ਤਿੰਨ ਰੋਜ਼ਾ ਤਬਲੀਗੀ ਇਜ਼ਤਮਾ ਦੀ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਦੀ ਦੁਆ ਨਾਲ ਹੋਈ ਸਮਾਪਤੀ
ਇਸਤਮਾਂ ਦੇ ਆਖਰੀ ਦਿਨ ਦੁਆ ਵਿੱਚ ਸ਼ਾਮਲ ਹੋਣ ਲਈ ਉਮੜਿਆ ਹਜ਼ਾਰਾਂ ਲੋਕਾਂ ਦਾ ਸੈਲਾਬ
ਹਜ਼ਰਤ ਮੁਹੰਮਦ ਸਾਹਿਬ (ਸੱਲ.) ਦੀ ਜ਼ਿੰਦਗੀ ਸਮੁੱਚੀ ਮਨੁੱਖਤਾ ਲਈ ਨਮੂਨਾ ਹੈ, ਇਸ ਤੋਂ ਬਿਨਾਂ ਕਿਸੇ ਵੀ ਮਨੁੱਖ ਦੀ ਕਾਮਯਾਬੀ ਸੰਭਵ ਨਹੀਂ : ਮੁਫਤੀ ਮੌਲਾਨਾ ਮੁਹੰਮਦ ਅਮਜ਼ਦ ਮਸਾਹਿਬ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ, 9 ਨਵੰਬਰ 2026: ਪੰਜਾਬ ਦੇ ਇਤਿਹਾਸਕ ਅਤੇ ਮੁਸਲਿਮ ਬਹੁਗਿਣਤੀ ਵਾਲੇ ਸ਼ਹਿਰ ਮਾਲੇਰਕੋਟਲਾ ਵਿਖੇ ਲੁਧਿਆਣਾ ਰੋਡ ਸਥਿਤ ਮਰਕਜ਼ ਮਦਨੀ ਮਸਜਿਦ ਵਿਖੇ ਤਿੰਨ ਦਿਨ ਚੱਲਿਆ ਤਬਲੀਗੀ ਜਮਾਤ ਦਾ ਵਿਸ਼ਾਲ ਧਾਰਮਿਕ ਸੰਮੇਲਨ (ਤਬਲੀਗੀ ਇਜਤਮਾ) ਆਖਰੀ ਦਿਨ ਦੇਰ ਸ਼ਾਮ ਦੇਸ਼ ਅਤੇ ਦੁਨੀਆਂ ਵਿੱਚ ਅਮਨ-ਸ਼ਾਂਤੀ ਕਾਇਮ ਰਹਿਣ, ਆਪਸੀ ਭਾਈਚਾਰਕ ਸਾਂਝ ਮਜ਼ਬੂਤ ਹੋਣ ਅਤੇ ਸਮੁੱਚੀ ਮਨੁੱਖਤਾ ਦੀ ਭਲਾਈ ਲਈ ਕੀਤੀ ਗਈ ਵਿਸ਼ੇਸ਼ ਦੁਆ ਨਾਲ ਸ਼ਾਨਦਾਰ ਢੰਗ ਨਾਲ ਸੰਪੰਨ ਹੋ ਗਿਆ। ਇਜਤਮਾ ਦੇ ਅੰਤਿਮ ਪੜਾਅ ਮੌਕੇ ਦੁਆ ਵਿੱਚ ਸ਼ਾਮਲ ਹੋਣ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਦਾ ਸੈਲਾਬ ਉਮੜਿਆ। ਇਸ ਮੌਕੇ ਮੁਸਲਿਮ ਭਾਈਚਾਰੇ ਦੇ ਨਾਲ-ਨਾਲ ਹਿੰਦੂ ਅਤੇ ਸਿੱਖ ਭਾਈਚਾਰੇ ਦੇ ਲੋਕਾਂ ਦੀ ਸ਼ਮੂਲੀਅਤ ਨੇ ਮਾਲੇਰਕੋਟਲਾ ਦੀ ਸਦੀਆਂ ਪੁਰਾਣੀ ਭਾਈਚਾਰਕ ਸਾਂਝ ਦੀ ਮਿਸਾਲ ਨੂੰ ਹੋਰ ਮਜ਼ਬੂਤ ਕੀਤਾ।
