤੇ ਹੋਰ ਸਮਾਨ ਬਰਾਮਦ
- ਲਾਹਨ, ਘਰ ਦੀ ਕੱਢੀ, ਕੱਚੀ ਜਾਂ ਰੂੜੀਮਾਰਕਾ ਤੇ ਨਕਲੀ ਸ਼ਰਾਬ ਲੋਕਾਂ ਦੀ ਸਿਹਤ ਲਈ ਹਾਨੀਕਾਰਕ- ਤਰਸੇਮ ਚੰਦ
ਪਟਿਆਲਾ, 25 ਮਈ 2025 - ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਆਬਕਾਰੀ ਵਿਭਾਗ ਪਟਿਆਲਾ ਵੱਲੋਂ ਹਰ ਰੋਜ ਥਾਂ-ਥਾਂ ਉਤੇ ਛਾਪੇਮਾਰੀ ਕਰਕੇ ਲਾਹਨ, ਘਰ ਦੀ ਕੱਢੀ, ਕੱਚੀ ਜਾਂ ਰੂੜੀਮਾਰਕਾ ਸ਼ਰਾਬ ਤੇ ਨਕਲੀ ਸ਼ਰਾਬ ਦੇ ਖਿਲਾਫ ਮੋਰਚਾ ਵਿੱਢਿਆ ਗਿਆ ਹੈ। ਇਸ ਮੁਹਿੰਮ ਤਹਿਤ ਪਿੰਡ ਸ਼ੰਕਰਪੁਰ ਵਿੱਚ ਕਈ ਘਰਾਂ ਵਿੱਚ ਅਤੇ ਸ਼ੱਕੀ ਥਾਵਾਂ ਉਤੇ ਛਾਪੇ ਮਾਰੇ ਗਏ, ਅਤੇ 150 ਲੀਟਰ ਲਾਹਨ, 35 ਲੀਟਰ ਘਰ ਦੀ ਕੱਢੀ ਨਜਾਇਜ ਸ਼ਰਾਬ ਅਤੇ ਹੋਰ ਸਮਾਨ ਬਰਾਮਦ ਕੀਤਾ ਗਿਆ।
ਇਸ ਬਾਰੇ ਜਾਣਕਾਰੀ ਦਿੰਦਿਆਂ ਉਪ ਕਮਿਸ਼ਨਰ (ਆਬਕਾਰੀ) ਪਟਿਆਲਾ ਜੋਨ ਤਰਸੇਮ ਚੰਦ ਨੇ ਦੱਸਿਆ ਕਿ ਆਬਕਾਰੀ ਕਮਿਸ਼ਨਰ ਪੰਜਾਬ ਜਤਿੰਦਰ ਜੋਰਵਾਲ ਦੀ ਰਹਿਨੁਮਾਈ ਹੇਠ ਆਬਕਾਰੀ ਵਿਭਾਗ ਤੇ ਆਬਕਾਰੀ ਪੁਲਿਸ ਵੱਲੋਂ ਜ਼ਿਲ੍ਹਾ ਪੁਲਿਸ ਨਾਲ ਮਿਲਕੇ ਲਗਾਤਾਰ ਛਾਪੇਮਾਰੀ ਕੀਤ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਲਾਹਨ, ਘਰ ਦੀ ਕੱਢੀ, ਕੱਚੀ ਜਾਂ ਰੂੜੀਮਾਰਕਾ ਤੇ ਨਕਲੀ ਸ਼ਰਾਬ ਲੋਕਾਂ ਦੀ ਸਿਹਤ ਲਈ ਹਾਨੀਕਾਰਕ ਹੁੰਦੀ ਹੈ ਜਿਸ ਕਰਕੇ ਲੋਕ ਇਸ ਤੋਂ ਬਚਣ।
ਇਸ ਦੌਰਾਨ ਸਹਾਇਕ ਕਮਿਸ਼ਨਰ (ਆਬਕਾਰੀ) ਪਟਿਆਲਾ ਅਸ਼ੋਕ ਚਲੋਤਰਾ ਦੇ ਦਿਸ਼ਾ-ਨਿਰਦੇਸ਼ਾਂ ਇਹ ਕਾਰਵਾਈ ਕਰਦਿਆਂ ਈਟੀਓ ਰੁਪਿੰਦਰਜੀਤ ਸਿੰਘ ਨੇ ਦੱਸਿਆ ਕਿ ਨਜਾਇਜ਼ ਸ਼ਰਾਬ ਵਿਰੁੱਧ ਆਬਕਾਰੀ ਵਿਭਾਗ ਪਟਿਆਲਾ ਵੱਲੋਂ ਥਾਂ-ਥਾਂ ਛਾਪਾਮਾਰੀ ਕਰਕੇ ਵੱਡੀਆਂ ਕਾਰਵਾਈਆਂ ਜਾਰੀ ਰਹਿਣਗੀਆਂ।