ਇਜਤਮਾ ਦੀ ਆਖਰੀ ਰਾਤ ਦੀ ਮਜਲਿਸ ਨੂੰ ਸੰਬੋਧਨ ਕਰਦਿਆਂ ਤਬਲੀਗੀ ਜਮਾਤ ਦੇ ਮਰਕਜ਼ ਨਿਜ਼ਾਮੂਦੀਨ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਮੌਲਾਨਾ ਮੁਹੰਮਦ ਹਾਰੂਨ ਸਾਹਿਬ ਨੇ ਕਿਹਾ ਕਿ ਤਬਲੀਗੀ ਜਮਾਤ ਵੱਲੋਂ ਦੁਨੀਆਂ ਦੇ ਚੱਪੇ-ਚੱਪੇ ਵਿੱਚ ਧਾਰਮਿਕ ਜਮਾਤਾਂ ਭੇਜ ਕੇ ਲੋਕਾਂ ਨੂੰ ਅੱਲ੍ਹਾ ਦੇ ਹੁਕਮਾਂ ਅਨੁਸਾਰ ਜ਼ਿੰਦਗੀ ਗੁਜ਼ਾਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਜਮਾਤਾਂ ਵਿੱਚ ਜਾਣ ਵਾਲੇ ਵਿਅਕਤੀਆਂ ਨੂੰ ਇਸਲਾਮ ਧਰਮ ਸਬੰਧੀ ਮੁੱਢਲਾ ਅਤੇ ਵਿਸਥਾਰਪੂਰਵਕ ਗਿਆਨ ਪ੍ਰਾਪਤ ਕਰਨ ਦਾ ਮੌਕਾ ਮਿਲਦਾ ਹੈ।
ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਉਦੋਂ ਤੱਕ ਇਸਲਾਮ ਦੇ ਰਸਤੇ 'ਤੇ ਸਹੀ ਢੰਗ ਨਾਲ ਨਹੀਂ ਚੱਲ ਸਕਦਾ, ਜਦੋਂ ਤੱਕ ਉਸ ਦਾ ਆਪਣੇ ਧਰਮ ਪ੍ਰਤੀ ਗਿਆਨ ਮਜ਼ਬੂਤ ਨਹੀਂ ਹੁੰਦਾ। ਇਸੇ ਮਕਸਦ ਨਾਲ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਤਬਲੀਗੀ ਇਜਤਮਾ ਕਰਵਾਏ ਜਾਂਦੇ ਹਨ, ਜਿੱਥੇ ਲੋਕਾਂ ਨੂੰ ਬੁਰਾਈਆਂ ਤੋਂ ਦੂਰ ਰਹਿਣ, ਨੇਕ ਜੀਵਨ ਬਤੀਤ ਕਰਨ ਅਤੇ ਧਾਰਮਿਕ ਸਿੱਖਿਆਵਾਂ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾਉਣ ਦਾ ਸੰਦੇਸ਼ ਦਿੱਤਾ ਜਾਂਦਾ ਹੈ।
ਮੌਲਾਨਾ ਸਾਹਿਬ ਨੇ ਇਸਲਾਮ ਨੂੰ ਮਾਨਵਤਾ ਦੀ ਭਲਾਈ ਲਈ ਰੱਬ ਵੱਲੋਂ ਦਿੱਤੇ ਅਸੂਲਾਂ ਦਾ ਧਰਮ ਦੱਸਦਿਆਂ ਹਜ਼ਰਤ ਮੁਹੰਮਦ ਸਾਹਿਬ (ਸੱਲ.) ਅਤੇ ਵੱਖ-ਵੱਖ ਨਬੀਆਂ ਤੇ ਪੈਗੰਬਰਾਂ ਦੀਆਂ ਸਿੱਖਿਆਵਾਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਇੱਕ ਰੱਬ 'ਤੇ ਯਕੀਨ ਅਤੇ ਭਰੋਸਾ ਰੱਖਣਾ ਅਤੇ ਪੈਗੰਬਰ-ਏ-ਇਸਲਾਮ ਹਜ਼ਰਤ ਮੁਹੰਮਦ ਸਾਹਿਬ ਦੀ ਜ਼ਿੰਦਗੀ ਨੂੰ ਆਪਣੇ ਲਈ ਨਮੂਨਾ ਬਣਾਉਣਾ ਹਰ ਮਨੁੱਖ ਲਈ ਜ਼ਰੂਰੀ ਹੈ। ਉਨ੍ਹਾਂ ਦੇ ਸ਼ਬਦਾਂ ਵਿੱਚ, ਹਜ਼ਰਤ ਮੁਹੰਮਦ ਸਾਹਿਬ (ਸੱਲ.) ਦੀ ਜ਼ਿੰਦਗੀ ਸਮੁੱਚੀ ਮਨੁੱਖਤਾ ਲਈ ਇੱਕ ਨਮੂਨਾ ਹੈ ਅਤੇ ਇਸ ਤੋਂ ਬਿਨਾਂ ਕਿਸੇ ਵੀ ਮਨੁੱਖ ਦੀ ਕਾਮਯਾਬੀ ਸੰਭਵ ਨਹੀਂ ਹੈ।
ਉਨ੍ਹਾਂ ਅੱਗੇ ਕਿਹਾ ਕਿ ਤਬਲੀਗੀ ਜਮਾਤ ਵਿੱਚ ਜਾਣ ਅਤੇ ਅਜਿਹੇ ਧਾਰਮਿਕ ਸੰਮੇਲਨ ਕਰਵਾਉਣ ਦਾ ਮੁੱਖ ਮਕਸਦ ਲੋਕਾਂ ਨੂੰ ਅੱਲ੍ਹਾ ਨੂੰ ਰਾਜ਼ੀ ਕਰਨ, ਪੰਜ ਵਕਤ ਦੀ ਨਮਾਜ਼ ਦੀ ਪਾਬੰਦੀ ਕਰਨ, ਕੁਰਆਨ ਸ਼ਰੀਫ਼ ਅਤੇ ਹਦੀਸਾਂ ਦਾ ਗਿਆਨ ਹਾਸਲ ਕਰਨ ਅਤੇ ਪੈਗੰਬਰ-ਏ-ਇਸਲਾਮ ਦੀ ਜੀਵਨੀ ਅਨੁਸਾਰ ਆਪਣੀ ਜ਼ਿੰਦਗੀ ਗੁਜ਼ਾਰਨ ਲਈ ਪ੍ਰੇਰਿਤ ਕਰਨਾ ਹੈ।
ਇਸ ਤਿੰਨ ਰੋਜ਼ਾ ਇਜਤਮਾ ਦੌਰਾਨ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਧਰਮ ਪ੍ਰਚਾਰ, ਆਪਸੀ ਭਾਈਚਾਰਕ ਸਾਂਝ ਮਜ਼ਬੂਤ ਕਰਨ ਅਤੇ ਲੋਕਾਂ ਨੂੰ ਅੱਲ੍ਹਾ ਦੇ ਹੁਕਮਾਂ ਤੇ ਹਜ਼ਰਤ ਮੁਹੰਮਦ ਸਾਹਿਬ ਦੇ ਤਰੀਕਿਆਂ ਅਨੁਸਾਰ ਜੀਵਨ ਬਤੀਤ ਕਰਨ ਲਈ ਪ੍ਰੇਰਿਤ ਕਰਨ ਵਾਸਤੇ 35 ਦੇ ਕਰੀਬ ਜਮਾਤਾਂ ਨੂੰ ਚਿੱਲਾ ਅਤੇ ਚਾਰ ਮਹੀਨਿਆਂ ਲਈ ਰਵਾਨਾ ਕੀਤਾ ਗਿਆ। ਇਨ੍ਹਾਂ ਜਮਾਤਾਂ ਵਿੱਚ ਜਾਣ ਵਾਲੇ ਮੈਂਬਰਾਂ ਨੂੰ ਆਪਣੇ ਸਫ਼ਰ ਅਤੇ ਰਹਿਣ-ਸਹਿਣ ਦਾ ਖਰਚਾ ਖੁਦ ਚੁੱਕਣਾ ਪੈਂਦਾ ਹੈ।
ਤਿੰਨ ਰੋਜ਼ਾ ਇਜਤਮਾ ਦੌਰਾਨ ਮੌਲਾਨਾ ਮੁਹੰਮਦ ਇਕਬਾਲ ਸਾਹਿਬ ਭਾਈ ਮੁਹੰਮਦ ਆਜਾ਼ਾਦ ਸਾਹਿਬ,ਮੌਲਾਨਾ ਮੁਫ਼ਤੀ ਆਸਿਫ਼, ਮੁਹੰਮਦ ਹਾਰੂਨ ਅਤੇ ਮੁਫ਼ਤੀ ਮੁਹੰਮਦ ਅਮਜ਼ਦ ਸਹਿਬ ਸਮੇਤ ਹੋਰ ਧਾਰਮਿਕ ਸ਼ਖ਼ਸੀਅਤਾਂ ਨੇ ਵੱਡੀ ਗਿਣਤੀ ਵਿੱਚ ਪਹੁੰਚੇ ਲੋਕਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਸਾਦਗੀ ਭਰੇ ਇਸਲਾਮੀ ਤਰੀਕੇ ਨਾਲ ਕਈ ਜੋੜਿਆਂ ਦੇ ਨਿਕਾਹ ਕਰਵਾਏ ਗਏ। ਇਸ ਤੋਂ ਇਲਾਵਾ ਵਿਦਿਆਰਥੀਆਂ, ਨੌਕਰੀਪੇਸ਼ਾ ਲੋਕਾਂ, ਪੜ੍ਹੇ-ਲਿਖੇ ਨੌਜਵਾਨਾਂ, ਵਕੀਲਾਂ, ਅਧਿਆਪਕਾਂ, ਡਾਕਟਰਾਂ ਅਤੇ ਹੋਰ ਵਿਸ਼ੇਸ਼ ਵਰਗਾਂ ਲਈ ਵੱਖਰੇ ਪ੍ਰੋਗਰਾਮ ਕਰਵਾਏ ਗਏ। ਪੁਰਾਣੇ ਸਾਥੀਆਂ ਅਤੇ ਚਾਰ ਮਹੀਨੇ ਜਮਾਤ ਵਿੱਚ ਸਮਾਂ ਲਗਾ ਕੇ ਪਰਤੇ ਸਾਥੀਆਂ ਦਾ ਆਪਸੀ ਮਿਲਾਪ ਵੀ ਕਰਵਾਇਆ ਗਿਆ। ਔਰਤਾਂ ਵਿੱਚ ਧਾਰਮਿਕ ਸਿੱਖਿਆ ਅਤੇ ਦੀਨ ਦੀ ਸਮਝ ਕਿਵੇਂ ਪੈਦਾ ਕੀਤੀ ਜਾਵੇ, ਇਸ ਸਬੰਧੀ ਵੀ ਵਿਸ਼ੇਸ਼ ਪ੍ਰੋਗਰਾਮ ਉਲੀਕੇ ਗਏ।
ਇਜਤਮਾ ਵਿੱਚ ਆਉਣ ਵਾਲੇ ਲੋਕਾਂ ਦੀ ਵੱਡੀ ਗਿਣਤੀ ਨੂੰl ਦੇਖਦਿਆਂ ਪ੍ਰਬੰਧਕਾਂ ਵੱਲੋਂ ਸ਼ਹਿਰ ਦੇ ਵੱਖ-ਵੱਖ ਸਥਾਨਾਂ 'ਤੇ ਪਾਰਕਿੰਗ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ। ਇਸ ਤੋਂ ਇਲਾਵਾ ਖਾਣੇ ਦੀਆਂ ਸਟਾਲਾਂ, ਆਰਜ਼ੀ ਪਖਾਨੇ, ਮੁੱਢਲੀ ਸਹਾਇਤਾ ਲਈ ਹਲੀਮਾ ਹਸਪਤਾਲ ਵੱਲੋਂ ਮੁਫ਼ਤ ਡਿਸਪੈਂਸਰੀਆਂ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਸੀ। ਨੌਜਵਾਨਾਂ ਅਤੇ ਸਮਾਜ ਸੇਵੀ ਲੋਕਾਂ ਵੱਲੋਂ ਆਉਣ ਵਾਲੇ ਸ਼ਰਧਾਲੂਆਂ ਦੀ ਸੇਵਾ ਲਈ ਚਾਹ, ਕੌਫ਼ੀ, ਅੰਡੇ ,ਬਰੈੱਡ-ਪਕੌੜੇ, ਕੜਾਹ ਅਤੇ ਹੋਰ ਖਾਣ-ਪੀਣ ਦੀਆਂ ਵੱਖ-ਵੱਖ ਵਸਤਾਂ ਦੇ ਲੰਗਰ ਲਗਾਏ ਗਏ, ਜਿੱਥੇ ਸੇਵਾਦਾਰਾਂ ਨੇ ਦਿਲ ਖੋਲ੍ਹ ਕੇ ਸੇਵਾ ਨਿਭਾਈ।
ਇਜਤਮਾ ਦੇ ਆਖਰੀ ਦਿਨ ਦੁਆ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਲਈ ਇਲਾਕੇ ਦੀਆਂ ਕਈ ਵਿਦਿਅਕ ਸੰਸਥਾਵਾਂ, ਉਦਯੋਗਿਕ ਅਦਾਰਿਆਂ ਅਤੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਸਮੇਤ ਸਬਜ਼ੀ ਮੰਡੀ ਦੀਆਂ ਦੁਕਾਨਾਂ ਵੀ ਬੰਦ ਰਹੀਆਂ। ਦੁਆ ਤੋਂ ਪਹਿਲਾਂ ਹੀ ਵੱਡੀ ਗਿਣਤੀ ਵਿੱਚ ਲੋਕ ਇਜਤਮਾ ਸਥਾਨ 'ਤੇ ਪਹੁੰਚਣੇ ਸ਼ੁਰੂ ਹੋ ਗਏ ਸਨ। ਭੀੜ ਇੰਨੀ ਜ਼ਿਆਦਾ ਸੀ ਕਿ ਸੜਕਾਂ ਅਤੇ ਨਜ਼ਦੀਕੀ ਮੁਹੱਲਿਆਂ ਦੇ ਘਰਾਂ ਦੀਆਂ ਛੱਤਾਂ ਤੱਕ ਲੋਕਾਂ ਨਾਲ ਭਰੀਆਂ ਨਜ਼ਰ ਆਈਆਂ।
ਦੂਜੇ ਪਾਸੇ, ਹਜ਼ਾਰਾਂ ਲੋਕਾਂ ਦੀ ਆਮਦ ਨੂੰ ਦੇਖਦਿਆਂ ਸੂਬਾ ਸਰਕਾਰ ਅਤੇ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ। ਪਿਛਲੇ ਕਰੀਬ ਇੱਕ ਹਫ਼ਤੇ ਤੋਂ ਪੁਲਿਸ ਵੱਲੋਂ ਵਿਸ਼ੇਸ਼ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ। ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਕਮਲਪ੍ਰੀਤ ਸਿੰਘ ਖੱਖ ਦੀਆਂ ਹਦਾਇਤਾਂ ਅਨੁਸਾਰ ਡੀਐਸਪੀ ਮਾਨਵਜੀਤ ਸਿੰਘ ਸਿਧੂ ਵੱਲੋਂ ਪੁਲਿਸ ਅਧਿਕਾਰੀਆਂ ਵੱਲੋਂ ਸੁਰੱਖਿਆ ਪ੍ਰਬੰਧਾਂ ਦੀ ਖੁਦ ਨਿਗਰਾਨੀ ਕੀਤੀ ਜਾ ਰਹੀ ਸੀ, ਤਾਂ ਜੋ ਇੰਨੇ ਵੱਡੇ ਇਕੱਠ ਦੇ ਬਾਵਜੂਦ ਸਮੁੱਚਾ ਸਮਾਗਮ ਸ਼ਾਂਤਮਈ ਢੰਗ ਨਾਲ ਨੇਪਰੇ ਚੜ੍ਹ ਸਕੇ।
ਇਸ ਤਰ੍ਹਾਂ ਤਿੰਨ ਦਿਨ ਚੱਲਿਆ ਇਹ ਵਿਸ਼ਾਲ ਧਾਰਮਿਕ ਸੰਮੇਲਨ ਨਾ ਸਿਰਫ਼ ਧਾਰਮਿਕ ਸਿੱਖਿਆ ਅਤੇ ਰੂਹਾਨੀਅਤ ਦਾ ਸੰਦੇਸ਼ ਦੇ ਕੇ ਸਮਾਪਤ ਹੋਇਆ, ਸਗੋਂ ਮਾਲੇਰਕੋਟਲਾ ਦੀ ਆਪਸੀ ਭਾਈਚਾਰਕ ਸਾਂਝ, ਸਹਿਯੋਗ, ਸੇਵਾ ਭਾਵਨਾ ਅਤੇ ਅਮਨ-ਸ਼ਾਂਤੀ ਦੀ ਪ੍ਰੰਪਰਾ ਨੂੰ ਵੀ ਇੱਕ ਵਾਰ ਫਿਰ ਉਜਾਗਰ ਕਰ ਗਿਆ।
- Download Babushahi App
-
-